10 ਆਧੁਨਿਕ ਪਿਸਤੌਲਾਂ ਅਤੇ 500 ਗ੍ਰਾਮ ਅਫੀਮ
ਅੰਮ੍ਰਿਤਸਰ, 15 ਅਕਤੂਬਰ : ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਪਾਕਿਸਤਾਨ ਨਾਲ ਸਬੰਧਤ ਸਰਹੱਦ ਪਾਰੋਂ ਸੰਗਠਿਤ ਹਥਿਆਰ ਅਤੇ ਨਾਰਕੋ ਸਮੱਗਲਿੰਗ ਮਾਡਿਊਲ ਦਾ ਪਰਦਾਫਾਸ਼ ਕਰਦੇ ਹੋਏ ਤਿੰਨ ਕਾਰਕੁਨਾਂ ਨੂੰ 10 ਆਧੁਨਿਕ ਪਿਸਤੌਲਾਂ ਅਤੇ 500 ਗ੍ਰਾਮ ਅਫੀਮ ਸਮੇਤ ਗ੍ਰਿਫਤਾਰ ਕੀਤਾ ਹੈ |
ਇਸ ਸਬੰਧੀ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਗ੍ਰਿਫ਼ਤਾਰ ਵਿਅਕਤੀਆਂ ਦੀ ਪਛਾਣ ਰਾਜਨ ਉਰਫ਼ ਸਾਗਰ (28) ਵਾਸੀ ਫੈਜ਼ਪੁਰਾ, ਅੰਮ੍ਰਿਤਸਰ, ਸੁਰਿੰਦਰ ਸਿੰਘ ਉਰਫ਼ ਪਾਲੀ (24) ਵਾਸੀ ਪਿੰਡ ਟਾਲੀ ਵਾਲਾ, ਫਾਜ਼ਿਲਕਾ ਅਤੇ ਜਗਜੀਤ ਸਿੰਘ (25) ਵਾਸੀ ਚੀਮਾ ਕਲਾਂ, ਤਰਨਤਾਰਨ ਵਜੋਂ ਹੋਈ ਹੈ। ਪੁਲਿਸ ਮੁਤਾਬਕ ਇਨ੍ਹਾਂ ਕੋਲੋਂ ਬਰਾਮਦ ਕੀਤੇ ਹਥਿਆਰਾਂ ‘ਚ ਚਾਰ 9 ਐਮਐਮ ਗਲੌਕ ਪਿਸਤੌਲ ਅਤੇ ਛੇ .30 ਬੋਰ ਦੇ ਪਿਸਤੌਲ ਸ਼ਾਮਲ ਹਨ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮ ਤਸਕਰੀ ਦਾ ਅੰਤਰ-ਜ਼ਿਲ੍ਹਾ ਗਿਰੋਹ ਚਲਾ ਰਹੇ ਸਨ ਅਤੇ ਪਾਕਿਸਤਾਨ ਅਧਾਰਿਤ ਇੱਕ ਹੈਂਡਲਰ ਨਾਲ ਜੁੜੇ ਹੋਏ ਸਨ। ਉਨ੍ਹਾਂ ਕਿਹਾ ਕਿ ਬਰਾਮਦ ਕੀਤੇ ਹਥਿਆਰ ਪੰਜਾਬ ‘ਚ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਲਈ ਗੈਂਗਸਟਰਾਂ ਅਤੇ ਅਪਰਾਧੀਆਂ ਨੂੰ ਸਪਲਾਈ ਕੀਤੇ ਜਾਣੇ ਸਨ।
ਇਸ ਆਪਰੇਸ਼ਨ ਬਾਰੇ ਸੀਪੀ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸ਼ੁਰੂ ‘ਚ ਮੁਲਜ਼ਮ ਰਾਜਨ ਨੂੰ ਇੱਕ .30 ਬੋਰ ਪਿਸਤੌਲ ਅਤੇ ਕਾਫੀ ਮਾਤਰਾ ‘ਚ ਅਫੀਮ ਸਮੇਤ ਗ੍ਰਿਫ਼ਤਾਰ ਕੀਤਾ ਸੀ ਅਤੇ ਉਸਦੀ ਪੁੱਛਗਿੱਛ ਨਾਲ ਇਸ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਦੌਰਾਨ ਸੁਰਿੰਦਰ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸਦੇ ਕਬਜ਼ੇ ‘ਚੋਂ ਤਿੰਨ .30 ਬੋਰ ਦੇ ਪਿਸਤੌਲ ਅਤੇ ਇੱਕ 9 ਐਮਐਮ ਪਿਸਤੌਲ ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਹੋਰ ਜਾਂਚ ਸਦਕਾ ਤੀਜੇ ਮੁਲਜ਼ਮ ਜਗਜੀਤ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸ ਕੋਲੋਂ ਤਿੰਨ 9 ਐਮਐਮ ਗਲੌਕ ਪਿਸਤੌਲ ਅਤੇ ਦੋ .30 ਬੋਰ ਦੇ ਪਿਸਤੌਲ ਬਰਾਮਦ ਕੀਤੇ।
ਸੀਪੀ ਨੇ ਦੱਸਿਆ ਕਿ ਜਗਜੀਤ ਸਿੰਘ 4 ਮਹੀਨੇ ਪਹਿਲਾਂ ਦੁਬਈ ਤੋਂ ਵਾਪਸ ਆਇਆ ਸੀ। ਸੁਰਿੰਦਰ ਦਾ ਪਿੰਡ ਜਲਾਲਾਬਾਦ, ਜ਼ਿਲ੍ਹਾ ਫਾਜ਼ਿਲਕਾ ਵਿਖੇ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਸਥਿਤ ਹੈ, ਜਦੋਂਕਿ ਜਗਜੀਤ ਦਾ ਜੱਦੀ ਪਿੰਡ ਜ਼ਿਲ੍ਹਾ ਤਰਨਤਾਰਨ ਵਿਖੇ ਸਰਹੱਦ ਦੇ ਨੇੜੇ ਸਥਿਤ ਹੈ। ਉਨ੍ਹਾਂ ਦੱਸਿਆ ਕਿ ਇਹ ਅੰਮ੍ਰਿਤਸਰ ਤੋਂ ਫਾਜ਼ਿਲਕਾ ਅਤੇ ਤਰਨਤਾਰਨ ਸੈਕਟਰਾਂ ‘ਚ ਡਰੋਨ ਰਾਹੀਂ ਭੇਜੀਆਂ ਖੇਪਾਂ ਪ੍ਰਾਪਤ ਕਰਦੇ ਸਨ ਅਤੇ ਇਨ੍ਹਾਂ ਖੇਪਾਂ ਨੂੰ ਸਿੱਧੇ ਤੌਰ ‘ਤੇ ਅਤੇ ਸਥਾਨ-ਅਧਾਰਤ ਡਿਲੀਵਰੀ ਪ੍ਰਣਾਲੀਆਂ ਰਾਹੀਂ ਅੱਗੇ ਸਪਲਾਈ ਕਰ ਰਹੇ ਸਨ।
Read More : ਮੰਤਰੀ ਈ.ਟੀ.ਓ. ਦੇ ਕਾਫਿਲੇ ’ਚ ਪਾਇਲਟ ਗੱਡੀ ਹੋਈ ਹਾਦਸਾਗ੍ਰਸਤ
