Gurmeet-Singh-Khuddian

ਪੀ.ਯੂ. ਦੀ ਸੈਨੇਟ ਅਤੇ ਸਿੰਡੀਕੇਟ ਭੰਗ ਕਰਨਾ ਕੇਂਦਰ ਸਰਕਾਰ ਦਾ ਤਾਨਾਸ਼ਾਹੀ ਫੈਸਲਾ : ਖੁੱਡੀਆਂ

ਸ੍ਰੀ ਅਨੰਦਪੁਰ ਸਾਹਿਬ, 1 ਨਵੰਬਰ : ਕੇਂਦਰ ਸਰਕਾਰ ਵੱਲੋਂ ਪੰਜਾਬ ਯੂਨੀਵਰਸਿਟੀ ਦੀ ਕਰੀਬ 6 ਦਹਾਕੇ ਪੁਰਾਣੀ ਸੈਨੇਟ ਅਤੇ ਸਿੰਡੀਕੇਟ ਨੂੰ ਤਾਨਾਸ਼ਾਹੀ ਢੰਗ ਨਾਲ ਭੰਗ ਕਰਨ ਦੇ ਫੈਸਲੇ ਦੀ ਖੇਤੀਬਾੜੀ ਮੰਤਰੀ ਪੰਜਾਬ ਗੁਰਮੀਤ ਸਿੰਘ ਖੁੱਡੀਆਂ ਨੇ ਸਖਤ ਸ਼ਬਦਾਂ ’ਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਹੈ ਕੇ ਕੇਂਦਰ ਸਰਕਾਰ ਦਾ ਇਹ ਫੈਸਲਾ ਪੰਜਾਬ ਦੀ ਗੌਰਵਮਈ ਤਹਿਜੀਬ ਤੇ ਬੌਧਿਕਤਾ ਉਪਰ ਸਿੱਧਾ ਹਮਲਾ ਅਤੇ ਸਿਆਸੀ ਵਿਤਕਰੇਬਾਜ਼ੀ ਦਾ ਸਬੂਤ ਹੈ।

ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦਿਵਸ ਦੇ ਮੌਕੇ ਪੰਜਾਬ ਨਾਲ ਕੀਤੇ ਇਸ ਇਤਿਹਾਸਕ ਵਿਤਕਰੇ ਦਾ ਪੰਜਾਬ ਦੇ ਲੋਕ ਮੂੰਹ ਤੋੜਵਾਂ ਜਵਾਬ ਦੇਣਗੇ। ਉਨ੍ਹਾਂ ਕਿਹਾ ਕਿ ਕੇਂਦਰ ਨੇ ਇਸ ਦਿਹਾੜੇ ’ਤੇ ਆਪਣੀ ਵਿਤਕਰੇਬਾਜ਼ੀ ਭਰਪੂਰ ਸਿਆਸਤ ਦਾ ਮੁਜ਼ਾਹਰਾ ਕਰ ਕੇ ਪੰਜਾਬ ਵਿਰੋਧੀ ਹੋਣ ਦਾ ਪ੍ਰਤੱਖ ਸਬੂਤ ਦਿੱਤਾ ਹੈ।

ਇਸ ਸਾਜਿਸ਼ ਪਿੱਛੇ ਪੰਜਾਬ ਯੂਨੀਵਰਸਿਟੀ ਦਾ ਕੇਂਦਰੀਕਰਨ ਕਰਨ ਦਾ ਲੁਕਵਾਂ ਏਜੰਡਾ ਛੁਪਿਆ ਹੋਇਆ ਹੈ। ਅਜਿਹੀ ਸਥਿਤੀ ’ਚ ਸੂਬੇ ਦੇ ਫੈੱਡਰਲਿਜ਼ਮ ਅਤੇ ਅਧਿਕਾਰਾਂ ਨੂੰ ਧੱਕੇ ਨਾਲ ਦਬਾਉਣ ਅਤੇ ਕਬਜ਼ਾ ਕਰਨ ਦੀ ਨੀਤੀ ਹੈ। ਪੰਜਾਬ ਸਰਕਾਰ ਇਸ ਕਦਮ ਨੂੰ ਬਿਲਕੁਲ ਬਰਦਾਸਤ ਨਹੀਂ ਕਰੇਗੀ ਅਤੇ ਇਸ ਦਾ ਵਿਰੋਧ ਲੀਗਲ ਅਤੇ ਜਨਤਕ ਮੰਚ ’ਤੇ ਵੱਡੇ ਪੱਧਰ ’ਤੇ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਨਾ ਤਾਂ ਕੇਂਦਰ ਦੀ ਨਿੱਜੀ ਮਲਕੀਅਤ ਹੈ ਅਤੇ ਨਾ ਹੀ ਇਸ ’ਤੇ ਉਸ ਦਾ ਕੋਈ ਬੁਨਿਆਦੀ ਹੱਕ ਬਣਦਾ ਹੈ। ਪਿਛਲੀਆਂ ਸੈਨੇਟ ਚੋਣਾਂ ਵਿਚ ਗ੍ਰੈਜੂਏਟ ਹਲਕੇ ਲਈ ਪੰਜਾਬ ਦੇ ਲੋਕਾਂ ਨੇ ਸਾਰੀਆਂ ਸੀਟਾਂ ਜਿੱਤ ਕੇ ਆਪਣੇ ਨੁਮਾਇੰਦੇ ਚੁਣੇ ਸਨ, ਜੋ ਕਿ ਲੋਕਾਂ ਦਾ ਸਪੱਸ਼ਟ ਫਤਵਾ ਸੀ।

ਉਨ੍ਹਾਂ ਕਿਹਾ ਕਿ ਪੰਜਾਬ ਭਾਜਪਾ ਦੀ ਲੀਡਰਸ਼ਿਪ ਨੂੰ ਇਸ ਫੈਸਲੇ ਪ੍ਰਤੀ ਆਪਣਾ ਪੱਖ ਤੁਰੰਤ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਹ ਇਸ ਮਾਮਲੇ ’ਚ ਕੇਂਦਰ ਨਾਲ ਖੜ੍ਹੇ ਹਨ ਜਾਂ ਪੰਜਾਬ ਨਾਲ।

Read More : ਆਂਧਰਾ ਪ੍ਰਦੇਸ਼ ’ਚ ਕਾਸ਼ੀਬੁੱਗਾ ਦੇ ਮੰਦਰ ’ਚ ਭਗਦੜ, 9 ਲੋਕਾਂ ਦੀ ਮੌਤ

Leave a Reply

Your email address will not be published. Required fields are marked *