judicial custody

ਡੀ.ਆਈ.ਜੀ. ਭੁੱਲਰ ਅਤੇ ਵਿਚੋਲੇ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਭੇਜਿਆ

ਬੀਤੇ ਦਿਨ ਸੀ.ਬੀ.ਆਈ. ਦੀਆਂ 8 ਟੀਮਾਂ ਨੇ ਅੰਬਾਲਾ, ਮੋਹਾਲੀ, ਚੰਡੀਗੜ੍ਹ ਤੇ ਰੋਪੜ ਸਮੇਤ 7 ਥਾਵਾਂ ‘ਤੇ ਛਾਪੇ ਮਾਰੇ

ਚੰਡੀਗੜ੍ਹ, 17 ਅਕਤੂਬਰ : ਸੀ.ਬੀ.ਆਈ. ਚੰਡੀਗੜ੍ਹ ਨੇ ਵੀਰਵਾਰ ਨੂੰ ਪੰਜਾਬ ਪੁਲਿਸ ਦੇ ਰੋਪੜ ਰੇਂਜ ਦੇ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਨੂੰ ਇਕ ਸਕ੍ਰੈਪ ਡੀਲਰ ਤੋਂ 8 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਸੀ। ਅੱਜ ਭੁੱਲਰ ਨੂੰ ਸੀ.ਬੀ.ਆਈ. ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਅਤੇ ਵਿਚੋਲੇ ਦੋਵਾਂ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ। ਪੇਸ਼ੀ ਤੋਂ ਪਹਿਲਾਂ ਉਨ੍ਹਾਂ ਦਾ ਮੈਡੀਕਲ ਕਰਵਾਇਆ ਗਿਆ।

ਡੀ.ਆਈ.ਜੀ. ਨੇ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਅਦਾਲਤ ਇਨਸਾਫ਼ ਕਰੇਗੀ। ਘਰ ਵਿਚ ਮਿਲੀ ਨਕਦ ਰਕਮ, ਸੰਪਤੀ ਅਤੇ ਗਹਿਣਿਆਂ ਦਾ ਜਵਾਬ ਅਸੀਂ ਦੇਵਾਂਗੇ। ਉਨ੍ਹਾਂ ਕਿਹਾ ਕਿ ਮੈਂ ਆਪਣਾ ਪੱਖ ਅਦਾਲਤ ਵਿਚ ਰੱਖਾਂਗਾ। ਵਿਚੋਲੇ ਅਤੇ ਡੀ.ਆਈ.ਜੀ. ਦੋਵਾਂ ਨੂੰ ਸੀ.ਬੀ.ਆਈ. ਦੀ ਵਿਸ਼ੇਸ਼ ਜੱਜ ਅਲਕਾ ਮੁਲਕ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ।

ਸੀ.ਬੀ.ਆਈ. ਚੰਡੀਗੜ੍ਹ ਦੀਆਂ 8 ਟੀਮਾਂ ਨੇ ਵੀਰਵਾਰ ਨੂੰ ਅੰਬਾਲਾ, ਮੋਹਾਲੀ, ਚੰਡੀਗੜ੍ਹ ਤੇ ਰੋਪੜ ਸਮੇਤ 7 ਥਾਵਾਂ ‘ਤੇ ਛਾਪੇ ਮਾਰੇ। ਡੀ.ਆਈ.ਜੀ. ਭੁੱਲਰ ਦੇ ਦਫ਼ਤਰ, ਘਰ, ਫਾਰਮ ਹਾਊਸ ਤੇ ਹੋਰ ਥਾਵਾਂ ਦੀ ਤਲਾਸ਼ੀ ਲਈ ਗਈ। ਮੋਹਾਲੀ ਵਿਖੇ ਕੰਪਲੈਕਸ ਦਫ਼ਤਰ ਤੇ ਚੰਡੀਗੜ੍ਹ ਸੈਕਟਰ-40 ਦੇ ਮਕਾਨ ਨੰਬਰ 1489 ‘ਤੇ ਸੀ.ਬੀ.ਆਈ. ਦੀ ਟੀਮ ਸਵੇਰੇ ਤੋਂ ਹੀ ਰਿਸ਼ਵਤ ਮਾਮਲੇ ਦੀ ਜਾਂਚ ਕਰਦੀ ਰਹੀ।

ਸੀ.ਬੀ.ਆਈ. ਨੇ ਇਸ ਮਾਮਲੇ ਵਿੱਚ ਭੁੱਲਰ ਦੇ ਵਿਚੋਲੇ ਕ੍ਰਿਸ਼ਨੂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ, ਜੋ ਡੀ.ਆਈ.ਜੀ. ਦੇ ਕਹਿਣ ‘ਤੇ ਸਕ੍ਰੈਪ ਡੀਲਰ ਕੋਲੋਂ ਉਸ ਦੇ ਖ਼ਿਲਾਫ਼ ਦਰਜ ਐਫ.ਆਈ.ਆਰ. ‘ਤੇ ਕਾਰਵਾਈ ਨਾ ਕਰਨ ਦੇ ਬਦਲੇ ਹਰ ਮਹੀਨੇ ਮੰਥਲੀ ਵਸੂਲਣ ਜਾਂਦਾ ਸੀ। ਸੀ.ਬੀ.ਆਈ. ਚੰਡੀਗੜ੍ਹ ਦੇ ਐਂਟੀ ਕਰਪਸ਼ਨ ਬਿਊਰੋ ਨੇ ਵੀਰਵਾਰ ਨੂੰ ਬੀ.ਐੱਨ.ਐੱਸ.-2023 ਦੀ ਧਾਰਾ 61(2) ਅਤੇ ਪੀ.ਸੀ. ਐਕਟ 1988 ਦੀਆਂ ਧਾਰਾਵਾਂ 7 ਤੇ 7ਏ ਹੇਠ ਮਾਮਲਾ ਦਰਜ ਕੀਤਾ ਹੈ।

Read More : ਮੁਸਲਮਾਨ ਮਹਿਲਾ ਪੁਲਸ ਅਧਿਕਾਰੀ ਨੇ ਲਾਏ ‘ਜੈ ਸ਼੍ਰੀ ਰਾਮ’ ਦੇ ਨਾਅਰੇ

Leave a Reply

Your email address will not be published. Required fields are marked *