DC and SSP Meeting

ਡੀ.ਸੀ. ਤੇ ਐੱਸ.ਐੱਸ.ਪੀ. ਵੱਲੋਂ ਨਗਰ ਕੀਰਤਨ ਦੀਆਂ ਤਿਆਰੀਆਂ ਸਬੰਧੀ ਬੈਠਕ

350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਦੇ ਰੂਟ ਅਤੇ ਪ੍ਰਬੰਧਾਂ ਦਾ ਵਿਸਥਾਰਪੂਰਵਕ ਲਿਆ ਜਾਇਜ਼ਾ

ਸੰਗਰੂਰ, 19 ਨਵੰਬਰ : ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੰਗਰੂਰ ਜ਼ਿਲ੍ਹੇ ਵਿੱਚ 20 ਨਵੰਬਰ ਨੂੰ ਆਉਣ ਵਾਲੇ ਇਤਿਹਾਸਕ ਨਗਰ ਕੀਰਤਨ ਦੇ ਸਵਾਗਤ ਅਤੇ ਸੁਰੱਖਿਆ ਪ੍ਰਬੰਧਾਂ ਸਬੰਧੀ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਤੇ ਐੱਸ.ਐੱਸ.ਪੀ. ਸਰਤਾਜ ਸਿੰਘ ਚਾਹਲ ਨੇ ਜ਼ਿਲ੍ਹਾ ਅਧਿਕਾਰੀਆਂ ਨਾਲ ਬੈਠਕ ਕੀਤੀ।

ਡੀ. ਸੀ. ਰਾਹੁਲ ਚਾਬਾ ਨੇ ਦੱਸਿਆ ਕਿ ਤਲਵੰਡੀ ਸਾਬੋ ਤੋਂ ਚਲਿਆ ਨਗਰ ਕੀਰਤਨ ਬਰਨਾਲਾ ਹੁੰਦੇ ਹੋਏ ਸੰਗਰੂਰ ਜ਼ਿਲ੍ਹੇ ਵਿਚ 20 ਨਵੰਬਰ ਨੂੰ ਸ਼ਾਮ 05 ਵਜੇ ਬਡਬਰ ਤੋਂ ਦਾਖ਼ਲ ਹੋਵੇਗਾ ਅਤੇ ਲੌਂਗੋਵਾਲ, ਸ਼ਾਹਪੁਰਾ ਕਲਾਂ, ਚੀਮਾ ਮੰਡੀ, ਸੁਨਾਮ (ਆਈ.ਟੀ.ਆਈ. ਚੌਕ), ਸੁਨਾਮ, ਬਰਨਾਲਾ ਕੈਂਚੀਆਂ ਤੋਂ ਨਗਰ ਕੀਰਤਨ ਗੁਰਦੁਆਰਾ ਸ੍ਰੀ ਮਸਤੂਆਣਾ ਸਾਹਿਬ ਵਿਖੇ ਪੁੱਜੇਗਾ, ਜਿਥੇ ਨਗਰ ਕੀਰਤਨ ਦਾ ਰਾਤ ਦਾ ਠਹਿਰਾ ਹੋਵੇਗਾ।

ਉਨ੍ਹਾਂ ਦੱਸਿਆ ਕਿ 21 ਨਵੰਬਰ ਨੂੰ ਸਵੇਰੇ 08 ਵਜੇ ਨਗਰ ਕੀਰਤਨ ਗੁਰਦੁਆਰਾ ਮਸਤੂਆਣਾ ਸਾਹਿਬ ਤੋਂ ਚੱਲ ਕੇ ਪੁਲਿਸ ਲਾਈਨ ਸੰਗਰੂਰ, ਬਰਨਾਲਾ ਕੈਂਚੀਆਂ, ਪੂਨੀਆ ਟਾਵਰ, ਨਾਨਕਿਆਣਾ ਚੌਕ, ਯਾਦਵਿੰਦਰਾ ਡਰੀਮਜ਼ ਹੋਟਲ ਚੌਕ ਤੋਂ ਹੁੰਦੇ ਹੋਏ ਵੇਰਕਾ ਮਿਲਕ ਪਲਾਂਟ, ਭਵਾਨੀਗੜ੍ਹ ਕੈਂਚੀਆਂ ਤੋਂ ਯੂ ਟਰਨ ਕਰਦਿਆਂ ਹੋਇਆ ਬਲਵਾੜ ਕਲਾਂ, ਘਰਾਚੋਂ, ਭਵਾਨੀਗੜ੍ਹ ਤੋਂ ਹੁੰਦਿਆਂ ਹੋਇਆ ਚੰਨੋ ਵਿਖੇ ਜ਼ਿਲ੍ਹਾ ਪਟਿਆਲਾ ਵਿੱਚ ਦਾਖਲ ਹੋਵੇਗਾ।

ਰਾਹੁਲ ਚਾਬਾ ਨੇ ਦੱਸਿਆ ਕਿ ਇਸ ਇਤਿਹਾਸਕ ਮੌਕੇ ‘ਤੇ ਸ਼ਹਿਰ ਵਿਚ ਸਫ਼ਾਈ, ਸੁਰੱਖਿਆ, ਟਰੈਫ਼ਿਕ ਪ੍ਰਬੰਧਨ ਅਤੇ ਸ਼ਰਧਾਲੂਆਂ ਦੀ ਸਹੂਲਤ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਸਬੰਧਤ ਵਿਭਾਗਾਂ ਨੂੰ ਨਗਰ ਕੀਰਤਨ ਦੇ ਰਸਤੇ ‘ਤੇ ਸਾਰੀਆਂ ਜ਼ਰੂਰੀ ਤਿਆਰੀਆਂ ਸਮੇਂ ਸਿਰ ਪੂਰੀਆਂ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਕਿਸੇ ਵੀ ਅਸੁਵਿਧਾ ਤੋਂ ਬਚਿਆ ਜਾ ਸਕੇ। ਉਨ੍ਹਾਂ ਲੰਗਰ, ਪੀਣ ਵਾਲੇ ਪਾਣੀ, ਡਾਕਟਰੀ ਸਹਾਇਤਾ ਅਤੇ ਹੋਰ ਪ੍ਰਬੰਧਾਂ ਬਾਰੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸੰਗਰੂਰ ਜ਼ਿਲ੍ਹੇ ਦੇ ਵਸਨੀਕਾਂ ਨੂੰ ਪਰਿਵਾਰਾਂ ਸਮੇਤ ਇਸ ਇਤਿਹਾਸਕ ਨਗਰ ਕੀਰਤਨ ਦੇ ਦਰਸ਼ਨ ਕਰਨ ਲਈ ਸ਼ਾਮਲ ਹੋਣਾ ਦਾ ਸੱਦਾ ਦਿੰਦਿਆਂ ਕਿਹਾ ਕਿ ਅਜਿਹੇ ਇਤਿਹਾਸਕ ਦਿਹਾੜੇ ਸਾਨੂੰ ਸਾਡੇ ਮਹਾਨ ਇਤਿਹਾਸ ਨਾਲ ਜੋੜਨ ਵਿੱਚ ਸਹਾਈ ਹੁੰਦੇ ਹਨ।

ਮੀਟਿੰਗ ਦੌਰਾਨ ਐੱਸ.ਐੱਸ.ਪੀ. ਸਰਤਾਜ ਸਿੰਘ ਚਾਹਲ ਨੇ ਟਰੈਫ਼ਿਕ ਲਈ ਬਦਲਵੇਂ ਰੂਟ, ਸੁਰੱਖਿਆ ਸਮੇਤ ਨਗਰ ਕੀਰਤਨ ਨੂੰ ਗਾਰਡ ਆਫ਼ ਆਨਰ ਦੇਣ ਸਬੰਧੀ ਵਿਸਥਾਰ ਵਿੱਚ ਚਰਚਾ ਕੀਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਅਮਿਤ ਬੈਂਬੀ, ਵਧੀਕ ਡਿਪਟੀ ਕਮਿਸ਼ਨਰ ਸੁਖਚੈਨ ਸਿੰਘ, ਐੱਸ. ਡੀ. ਐੱਮ. ਸੰਗਰੂਰ ਚਰਨਜੋਤ ਸਿੰਘ ਵਾਲੀਆ, ਐੱਸ. ਡੀ. ਐੱਮ. ਸੁਨਾਮ ਪ੍ਰਮੋਦ ਸਿੰਗਲਾ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

Read More : ਕਾਰਾਂ ਦੀ ਟੱਕਰ ’ਚ 2 ਮੌਤ , 2 ਜ਼ਖਮੀ

Leave a Reply

Your email address will not be published. Required fields are marked *