ਡੀ.ਜੀ.ਪੀ. ਗੌਰਵ ਯਾਦਵ ਵੱਲੋਂ ਨਸ਼ਾ ਤਸਕਰੀ ਵਿਰੁੱਧ ਵੱਡੀ ਕਾਰਵਾਈ ਦੀ ਪੁਸ਼ਟੀ; ਪਾਕਿਸਤਾਨੀ ਸਮੱਗਲਰਾਂ ਨਾਲ ਜੁੜੇ ਸਨ ਤਾਰ
ਅੰਮ੍ਰਿਤਸਰ, 9 ਮਾਰਚ : ਸਰਹੱਦ ਪਾਰੋਂ ਹੋਣ ਵਾਲੀ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਵਿਰੁੱਧ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਦੀ ਟੀਮ ਨੇ ਵੱਡੀ ਸਫ਼ਲਤਾ ਹਾਸਲ ਕਰਦਿਆਂ ਇਕ ਡਰੱਗ ਸਮੱਗਲਰ ਨੂੰ 9 ਕਿੱਲੋ ਹੈਰੋਇਨ ਸਣੇ ਦਬੋਚ ਲਿਆ ਹੈ।
ਇਸ ਸਬੰਧੀ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਗਿ੍ਫ਼ਤਾਰ ਮੁਲਜ਼ਮ ਦੀ ਪਛਾਣ ਰਣਜੀਤ ਸਿੰਘ ਉਰਫ਼ ਰਾਣਾ ਵਾਸੀ ਪਿੰਡ ਗਿੱਲਾਂ ਵਾਲੀ (ਅੰਮਿ੍ਰਤਸਰ) ਵਜੋਂ ਹੋਈ ਹੈ। ਪੁਲਸ ਨੇ ਮੁਲਜ਼ਮ ਦਾ ਉਹ ਮੋਟਰਸਾਈਕਲ ਵੀ ਜ਼ਬਤ ਕਰ ਲਿਆ ਹੈ, ਜਿਸ ਦੀ ਵਰਤੋਂ ਉਹ ਨਸ਼ੇ ਦੀ ਖੇਪ ਸਪਲਾਈ ਕਰਨ ਲਈ ਕਰ ਰਿਹਾ ਸੀ।
ਡੀ.ਜੀ.ਪੀ. ਨੇ ਮਾਮਲੇ ਦੀ ਸਮੀਖਿਆ ਕਰਦਿਆਂ ਦੱਸਿਆ ਕਿ ਮੁਲਜ਼ਮ ਪਾਕਿਸਤਾਨ ਸਥਿਤ ਇਕ ਸਮੱਗਲਰ ਦੇ ਸਿੱਧੇ ਸੰਪਰਕ ’ਚ ਸੀ। ਉਹ ਆਪਣੇ ਸਾਥੀਆਂ ਦੀ ਮਦਦ ਨਾਲ ਸਰਹੱਦ ਪਾਰੋਂ ਡਰੋਨ ਰਾਹੀਂ ਸੁੱਟੀ ਗਈ ਹੈਰੋਇਨ ਦੀ ਖੇਪ ਨੂੰ ਪਿੰਡ ਘੋਨੇਵਾਲਾ ਤੋਂ ਚੁੱਕ ਕੇ ਅੱਗੇ ਸਪਲਾਈ ਕਰਦਾ ਸੀ।
ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਰਣਜੀਤ ਸਿੰਘ ਹੈਰੋਇਨ ਦੀ ਖੇਪ ਲੈ ਕੇ ਅੰਮਿ੍ਰਤਸਰ-ਰਮਦਾਸ ਰੋਡ ਸਥਿਤ ਪਿੰਡ ਅਨਾਇਤਪੁਰਾ ਦੇ ਅੱਡੇ ਕੋਲ ਕਿਸੇ ਨੂੰ ਡਿਲੀਵਰੀ ਦੇਣ ਜਾ ਰਿਹਾ ਹੈ। ਇਸ ਆਧਾਰ ’ਤੇ ਪੁਲਸ ਨੇ ਨਾਕਾਬੰਦੀ ਕਰ ਕੇ ਮੁਲਜ਼ਮ ਨੂੰ ਗਿ੍ਫ਼ਤਾਰ ਕਰ ਲਿਆ।
ਉਨ੍ਹਾਂ ਕਿਹਾ ਕਿ ਇਸ ਡਰੱਗ ਨੈੱਟਵਰਕ ਦੇ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਾਉਣ ਲਈ ਜਾਂਚ ਜਾਰੀ ਹੈ। ਇਸ ਸਬੰਧੀ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (SSOC) ਅੰਮਿ੍ਰਤਸਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।
Read More : ਪੀ.ਯੂ. ’ਚ ਹੰਗਾਮਾ; ਪੁਲਸ ਵੱਲੋਂ ਲਾਠੀਚਾਰਜ ਤੇ 100 ਵਿਦਿਆਰਥੀ ਹਿਰਾਸਤ ’ਚ
