ਠੱਪ ਰਿਹਾ ਅਦਾਲਤਾਂ ਦਾ ਕੰਮਕਾਜ ; ਡਾਗ ਸਕੁਆਇਡ ਟੀਮਾਂ ਨੇ ਕੰਪਲੈਕਸਾਂ ਦਾ ਚੱਪਾ-ਚੱਪਾ ਛਾਣਿਆ
ਮਾਨਸਾ, 8 ਜਨਵਰੀ : ਮਾਨਸਾ ਦੀ ਅਦਾਲਤ ਨੂੰ ਆਰ. ਡੀ. ਐਕਸ ਨਾਲ ਉਡਾਉਣ ਦੀ ਮਿਲੀ ਧਮਕੀ ਤੋਂ ਬਾਅਦ ਮਾਨਸਾ, ਸਰਦੂਲਗੜ੍ਹ, ਬੁਢਲਾਡਾ ਦੀਆਂ ਅਦਾਲਤਾਂ ਵਿਹਲੀਆਂ ਕਰਵਾ ਕੇ ਪੁਲਸ ਵੱਲੋਂ ਚੈਕਿੰਗ ਕੀਤੀ ਗਈ। ਅਦਾਲਤਾਂ ਦਾ ਕੰਮ ਦੁਪਹਿਰ ਦੇ 3 ਵਜੇ ਤਕ ਠੱਪ ਰਿਹਾ।
ਪੁਲਸ ਨੇ ਚੈਕਿੰਗ ਦੌਰਾਨ ਅਦਾਲਤਾਂ ਦੇ ਸਾਰੇ ਅਮਲੇ ਫੈਲੇ ਨੂੰ ਬਿਲਡਿੰਗਾਂ ਤੋਂ ਦੂਰ ਰੱਖਿਆ ਅਤੇ ਡਾਗ ਸਕੁਆਇਡ ਲੈ ਕੇ ਅਦਾਲਤਾਂ ਦਾ ਚੱਪਾ-ਚੱਪਾ ਛਾਣਿਆ। ਕਿਸੇ ਪਾਸਿਓਂ ਕੋਈ ਵੀ ਇਤਰਾਜ਼ਯੋਗ ਵਸਤੂ, ਕੋਈ ਵਿਸਫੋਟਕ ਸਮੱਗਰੀ ਨਹੀਂ ਮਿਲੀ ਪਰ ਇਹ ਧਮਕੀ ਮਿਲਣ ਤੋਂ ਬਾਅਦ ਸਾਰਾ ਦਿਨ ਅਦਾਲਤਾਂ ਦੇ ਬਾਹਰ ਹੜਕੰਪ ਮਚਿਆ ਰਿਹਾ।
ਮਾਨਸਾ ਦੇ ਜ਼ਿਲਾ ਸੈਸ਼ਨ ਜੱਜ ਨੂੰ ਦਿਨ ਚੜ੍ਹਦੇ ਹੀ ਈਮੇਲ ਰਾਹੀਂ ਕਿਸੇ ਅੱਤਵਾਦੀ ਸੰਗਠਨ ਵੱਲੋਂ ਅਦਾਲਤੀ ਕੰਪਲੈਕਸ ਨੂੰ ਦੁਪਹਿਰ ਵੇਲੇ ਆਰ. ਡੀ. ਐਕਸ ਨਾਲ ਉਡਾਉਣ ਦੀ ਧਮਕੀ ਮਿਲੀ। ਧਮਕੀ ਭਰੀ ਈਮੇਲ ’ਚ ਕਿਹਾ ਗਿਆ ਕਿ ਦੁਪਹਿਰ 1 ਵਜੇ ਤੋਂ ਲੈ ਕੇ 2 ਵਜੇ ਤਕ ਮਾਨਸਾ ਦੀ ਅਦਾਲਤ ਨੂੰ ਆਰ. ਡੀ. ਐਕਸ ਬੰਬ ਧਮਾਕਾ ਕਰ ਕੇ ਉਡਾ ਦਿੱਤਾ ਜਾਵੇਗਾ। ਇਸ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਮਾਨਸਾ, ਬੁਢਲਾਡਾ, ਸਰਦੂਲਗੜ੍ਹ ਦੀਆਂ ਅਦਾਲਤਾਂ ਹੱਥੋਂ ਹੱਥ ਵਿਹਲੀਆਂ ਕਰਵਾਈਆਂ।
ਜੱਜ ਸਾਹਿਬਾਨ, ਵਕੀਲਾਂ ਅਤੇ ਹੋਰ ਅਮਲੇ ਫੈਲੇ ਨੂੰ ਅਦਾਲਤੀ ਕੰਪਲੈਕਸ ਤੋਂ ਬਾਹਰ ਰੱਖਿਆ। ਪੁਲਸ ਟੀਮਾਂ ਡਾਗ ਸਕੁਆਇਡ ਲੈ ਕੇ ਅਦਾਲਤੀ ਕੰਪਲੈਕਸ ਦਾ ਕੋਨਾ-ਕੋਨਾ ਛਾਣਦੀਆਂ ਰਹੀਆਂ। ਇਸ ਦੌਰਾਨ ਧਮਕੀ ਮਿਲਣ ਦੇ ਮੱਦੇਨਜ਼ਰ ਅਦਾਲਤਾਂ ਦਾ ਕੰਮਕਾਜ ਦੁਪਹਿਰ 3 ਵਜੇ ਤਕ ਬੰਦ ਰੱਖਣ ਦੇ ਨੋਟਿਸ ਲਗਾ ਦਿੱਤੇ ਗਏ।
ਪੁਲਸ ਨੇ ਸੂਚਨਾ ਦਿੱਤੀ ਕਿ ਜੇਕਰ ਅਦਾਲਤੀ ਕੰਪਲੈਕਸ ਦੇ ਇਰਦ-ਗਿਰਦ ਕੋਈ ਸ਼ੱਕੀ ਵਿਅਕਤੀ ਜਾਂ ਸ਼ੱਕੀ ਵਸਤੂ ਨਜ਼ਰ ਆਉਂਦੀ ਹੈ, ਤਾਂ ਤੁਰੰਤ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ ਜਾਵੇ। ਟੀਮ ਸਮੇਤ ਪਹੁੰਚੇ ਡੀ. ਐੱਸ. ਪੀ. ਪੁਸ਼ਪਿੰਦਰ ਸਿੰਘ ਨੇ ਦੱਸਿਆ ਕਿ ਜ਼ਿਲਾ ਸੈਸ਼ਨ ਜੱਜ ਮਾਨਸਾ ਨੂੰ ਈਮੇਲ ਰਾਹੀਂ ਕੋਈ ਬੰਬ ਸਬੰਧੀ ਧਮਕੀ ਮਿਲੀ ਸੀ।
ਅਦਾਲਤੀ ਕੰਪਲੈਕਸ ਦਾ ਕੋਨਾ-ਕੋਨਾ ਛਾਣਿਆ ਗਿਆ ਹੈ। ਕਿਸੇ ਪਾਸਿਓਂ ਕੋਈ ਵੀ ਅਜਿਹੀ ਵਸਤੂ ਬਰਾਮਦ ਨਹੀਂ ਹੋਈ। ਉਨ੍ਹਾਂ ਕਿਹਾ ਕਿ ਈਮੇਲ ਕਿੱਥੋਂ ਆਈ ਤੇ ਕਿਸ ਵਿਅਕਤੀ ਨੇ ਇਹ ਮੇਲ ਭੇਜੀ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।
Read More : ਟਾਰਗੇਟ ਕਿਲਿੰਗ ਅਤੇ ਫਿਰੌਤੀ ਮੈਡਿਊਲ ਦਾ ਪਰਦਾਫਾਸ਼
