ਤਲਵੰਡੀ ਸਾਬੋ, 27 ਦਸੰਬਰ : ਜ਼ਿਲਾ ਬਠਿੰਡਾ ਵਿਚ ਪਿੰਡ ਲੇਲੇਵਾਲਾ ਦੇ ਨੌਜਵਾਨ ਦੀ ਚਿੱਟੇ ਨਸ਼ੇ ਦੀ ਵੱਧ ਡੋਜ਼ ਕਾਰਨ ਮੌਤ ਹੋ ਗਈ। ਤਲਵੰਡੀ ਸਾਬੋ ਪੁਲਿਸ ਨੇ ਮ੍ਰਿਤਕ ਦੀ ਮਾਤਾ ਦੇ ਬਿਆਨਾਂ ਦੇ ਆਧਾਰ ’ਤੇ ਪਿੰਡ ਦੇ ਤਿੰਨ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰ ਕਰ ਲਿਆ ਹੈ।
ਮ੍ਰਿਤਕ ਨੌਜਵਾਨ ਹਿੰਮਤ ਸਿੰਘ (21) ਵਾਸੀ ਲੇਲੇਵਾਲਾ ਦੀ ਮਾਤਾ ਰਾਣੋ ਕੌਰ ਨੇ ਪੁਲਿਸ ਨੂੰ ਦੱਸਿਆ ਕਿ ਪਿੰਡ ਦੇ ਤਿੰਨ ਨੌਜਵਾਨ ਕਾਕੜ ਸਿੰਘ, ਗੁਰਪ੍ਰੀਤ ਸਿੰਘ ਅਤੇ ਰਾਜਾ ਸਿੰਘ ਉਸ ਦੇ ਪੁੱਤਰ ਹਿੰਮਤ ਸਿੰਘ ਨੂੰ ਇਹ ਕਹਿ ਕੇ ਘਰੋਂ ਲੈ ਗਏ ਕਿ ਉਨ੍ਹਾਂ ਦਾ ਕਿਸੇ ਨਾਲ ਝਗੜਾ ਹੋ ਗਿਆ ਹੈ, ਆਪਾਂ ਨਿਬੇੜਾ ਕਰਕੇ ਆਉਣਾ ਹੈ। ਕੁਝ ਸਮੇਂ ਬਾਅਦ ਉਹ ਤਿੰਨੇ ਨੌਜਵਾਨ ਕਥਿਤ ਨਸ਼ੇ ਦੀ ਹਾਲਤ ਵਿੱਚ ਵਾਪਸ ਉਨ੍ਹਾਂ ਦੇ ਘਰ ਆ ਕੇ ਕਹਿਣ ਲੱਗੇ ਕਿ ਹਿੰਮਤ ਸਿੰਘ ਦੀ ਹਾਲਤ ਠੀਕ ਨਹੀਂ ਹੈ, ਜਿਸ ਨੂੰ ਆਪਾਂ ਇਲਾਜ ਲਈ ਦਾਖਲ ਕਰਵਾਉਣਾ ਹੈ।
ਉਨ੍ਹਾਂ ਨੇ ਕਿਹਾ ਕਿ ਜਦ ਉਹ ਉਨ੍ਹਾਂ ਨਾਲ ਘਟਨਾ ਸਥਾਨ ’ਤੇ ਗਈ ਤਾਂ ਹਿੰਮਤ ਸਿੰਘ ਦੀ ਬਾਂਹ ਵਿੱਚ ਟੀਕਾ ਲੱਗਾ ਹੋਇਆ ਸੀ ਅਤੇ ਉਸ ਦੇ ਮੂੰਹ ਵਿੱਚੋਂ ਝੱਗ ਨਿਕਲ ਰਹੀ ਸੀ। ਸਾਰਾ ਪਰਿਵਾਰ ਹਿੰਮਤ ਸਿੰਘ ਨੂੰ ਸਿਵਲ ਹਸਪਤਾਲ ਤਲਵੰਡੀ ਸਾਬੋ ਲਿਆਇਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਰਾਣੋ ਕੌਰ ਨੇ ਦੋਸ਼ ਲਾਇਆ ਕਿ ਉਕਤ ਤਿੰਨਾਂ ਨੌਜਵਾਨ ਕਥਿਤ ਤੌਰ ’ਤੇ ਚਿੱਟਾ ਵੇਚਦੇ ਹਨ ਅਤੇ ਇੰਨ੍ਹਾਂ ਨੇ ਹੀ ਹਿੰਮਤ ਸਿੰਘ ਨੂੰ ਨਸ਼ੇ ’ਤੇ ਲਾਇਆ। ਉਸਨੇ ਕਿਹਾ ਕਿ ਮੁਲਜ਼ਮਾਂ ਵਿੱਚੋਂ ਇਕ ਨੇ ਉਨ੍ਹਾਂ ਨੂੰ ਫੋਨ ’ਤੇ ਹਿੰਮਤ ਤੋਂ ਪੈਸੇ ਲੈਣ ਦੀ ਗੱਲ ਵੀ ਆਖੀ। ਪੀੜਤ ਨੇ ਦੋਸ਼ ਲਾਇਆ ਕਿ ਉਕਤ ਵਿਅਕਤੀਆਂ ਨੇ ਉਸ ਦੇ ਪੁੱਤਰ ਹਿੰਮਤ ਸਿੰਘ ਦੇ ਨਸ਼ੇ ਦਾ ਟੀਕਾ ਲਗਾ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ।
ਤਲਵੰਡੀ ਸਾਬੋ ਪੁਲਿਸ ਨੇ ਰਾਜਾ ਸਿੰਘ, ਗੁਰਪ੍ਰੀਤ ਸਿੰਘ ਉਰਫ ਗਿਆਨੀ ਅਤੇ ਕਾਕੜ ਸਿੰਘ ਉਰਫ ਸੁਖਵਿੰਦਰ ਸਿੰਘ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ। ਦੂਜੇ ਪਾਸੇ ਡੀਐੱਸਪੀ ਤਲਵੰਡੀ ਸਾਬੋ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਵਿੱਚ ਤਿੰਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।
Read More : ਹੁਣ ਆਲੀਸ਼ਾਨ ਹੋਟਲਾਂ ‘ਚ ਠਹਿਰ ਸਕਣਗੇ ਹਰਿਆਣਾ ਦੇ ਵਿਧਾਇਕ

0clkbr