ਲੋਕਾਂ ’ਚ ਦਹਿਸ਼ਤ ਦਾ ਮਾਹੌਲ
ਮੁਕੇਰੀਆਂ, 24 ਅਗਸਤ : ਮੁਕੇਰੀਆਂ ਦੇ ਕਸਬਾ ਭੰਗਾਲਾ ਨਜ਼ਦੀਕ ਬਿਆਸ ਦਰਿਆ ’ਤੇ ਬਣੇ ਧੁੱਸੀ ਬੰਨ੍ਹ ਵਿਚ ਕਈ ਥਾਵਾਂ ’ਤੇ ਪਾੜ ਪੈ ਜਾਣ ਨਾਲ ਬਿਆਸ ਕੰਢੇ ਵੱਸਦੇ ਪਿੰਡ ਸਨਿਆਲ, ਸਿੰਬਲੀ, ਹਲੇੜ ਜਨਾਰਦਨ, ਮੋਤਲਾ, ਕੋਲੀਆਂ, ਮਹਿਤਾਬਪੁਰ ਵਿਚ ਪਾਣੀ ਦਾਖਲ ਹੋ ਗਿਆ। ਜਿਸ ਨਾਲ ਬਿਆਸ ਕੰਡੇ ਵੱਸੇ ਪਿੰਡਾਂ ਵਿਚ ਹੜ੍ਹਾਂ ਦੇ ਹਾਲਾਤ ਬਣ ਗਏ ਹਨ।
ਇਸ ਮੌਕੇ ਸਾਬਕਾ ਸਰਪੰਚ ਕਿਸ਼ਨਪਾਲ ਸਿੰਘ, ਬਿੱਟੂ ਸਨਿਆਲ ਆਦਿ ਪਿੰਡ ਵਾਸੀਆਂ ਨੇ ਦੱਸਿਆ ਕਿ ਪਿਛਲੇ ਕਾਫੀ ਦਿਨਾਂ ਤੋਂ ਪੌਂਗ ਡੈਮ ਤਲਵਾੜਾ ਤੋਂ ਜੋ ਪਾਣੀ ਛੱਡਿਆ ਹੋਇਆ ਸੀ, ਉਸ ਨਾਲ ਸਥਿਤੀ ਕੰਟਰੋਲ ਵਿਚ ਸੀ ਪਰ ਅੱਜ ਪਠਾਨਕੋਟ, ਮੁਕੇਰੀਆਂ ਅਤੇ ਤਲਵਾੜਾ ਸਾਈਡ ਲਗਾਤਾਰ ਹੋ ਰਹੀ ਵਰਖਾ ਕਰ ਕੇ ਚੱਕੀ ਪੁਲ ਪਠਾਨਕੋਟ ਅਤੇ ਖੱਡਾਂ ਦੇ ਪਾਣੀ ਦਾ ਲੈਵਲ ਬਹੁਤ ਹੀ ਜ਼ਿਆਦਾ ਵਧ ਗਿਆ, ਜਿਸ ਕਾਰਨ ਬਿਆਸ ਦਰਿਆ ਕੰਢੇ ਬਣੀ ਧੁੱਸੀ ਬੰਨ੍ਹ ਵਿਚ ਪਿੰਡ ਸਨਿਆਲ ਅਤੇ ਕੋਲੀਆਂ ਤੋਂ ਮਹਿਤਾਬਪੁਰ ਵਿਚਕਾਰ ਕਈ ਥਾਵਾਂ ਤੋਂ ਪਾੜ ਪੈ ਗਿਆ।
ਜੇਕਰ ਪਾਣੀ ਲਗਾਤਾਰ ਵੱਧਦਾ ਗਿਆ ਤਾਂ ਪਿੰਡ ਸਨਿਆਲ, ਸੱਲੋਵਾਲ, ਹਲੇੜ ਜਨਾਰਦਨ, ਮੋਤਲਾ, ਕੋਲੀਆਂ , ਮਹਿਤਾਬਪੁਰ, ਮਿਆਣੀ ਮਲਾਹ ਵਿਚ ਹੜ੍ਹਾਂ ਵਰਗੀ ਸਥਿਤੀ ਪੈਦਾ ਹੋ ਜਾਵੇਗੀ ਅਤੇ ਪਾਣੀ ਭਾਰੀ ਨੁਕਸਾਨ ਕਰ ਸਕਦਾ ਹੈ। ਜਿਸ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪਵੇਗਾ। ਕਿਉਂਕਿ ਅਜੇ ਲੋਕਾਂ ਦੇ ਦਿਲਾਂ ਵਿਚੋਂ 2023 ਵਿਚ ਆਏ ਹੜ੍ਹਾਂ ਦਾ ਸਹਿਮ ਨਹੀਂ ਗਿਆ। ਹੁਣ ਫਿਰ ਉਹੀ ਹਾਲਾਤ ਬਣੇ ਪਏ ਹਨ।
ਉਨ੍ਹਾਂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕਰਦੇ ਕਿਹਾ ਕਿ ਧੁੱਸੀ ਬੰਨ੍ਹ ਨੂੰ ਉੱਚਾ ਕਰਨ ਦੇ ਨਾਲ-ਨਾਲ ਪੱਕਾ ਕੀਤਾ ਜਾਵੇ। ਤਾਂ ਜੋ ਆਏ ਸਾਲ ਹੜ੍ਹਾਂ ਦੇ ਪਾਣੀ ਤੋਂ ਇਨ੍ਹਾਂ ਪਿੰਡਾਂ ਅਤੇ ਫਸਲਾਂ ਨੂੰ ਬਚਾਇਆ ਜਾ ਸਕੇ। ਇੱਥੇ ਇਹ ਵਰਨਣ ਯੋਗ ਹੈ ਕਿ ਬਿਆਸ ਦਰਿਆ ਦੇ ਕੰਢੇ ਸਟੱਡ ਬਣਾਉਣ ਲਈ ਪੰਜਾਬ ਸਰਕਾਰ ਵੱਲੋਂ ਭੇਜੇ ਗਏ ਕਰੋੜਾਂ ਰੁਪਏ ਡਰੇਨ ਵਿਭਾਗ ਨੇ ਖਰਚੇ, ਪਰ ਇਨ੍ਹਾਂ ਪਿੰਡਾਂ ਨੂੰ ਕੋਈ ਲਾਭ ਨਹੀਂ ਹੋਇਆ।
ਮੌਕੇ ’ਤੇ ਪਹੁੰਚੇ ਥਾਣਾ ਮੁਖੀ ਮੁਕੇਰੀਆਂ ਜੋਗਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਪੂਰੇ ਪ੍ਰਬੰਧ ਕੀਤੇ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੀ ਜਾਨ ਮਾਲ ਦੀ ਰਾਖੀ ਕਰਦੇ ਹੋਏ ਹੇਠਲੀਆਂ ਥਾਵਾਂ ਨੂੰ ਛੱਡ ਕੇ ਪ੍ਰਸ਼ਾਸਨ ਵੱਲੋਂ ਬਣਾਏ ਗਏ ਫਲੱਡ ਸੈਂਟਰ ਵਿਚ ਪੁੱਜ ਜਾਣ।
Read More : ਹਿਮਾਚਲ ਪ੍ਰਦੇਸ਼ ਵਿਚ 3 ਦਿਨ ਲਗਾਤਾਰ ਮੀਂਹ ਦੀ ਚਿਤਾਵਨੀ
