Revenue Minister

ਹੜ੍ਹਾਂ ਦੌਰਾਨ 3.50 ਲੱਖ ਏਕੜ ਫਸਲ ਦਾ ਹੋਇਆ ਭਾਰੀ ਨੁਕਸਾਨ : ਮਾਲ ਮੰਤਰੀ

ਅਜਨਾਲਾ ਹਲਕੇ ਦੇ ਕਿਸੇ ਵੀ ਹੜ੍ਹ ਪ੍ਰਭਾਵਿਤ ਨੂੰ ਮਦਦ ਤੋਂ ਨਹੀਂ ਰਹਿਣ ਦਿੱਤਾ ਜਾਵੇਗਾ ਸੱਖਣਾ : ਧਾਲੀਵਾਲ

ਅੰਮ੍ਰਿਤਸਰ, 13 ਅਕਤੂਬਰ : ਪੰਜਾਬ ਵਿਚ ਹੜ੍ਹਾਂ ਦੌਰਾਨ ਕੇਂਦਰ ਸਰਕਾਰ ਵੱਲੋਂ ਐਲਾਨੀ ਗਈ ਰਾਹਤ ਰਾਸ਼ੀ ਦੀ ਇਕ ਫੁੱਟੀ ਕੌੜੀ ਵੀ ਪੰਜਾਬ ਨੂੰ ਅਜੇ ਤੱਕ ਨਹੀਂ ਮਿਲੀ ਜਦ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਅੱਜ ਅਜਨਾਲਾ ਹਲਕੇ ਤੋਂ ਰਾਹਤ ਰਾਸ਼ੀ ਦੇਣ ਦੀ ਸ਼ੁਰੂਆਤ ਕਰ ਦਿੱਤੀ ਹੈ ਜਿਸ ਤਹਿਤ ਅਜਨਾਲਾ ਅਤੇ ਬਾਬਾ ਬਕਾਲਾ ਦੇ 631 ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ 5 ਕਰੋੜ 70 ਲੱਖ ਰੁਪਏ ਦੀ ਰਾਸ਼ੀ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਭੇਜ ਦਿੱਤੀ ਗਈ ਹੈ।

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਮਾਲ ਮੰਤਰੀ ਪੰਜਾਬ ਹਰਦੀਪ ਸਿੰਘ ਮੁੰਡੀਆਂ ਨੇ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਸੂਬੇ ਭਰ ਵਿਚ 3.50 ਲੱਖ ਏਕੜ ਵਾਹੀਯੋਗ ਭੂਮੀ ਵਿਚ ਫਸਲ ਦਾ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਵਿਚ ਇਹ ਪਹਿਲੀਵਾਰ ਹੋਇਆ ਹੈ ਕਿ ਹਰੇਕ ਪੀੜਤ ਪਰਿਵਾਰਾਂ ਨੂੰ 20 ਹਜ਼ਾਰ ਪ੍ਰਤੀ ਏਕੜ ਦਾ ਮੁਆਵਜ਼ਾ ਦਿੱਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਮਕਾਨਾਂ ਦੇ ਹੋਏ ਨੁਕਸਾਨ ਦਾ ਮੁਲਾਂਕਣ ਕਰਨ ਲਈ 2291 ਪਿੰਡਾਂ ਵਿਚ ਸਰਵੇ ਕਰਵਾਇਆ ਗਿਆ ਸੀ ਅਤੇ ਇਸ ਸਰਵੇ ਵਿਚ 1846 ਕੁੱਲ 30806 ਮਕਾਨ/ਝੌਪੜੀਆਂ/ਸ਼ੈੱਡ ਦੇ ਨੁਕਸਾਨ ਹੋਣ ਦੀ ਪੁਸ਼ਟੀ ਹੋਈ ਹੈ। ਉਨ੍ਹਾਂ ਦੱਸਿਆ ਕਿ ਸਾਡੀ ਸਰਕਾਰ ਨੇ ਮੁਆਵਜੇ ਦੀ ਰਕਮ ਭਾਰਤ ਸਰਕਾਰ ਦੁਆਰਾ ਦਿੱਤੀ ਜਾਣ ਵਾਲੀ ਕੇਵਲ 6500 ਰੁਪਏ ਪ੍ਰਤੀ ਮਕਾਨ ਤੋਂ ਵਧਾ ਕੇ 40 ਹਜ਼ਾਰ ਰੁਪਏ ਕੀਤੀ ਹੈ ਇਸ ਤਰ੍ਹਾਂ ਕੁਲ 180 ਕਰੋੜ ਰੁਪਏ ਦਾ ਮੁਆਵਜਾ ਦਿੱਤਾ ਜਾਵੇਗਾ।

ਮਾਲ ਮੰਤਰੀ ਨੇ ਦੱਸਿਆ ਕਿ ਪਸ਼ੂ ਧਨ ਦੇ ਹੋਏ ਨੁਕਸਾਨ ਦੇ ਮੁਲਾਂਕਣ ਲਈ 2342 ਪਿੰਡਾਂ ਵਿਚ ਸਰਵੇ ਕਰਵਾਇਆ ਗਿਆ ਹੈ ਅਤੇ 355 ਪਿੰਡਾਂ ਵਿਚ 1766 ਪਸ਼ੂ ਧਨ ਦਾ ਨੁਕਸਾਨ ਜਿਨ੍ਹਾਂ ਵਿਚ ਦੁਧਾਰੂ, ਭਾਰ ਢੋਣ ਵਾਲੇ ਪਸ਼ੂਆਂ ਅਤੇ 2.2 ਲੱਖ ਮੁਰਗੀਆਂ ਦਾ ਨੁਕਸਾਨ ਹੋਣ ਦੀ ਰਿਪੋਰਟ ਮਿਲੀ ਸੀ ਜਿਸ ਦਾ ਕੁਲ 7 ਕਰੋੜ ਰੁਪਏ ਮੁਆਵਜ਼ਾ ਦਿੱਤਾ ਜਾਵੇਗਾ।

ਹਲਕਾ ਵਿਧਾਇਕ ਅਜਨਾਲਾ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਮੈਂ ਖੁਦ ਅਜਨਾਲਾ ਹਲਕੇ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਰੋਜ਼ਾਨਾ ਜਾ ਰਿਹਾ ਹਾਂ ਅਤੇ ਕਿਸੇ ਵੀ ਹੜ੍ਹ ਪੀੜਤ ਪਰਿਵਾਰ ਨੂੰ ਰਾਹਤ ਰਾਸ਼ੀ ਤੋਂ ਸੱਖਣਾ ਨਹੀਂ ਰਹਿਣ ਦਿੱਤਾ ਜਾਵੇਗਾ।

ਇਸ ਮੌਕੇ ਪ੍ਰਮੁੱਖ ਸਕੱਤਰ ਮਾਲ ਵਿਭਾਗ ਅਨੁਰਾਗ ਵਰਮਾ, ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਅਤੇ ਆਮ ਆਦਮੀ ਪਾਰਟੀ ਦੇ ਦਿਹਾਤੀ ਪ੍ਰਧਾਨ ਗੁਰਪ੍ਰਤਾਪ ਸਿੰਘ ਸੰਧੂ ਵੀ ਹਾਜ਼ਰ ਸਨ।

Read More : ਭਾਜਪਾ ਵਿਚ ਸ਼ਾਮਲ ਹੋਏ ਅਕਾਲੀ ਆਗੂ ਜਗਦੀਪ ਚੀਮਾ

Leave a Reply

Your email address will not be published. Required fields are marked *