ਅੰਮ੍ਰਿਤਸਰ, 3 ਨਵੰਬਰ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ’ਤੇ ਗੁਰਧਾਮਾਂ ਦੇ ਦਰਸ਼ਨ ਕਰਨ ਵਾਸਤੇ 170 ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਲਈ ਰਵਾਨਾ ਕੀਤਾ ਗਿਆ। ਇਸ ਮੌਕੇ ਜਗਦੀਪ ਸਿੰਘ ਕਾਹਲੋਂ, ਕਮੇਟੀ ਦੇ ਸਲਾਹਕਾਰ ਪਰਮਜੀਤ ਸਿੰਘ ਚੰਢੋਕ ਅਤੇ ਜਥੇ ਦੀ ਅਗਵਾਈ ਕਰਨ ਵਾਲ਼ੇ ਮੈਂਬਰ ਰਮਿੰਦਰ ਸਿੰਘ ਸਵੀਟਾ ਨੇ ਹਾਜ਼ਰੀ ਭਰੀ।
ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਇਥੇ ਜਥਾ ਰਵਾਨਾ ਹੋਇਆ ਜੋ ਰਾਤ ਅੰਮ੍ਰਿਤਸਰ ਵਿਸ਼ਰਾਮ ਕਰੇਗਾ ਅਤੇ ਭਲਕੇ ਹੋਰਨਾਂ ਜੱਥਿਆਂ ਦੇ ਨਾਲ ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਵਿਚ ਦਾਖਲ ਹੋਵੇਗਾ।
ਪ੍ਰਧਾਨ ਹਰਮੀਤ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਅਾਪ੍ਰੇਸ਼ਨ ਸਿੰਧੂਰ ਤੋਂ ਬਾਅਦ ਭਾਰਤ ਸਰਕਾਰ ਨੇ ਪਾਕਿਸਤਾਨ ਜਥੇ ਭੇਜਣ ’ਤੇ ਪਾਬੰਦੀ ਲਗਾ ਦਿੱਤੀ ਸੀ। ਇਸ ਉਪਰੰਤ ਦਿੱਲੀ ਗੁਰਦੁਆਰਾ ਕਮੇਟੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲ ਪਹੁੰਚ ਕੀਤੀ ਅਤੇ ਉਨ੍ਹਾਂ ਨੂੰ ਸਿੱਖ ਸ਼ਰਧਾਲੂਆਂ ਦੀਆਂ ਭਾਵਨਾਵਾਂ ਤੋਂ ਜਾਣੂ ਕਰਵਾਇਆ ਤੇ ਉਨ੍ਹਾਂ ਨੂੰ ਲਿਖਤੀ ਮੰਗ ਪੱਤਰ ਵੀ ਦਿੱਤੇ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਸਿੱਖਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਜਥੇ ਭੇਜਣ ਦੀ ਇਜਾਜ਼ਤ ਦੇ ਦਿੱਤੀ। ਉਨ੍ਹਾਂ ਦੱਸਿਆ ਕਿ ਦਿੱਲੀ ਤੋਂ ਕੁੱਲ 170 ਸ਼ਰਧਾਲੂਆਂ ਨੇ ਆਪੋ ਆਪਣੇ ਪਾਸਪੋਰਟ ਵੀਜ਼ੇ ਅਪਲਾਈ ਕਰਨ ਵਾਸਤੇ ਦਿੱਤੇ ਸਨ ਤੇ ਸਾਰੇ ਦੇ ਸਾਰੇ 170 ਸ਼ਰਧਾਲੂਆਂ ਨੂੰ ਵੀਜ਼ੇ ਮਿਲ ਗਏ ਹਨ।
ਉਨ੍ਹਾਂ ਦੱਸਿਆ ਕਿ ਜਥੇ ਦੇ ਮੈਂਬਰ ਗੁਰਦੁਆਰਾ ਨਨਕਾਣਾ ਸਾਹਿਬ, ਪੰਜਾ ਸਾਹਿਬ ਤੇ ਕਰਤਾਰਪੁਰ ਸਾਹਿਬ ਸਮੇਤ ਸਾਰੇ ਪ੍ਰਮੁੱਖ ਗੁਰਧਾਮਾਂ ਦੇ ਦਰਸ਼ਨ ਕਰਨਗੇ। ਉਨ੍ਹਾਂ ਦੱਸਿਆ ਕਿ ਇਹ ਜਥਾ 10 ਦਿਨਾਂ ਦੇ ਦੌਰੇ ’ਤੇ ਪਾਕਿਸਤਾਨ ਜਾ ਰਿਹਾ ਹੈ ਜੋ 10 ਦਿਨਾਂ ਉਪਰੰਤ ਵਾਪਸ ਪਰਤ ਆਵੇਗਾ।
Read More : ਕੇਂਦਰ ਸਰਕਾਰ ਸੈਨੇਟ ਤੇ ਸਿੰਡੀਕੇਟ ਭੰਗ ਕਰਨ ਬਾਰੇ ਜਾਰੀ ਨੋਟੀਫਿਕੇਸ਼ਨ ਤੁਰੰਤ ਰੱਦ ਕਰੇ : ਪ੍ਰੋ ਚੰਦੂਮਾਜਰਾ
