ਰੂਪਨਗਰ, 23 ਅਕਤੂਬਰ : ਰਾਜ ਸਭਾ ਉਪ-ਚੋਣ ’ਚ ਜਾਅਲੀ ਪ੍ਰਸਤਾਵਕਾਂ ਦੇ ਦਸਤਖਤਾਂ ਦੀ ਵਰਤੋਂ ਕਰ ਕੇ ਨਾਮਜ਼ਦਗੀ ਦਾਖਲ ਕਰਨ ਦੇ ਦੋਸ਼ ’ਚ ਗ੍ਰਿਫਤਾਰ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨਵੀਨ ਚਤੁਰਵੇਦੀ ਦਾ 7 ਦਿਨਾਂ ਦਾ ਪੁਲਸ ਰਿਮਾਂਡ ਅੱਜ (ਵੀਰਵਾਰ) ਦੁਪਹਿਰ 1 ਵਜੇ ਖਤਮ ਹੋ ਗਿਆ।
ਰਿਮਾਂਡ ਖਤਮ ਹੋਣ ਤੋਂ ਬਾਅਦ ਪੁਲਸ ਨੇ ਮੁਲਜ਼ਮ ਨੂੰ ਦੁਪਹਿਰ 2.30 ਵਜੇ ਰੂਪਨਗਰ ਅਦਾਲਤ ’ਚ ਮਾਣਯੋਗ ਸੁਖਵਿੰਦਰ ਸਿੰਘ, ਚੀਫ ਜੁਡੀਸ਼ੀਅਲ ਮੈਜਿਸਟਰੇਟ-ਕਮ ਐਡੀਸ਼ਨਲ ਸਿਵਲ ਜੱਜ (ਸੀਨੀਅਰ ਡਵੀਜ਼ਨ) ਦੇ ਸਾਹਮਣੇ ਪੇਸ਼ ਕੀਤਾ।
ਅਦਾਲਤੀ ਸੁਣਵਾਈ ਦੌਰਾਨ ਵਕੀਲ ਹੇਮੰਤ ਚੌਧਰੀ ਨੇ ਮੁਲਜ਼ਮਾਂ ਦੀ ਨੁਮਾਇੰਦਗੀ ਕੀਤੀ। ਪੁਲਸ ਨੇ ਅਦਾਲਤ ’ਚ ਇਕ ਅਰਜ਼ੀ ਦਾਇਰ ਕੀਤੀ, ਜਿਸ ’ਚ ਨਵੀਨ ਚਤੁਰਵੇਦੀ ਦੇ ਡੁਪਲੀਕੇਟ ਸਿਮ ਕਾਰਡ ਦੀ ਜਾਂਚ ਦੀ ਬੇਨਤੀ ਕੀਤੀ ਗਈ, ਜਿਸ ਨੂੰ ਅਦਾਲਤ ਨੇ ਸਵੀਕਾਰ ਕਰ ਲਿਆ। ਨਾਲ ਹੀ ਪੁਲਸ ਨੇ ਜੱਜ ਤੋਂ ਮਾਮਲੇ ’ਚ (ਫੋਰੈਂਸਿਕ ਸਾਇੰਸ ਲੈਬ) ਰਿਪੋਰਟ ’ਤੇ ਦਸਤਖਤ ਕਰਵਾਏ ਹਨ।
ਸੂਤਰਾਂ ਅਨੁਸਾਰ ਜਦੋਂ ਰੂਪਨਗਰ ਪੁਲਸ ਨਵੀਨ ਚਤੁਰਵੇਦੀ ਨੂੰ ਗ੍ਰਿਫਤਾਰ ਕਰਨ ਲਈ ਚੰਡੀਗੜ੍ਹ ਪਹੁੰਚੀ ਤਾਂ ਥਾਣਾ-3 ਦੀ ਪੁਲਸ ਨੇ ਗ੍ਰਿਫਤਾਰੀ ਦੀ ਇਜਾਜ਼ਤ ਨਹੀਂ ਦਿੱਤੀ। ਇਸ ਤੋਂ ਬਾਅਦ ਅਦਾਲਤ ਨੇ ਚੰਡੀਗੜ੍ਹ ਦੇ ਐੱਸ. ਐੱਚ. ਓ. ਨੂੰ ਨੋਟਿਸ ਜਾਰੀ ਕਰ ਕੇ ਪੇਸ਼ ਹੋਣ ਦਾ ਹੁਕਮ ਦਿੱਤਾ।
18 ਅਕਤੂਬਰ, 2025 ਨੂੰ ਐੱਸ. ਐੱਚ. ਓ. ਨੂੰ ਨੋਟਿਸ ਜਾਰੀ ਕੀਤਾ ਗਿਆ ਸੀ ਪਰ ਐੱਸ. ਐੱਚ. ਓ. ਖੁਦ ਉਸ ਦਿਨ ਪੇਸ਼ ਨਹੀਂ ਹੋਇਆ ਅਤੇ ਉਸ ਦੀ ਜਗ੍ਹਾ ਚੌਕੀ ਇੰਚਾਰਜ ਨੂੰ ਅਦਾਲਤ ’ਚ ਭੇਜ ਦਿੱਤਾ ਗਿਆ। ਹੁਣ ਅਦਾਲਤ ਨੇ ਐੱਸ. ਐੱਚ. ਓ. ਨੂੰ 24 ਅਕਤੂਬਰ, 2025 ਨੂੰ ਨਿੱਜੀ ਤੌਰ ’ਤੇ ਪੇਸ਼ ਹੋਣ ਦਾ ਹੁਕਮ ਦਿੱਤਾ ਹੈ।
ਪੁਲਸ ਨੇ ਇਸ ਵਾਰ ਰਿਮਾਂਡ ਨਹੀਂ ਮੰਗਿਆ ਅਤੇ ਮੁਲਜ਼ਮਾਂ ਨੂੰ ਨਿਆਂਇਕ ਹਿਰਾਸਤ ’ਚ ਭੇਜਣ ਦੀ ਬੇਨਤੀ ਕੀਤੀ, ਜੋ ਅਦਾਲਤ ਨੇ ਮਨਜ਼ੂਰ ਕਰ ਲਈ। ਅਦਾਲਤ ਨੇ ਨਵੀਨ ਚਤੁਰਵੇਦੀ ਨੂੰ 6 ਨਵੰਬਰ 2025 ਤੱਕ ਰੂਪਨਗਰ ਜੇਲ ’ਚ ਰੱਖਣ ਦਾ ਹੁਕਮ ਦਿੱਤਾ।
Read More : ਅਦਾਲਤ ਨੇ ਫੇਸਬੁੱਕ ਅਤੇ ਗੂਗਲ ਨੂੰ ਜਾਰੀ ਕੀਤਾ ਨੋਟਿਸ
