ਪੋਸਟਮਾਰਟਮ ’ਚ ਗਲਾ ਘੁੱਟਣ ਕਾਰਨ ਹੋਈ ਮੌਤ ਦੀ ਪੁਸ਼ਟੀ
ਜਬਰ ਜ਼ਨਾਹ ਦੀ ਨਹੀਂ ਹੋਈ ਪੁਸ਼ਟੀ, ਸਵੈਬ ਅਤੇ ਵਿਸਰਾ ਰਿਪੋਰਟ ਤੋਂ ਹੋਵੇਗਾ ਖੁਲਾਸਾ
ਬਠਿੰਡਾ,17 ਜੂਨ :-ਸੋਸ਼ਲ ਮੀਡੀਆ ਇਨਫੂਲੈਂਅਸਰ ਕੰਚਨ ਕੁਮਾਰੀ ਉਰਫ ਕਮਲ ਕੌਰ ਦੇ ਕਤਲ ਮਾਮਲੇ ’ਚ ਪੋਸਟਮਾਰਟਮ ਰਿਪੋਰਟ ਸਾਹਮਣੇ ਆਈ ਹੈ। ਰਿਪੋਰਟ ’ਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਉਸ ਦੀ ਮੌਤ ਗਲਾ ਘੁੱਟਣ ਕਾਰਨ ਹੋਈ ਹੈ। ਹਾਲਾਂਕਿ, ਮ੍ਰਿਤਕ ਦੇ ਸਰੀਰ ’ਤੇ ਕੁਝ ਸ਼ੱਕੀ ਨਿਸ਼ਾਨ ਮਿਲਣ ਦੇ ਬਾਵਜੂਦ, ਜਬਰ ਜ਼ਨਾਹ ਦੀ ਪੁਸ਼ਟੀ ਨਹੀਂ ਹੋ ਸਕੀ।
ਪੁਲਸ ਦਾ ਕਹਿਣਾ ਹੈ ਕਿ ਸਵੈਬ ਅਤੇ ਵਿਸੇਰਾ ਦੇ ਨਮੂਨਿਆਂ ਦੀ ਫੋਰੈਂਸਿਕ ਰਿਪੋਰਟ ਆਉਣ ਤੋਂ ਬਾਅਦ ਹੀ ਇਸ ਸਬੰਧ ’ਚ ਕੋਈ ਅੰਤਿਮ ਸਿੱਟਾ ਕੱਢਿਆ ਜਾ ਸਕਦਾ ਹੈ। ਕਮਲ ਕੌਰ ਦਾ ਪੋਸਟਮਾਰਟਮ 12 ਜੂਨ ਨੂੰ ਸਿਵਲ ਹਸਪਤਾਲ ਬਠਿੰਡਾ ’ਚ ਤਿੰਨ ਸਰਕਾਰੀ ਡਾਕਟਰਾਂ ਦੇ ਪੈਨਲ ਦੁਆਰਾ ਕੀਤਾ ਗਿਆ ਸੀ। ਮੁੱਢਲੀ ਪੋਸਟਮਾਰਟਮ ਰਿਪੋਰਟ ’ਚ ਮੌਤ ਦਾ ਕਾਰਨ ਗਲਾ ਘੁੱਟਣਾ ਦੱਸਿਆ ਗਿਆ ਹੈ।
ਰਿਪੋਰਟ ’ਚ ਲਿਖਿਆ ਹੈ ਕਿ ਮ੍ਰਿਤਕ ਦੇ ਪੱਟ ਅਤੇ ਗੁਪਤ ਅੰਗ ਦੇ ਨੇੜੇ ਕੁਝ ਸ਼ੱਕੀ ਨਿਸ਼ਾਨ ਮਿਲੇ ਹਨ ਪਰ ਇਹ ਸਪੱਸ਼ਟ ਨਹੀਂ ਹੈ ਕਿ ਉਹ ਨਿਸ਼ਾਨ ਜਿਣਸੀ ਸ਼ੋਸ਼ਣ ਕਾਰਨ ਹਨ ਜਾਂ ਕਿਸੇ ਹੋਰ ਕਾਰਨ ਕਰ ਕੇ। ਪੁਲਸ ਅਧਿਕਾਰੀ ਐੱਸ.ਪੀ. ਸਿਟੀ ਨਰਿੰਦਰ ਸਿੰਘ ਦੇ ਅਨੁਸਾਰ ਮ੍ਰਿਤਕਾ ਦੇ ਸਵੈਬ ਅਤੇ ਵਿਸੇਰਾ ਦੇ ਨਮੂਨੇ ਨੂੰ ਫੋਰੈਂਸਿਕ ਲੈਬ ਵਿਚ ਭੇਜਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਵਿਸੇਰਾ ਰਿਪੋਰਟ ਆਉਣ ਤੋਂ ਬਾਅਦ ਇਹ ਸਪੱਸ਼ਟ ਹੋ ਜਾਵੇਗਾ ਕਿ ਮ੍ਰਿਤਕਾ ਨੂੰ ਨਸ਼ੇ ਵਾਲਾ ਪਦਾਰਥ ਦੇ ਕੇ ਮਾਰਿਆ ਗਿਆ ਸੀ ਜਾਂ ਉਸ ਨੂੰ ਕਿਸੇ ਵੀ ਤਰ੍ਹਾਂ ਸਰੀਰਕ ਤੌਰ ’ਤੇ ਪ੍ਰੇਸ਼ਾਨ ਕੀਤਾ ਗਿਆ ਸੀ। ਇਸ ਕਤਲ ਕੇਸ ਵਿਚ ਨਿਹੰਗ ਅੰਮ੍ਰਿਤਪਾਲ ਸਿੰਘ ਮਹਿਰੋਂ ਅਤੇ ਉਸ ਦੇ ਸਾਥੀਆਂ ਦੇ ਨਾਂ ਹਨ।
ਪੁਲਸ ਟੀਮਾਂ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕਰ ਰਹੀਆਂ ਹਨ। ਪੁਲਸ ਦਾ ਕਹਿਣਾ ਹੈ ਕਿ ਜਿਵੇਂ ਹੀ ਫੋਰੈਂਸਿਕ ਰਿਪੋਰਟ ਆਵੇਗੀ, ਜਾਂਚ ਦੀ ਦਿਸ਼ਾ ਹੋਰ ਸਪੱਸ਼ਟ ਹੋ ਜਾਵੇਗੀ।
Read More : ਸਚਿਨ ਮਹਿਰਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ