ਬਰਨਾਲਾ, 29 ਦਸੰਬਰ : ਜ਼ਿਲਾ ਬਰਨਾਲਾ ਦੇ ਪਿੰਡ ਛੀਨੀਵਾਲ ਕਲਾਂ ਦੇ ਇਕ ਨੌਜਵਾਨ ਦੀ ਕੈਨੇਡਾ ’ਚ ਮੌਤ ਹੋਣ ਦੀ ਖਬਰ ਹੈ। ਮ੍ਰਿਤਕ ਦੀ ਪਛਾਣ ਬਲਤੇਜ ਸਿੰਘ (24) ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਛੀਨੀਵਾਲ ਕਲਾਂ ਵਜੋਂ ਹੋਈ ਹੈ, ਜੋ ਰੋਜ਼ਗਾਰ ਦੀ ਭਾਲ ’ਚ ਕੈਨੇਡਾ ਗਿਆ ਸੀ ਅਤੇ ਇਸ ਵੇਲੇ ਸਰੀ ਸ਼ਹਿਰ ’ਚ ਰਹਿ ਰਿਹਾ ਸੀ।
ਮ੍ਰਿਤਕ ਦੇ ਪਿਤਾ ਜਗਤਾਰ ਸਿੰਘ ਤੇ ਮਾਤਾ ਪਰਮਿੰਦਰ ਕੌਰ ਨੇ ਦੱਸਿਆ ਕਿ ਬਲਤੇਜ ਸਿੰਘ ਸਾਡਾ ਇਕਲੌਤਾ ਪੁੱਤਰ ਸੀ। ਉਸ ਦੀ ਮੌਤ ਤੋਂ ਬਾਅਦ ਹੁਣ ਪਰਿਵਾਰ ਅੱਗੇ ਸਭ ਤੋਂ ਵੱਡੀ ਚੁਣੌਤੀ ਉਸ ਦੀ ਲਾਸ਼ ਨੂੰ ਕੈਨੇਡਾ ਤੋਂ ਭਾਰਤ ਵਾਪਸ ਲਿਆਉਣ ਦੀ ਬਣੀ ਹੋਈ ਹੈ। ਪਰਿਵਾਰ ਮੁਤਾਬਕ ਲਾਸ਼ ਦੀ ਵਾਪਸੀ ’ਤੇ ਕਰੀਬ 25 ਤੋਂ 27 ਲੱਖ ਰੁਪਏ ਦਾ ਖਰਚ ਆਉਣ ਦੀ ਸੰਭਾਵਨਾ ਹੈ, ਜੋ ਉਨ੍ਹਾਂ ਦੀ ਆਰਥਿਕ ਸਮਰੱਥਾ ਤੋਂ ਕਾਫੀ ਵੱਧ ਹੈ।
ਮ੍ਰਿਤਕ ਦੇ ਪਿਤਾ ਨੇ ਭਰੇ ਮਨ ਨਾਲ ਦੱਸਿਆ ਕਿ ਬਲਤੇਜ ਸਿੰਘ ਦੇ ਸਾਥੀਆਂ ਨੇ ਫੋਨ ’ਤੇ ਦੱਸਿਆ ਕਿ ਉਹ ਸੁੱਤਾ ਹੋਇਆ ਸੀ ਅਤੇ ਜਦੋਂ ਉਸ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਉੱਠਿਆ ਹੀ ਨਹੀਂ। ਬਾਅਦ ’ਚ ਪਤਾ ਲੱਗਿਆ ਕਿ ਉਸ ਦੀ ਮੌਤ ਹੋ ਚੁੱਕੀ ਸੀ। ਮੌਤ ਦੇ ਅਸਲ ਕਾਰਨਾਂ ਦੀ ਪੁਸ਼ਟੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਹੋ ਸਕੇਗੀ।
Read More : ਹੁਣ ਤੱਕ 59,702 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ : ਅਮਨ ਅਰੋੜਾ
