ਨਵੀਂ ਦਿੱਲੀ, 9 ਅਕਤੂਬਰ : ਸਿਵਲ ਐਵੀਏਸ਼ਨ ਰੈਗੂਲੇਟਰੀ ਡੀ. ਜੀ. ਸੀ. ਏ. ਨੇ ਪਾਇਲਟ ਟ੍ਰੇਨਿੰਗ ’ਚ ਕਥਿਤ ਕਮੀਆਂ ਲਈ ਇੰਡੀਗੋ ’ਤੇ 20 ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ। ਕੰਪਨੀ ਇਸ ਫੈਸਲੇ ਨੂੰ ਚੁਣੌਤੀ ਦੇਣ ਦੀ ਯੋਜਨਾ ਬਣਾ ਰਹੀ ਹੈ।
ਇੰਡੀਗੋ ਨੇ ਦੱਸਿਆ ਕਿ ਉਸ ਨੂੰ 26 ਸਤੰਬਰ ਨੂੰ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀ. ਜੀ. ਸੀ. ਏ.) ਤੋਂ ਜੁਰਮਾਨੇ ਦੇ ਸਬੰਧ ’ਚ ਨੋਟਿਸ ਮਿਲਿਆ ਹੈ। ਕੰਪਨੀ ਸੂਚਨਾ ਅਨੁਸਾਰ 20 ਲੱਖ ਰੁਪਏ ਦਾ ਜੁਰਮਾਨਾ ‘ਸ਼੍ਰੇਣੀ ਸੀ ਹਵਾਈ ਅੱਡਿਆਂ ’ਤੇ ਪਾਇਲਟ ਟ੍ਰੇਨਿੰਗ ਲਈ ਯੋਗ ‘ਸਿਮੁਲੇਟਰ’ ਦੀ ਵਰਤੋਂ ਕਰਨ ’ਚ ਕਥਿਤ ਅਸਫਲਤਾ’ ਲਈ ਲਾਇਆ ਗਿਆ ਹੈ। ਆਮ ਤੌਰ ’ਤੇ ਸ਼੍ਰੇਣੀ ‘ਸੀ’ ਦੇ ਹਵਾਈ ਅੱਡਿਆਂ ਦੀ ਪਹੁੰਚ ਅਤੇ ਸੰਚਾਲਨ ਸਥਿਤੀਆਂ ਚੁਣੌਤੀਪੂਰਨ ਹੁੰਦੀਆਂ ਹਨ।
ਹਵਾਬਾਜ਼ੀ ਕੰਪਨੀ ਨੇ ਕਿਹਾ ਕਿ ਉਹ ਇਸ ਹੁਕਮ ਨੂੰ ਢੁੱਕਵੀਂ ਅਪੀਲੀਏ ਅਥਾਰਟੀ ਦੇ ਸਾਹਮਣੇ ਚੁਣੌਤੀ ਦੇਣ ’ਤੇ ਵਿਚਾਰ ਕਰ ਰਹੀ ਹੈ। ਇੰਡੀਗੋ ਨੇ ਕਿਹਾ ਕਿ ਇੰਟਰਨਲ ਕਮਿਊਨੀਕੇਸ਼ਨ ’ਚ ਦੇਰੀ ਕਾਰਨ ਜੁਰਮਾਨੇ ਦੀ ਜਾਣਕਾਰੀ ਦੇਣ ’ਚ ਇੰਨਾ ਸਮਾਂ ਲੱਗ ਗਿਆ। ਏਅਰਲਾਈਨ ਕੰਪਨੀ ਨੇ ਕਿਹਾ ਕਿ ਡੀ. ਜੀ. ਸੀ. ਏ. ਦੇ ਹੁਕਮ ਕਾਰਨ ਉਸ ਦੀ ਵਿੱਤੀ ਸਥਿਤੀ, ਸੰਚਾਲਨ ਜਾਂ ਹੋਰ ਗਤੀਵਿਧੀਆਂ ’ਤੇ ਕੋਈ ਪ੍ਰਭਾਵ ਨਹੀਂ ਪਵੇਗਾ।
Read More : ਕੇਦਾਰਨਾਥ ਯਾਤਰਾ : 16.56 ਲੱਖ ਤੋਂ ਪਾਰ ਹੀ ਸ਼ਰਧਾਲੂਆਂ ਦੀ ਗਿਣਤੀ