ਸਿਹਤ ਵਿਭਾਗ ਵੱਲੋਂ ਟੈਸਟਿੰਗ ਦੀ ਪ੍ਰਕਿਰਿਆ ਸ਼ੁਰੂ ਕਰਨ ਦਾ ਐਲਾਨ, ਜ਼ਿਲੇ ’ਚ 300 ਬੈੱਡ ਅਤੇ 10 ਵੈਂਟੀਲੇਟਰ ਰੱਖੇ ਰਾਖਵੇਂ
ਜ਼ਿਲਾ ਪੱਧਰੀ ਸਿਵਲ ਹਸਪਤਾਲ, ਸਰਕਾਰੀ ਹਸਪਤਾਲ ਬਾਬਾ ਬਕਾਲਾ ਤੇ ਮਾਨਾਂਵਾਲਾ ਵਿਖੇ ਹੋਣਗੇ ਟੈਸਟ
ਅੰਮ੍ਰਿਤਸਰ, 14 ਜੂਨ :-ਕੋਰੋਨਾ ਵਾਇਰਸ ਦੀ ਐਡਵਾਈਜ਼ਰੀ ਜਾਰੀ ਹੋਣ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਜ਼ਿਲਾ ਪੱਧਰੀ ਸਿਵਲ ਹਸਪਤਾਲ ਸਮੇਤ ਬਾਕੀ ਹਸਪਤਾਲਾਂ ’ਚ ਟੈਸਟਿੰਗ ਦੀ ਪ੍ਰਕਿਰਿਆ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ।
ਵਿਭਾਗ ਵੱਲੋਂ ਓ. ਪੀ. ਡੀ. ’ਚ ਆਉਣ ਵਾਲੇ ਲੰਬੇ ਸਮੇਂ ਤੋਂ ਖਾਂਸੀ, ਜ਼ੁਕਾਮ ਤੇ ਬੁਖਾਰ ਆਦਿ ਲੱਛਣਾਂ ਤੋਂ ਪੀੜਤ ਮਰੀਜ਼ਾਂ ਦੇ ਕੋਰੋਨਾ ਟੈਸਟ ਕਰਵਾਉਣ ਲਈ-ਨਿਰਦੇਸ਼ ਜਾਰੀ ਕੀਤੇ ਹਨ, ਨਾਲ ਹੀ ਡਾਕਟਰ ਅਤੇ ਮੁਲਾਜ਼ਮਾਂ ਨੂੰ ਵੀ ਸੁਰੱਖਿਆ ਦੇ ਲਿਹਾਜ਼ ਨਾਲ ਹਸਪਤਾਲ ਦੇ ਅੰਦਰ ਮਾਸਕ ਲਾਉਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਵਿਭਾਗ ਵੱਲੋਂ ਜ਼ਿਲੇ ’ਚ 300 ਬੈੱਡ ਅਤੇ 10 ਵੈਂਟੀਲੇਟਰ ਕੋਰੋਨਾ ਮਹਾਮਾਰੀ ਦੀ ਹਰ ਸਥਿਤੀ ਨਜਿੱਠਣ ਲਈ ਰਾਖਵੇਂ ਰੱਖੇ ਹਨ। ਜ਼ਿਲੇ ’ਚ ਹੁਣ ਤੱਕ ਕੋਰੋਨਾ ਦੇ 3 ਮਾਮਲੇ ਪਾਜ਼ੇਟਿਵ ਆ ਚੁੱਕੇ ਹਨ।
ਸਿਵਲ ਸਰਜਨ ਡਾ. ਕਿਰਨਦੀਪ ਕੌਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕੋਰੋਨਾ ਵਾਇਰਸ ਨੂੰ ਰੋਕਣ ਲਈ ਸਿਹਤ ਵਿਭਾਗ ਪੂਰੀ ਮੁਸਤੈਦੀ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲੇ ’ਚ ਦੋ ਪੜਾਵਾਂ ਤਹਿਤ ਕੋਰੋਨਾ ਦੀ ਟੈਸਟਿੰਗ ਦੀ ਪ੍ਰਕਰਿਆ ਸ਼ੁਰੂ ਕੀਤੀ ਜਾ ਰਹੀ ਹੈ। ਜ਼ਿਲਾ ਪੱਧਰੀ ਸਿਵਲ ਹਸਪਤਾਲ ’ਚ ਟੈਸਟਿੰਗ ਪਹਿਲਾਂ ਸ਼ੁਰੂ ਕੀਤੀ ਜਾ ਰਹੀ ਹੈ। ਉਪਰੰਤ ਸਰਕਾਰੀ ਹਸਪਤਾਲ ਬਾਬਾ ਬਕਾਲਾ ਅਤੇ ਸਰਕਾਰੀ ਹਸਪਤਾਲ ਮਾਨਾਂਵਾਲਾ ਵਿਖੇ ਟੈਸਟਿੰਗ ਸ਼ੁਰੂ ਕਰਵਾਈ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਨਾਲ ਹੀ ਓ. ਪੀ. ਡੀ. ’ਚ ਲੰਬੇ ਸਮੇਂ ਤੋਂ ਖਾਂਸੀ-ਜ਼ੁਕਾਮ ਤੋਂ ਪੀੜਤ ਮਰੀਜ਼ਾਂ ਦੀ ਰਜ਼ਾਮੰਦੀ ਨਾਲ ਉਨ੍ਹਾਂ ਦੇ ਕੋਰੋਨਾ ਦੇ ਸੈਂਪਲ ਲੈਣ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਪੰਜਾਬ ’ਚ ਅਜੇ ਕੋਈ ਵੀ ਦਹਿਸ਼ਤ ਵਾਲਾ ਮਾਹੌਲ ਨਹੀਂ ਹੈ ਲੋਕ ਸੁਚੇਤ ਰਹਿਣ ਅਤੇ ਸਰਕਾਰੀ ਹੁਕਮਾਂ ਦੀ ਪਾਲਣਾ ਕਰਦੇ ਰਹਿਣ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੇ ਵੱਖ-ਵੱਖ ਹਸਪਤਾਲਾਂ ’ਚ 300 ਬੈੱਡ ਅਤੇ 10 ਵੈਂਟੀਲੇਟਰ ਮੌਜੂਦ ਹਨ। ਇਸ ਤੋਂ ਇਲਾਵਾ ਦਵਾਈ ਆਕਸੀਜਨ ਆਦਿ ਦੇ ਪ੍ਰਬੰਧ ਮੁਕੰਮਲ ਕੀਤੇ ਗਏ ਹਨ।
ਡਾ. ਕਿਰਨਦੀਪ ਨੇ ਦੱਸਿਆ ਕਿ ਜੇਕਰ ਭਵਿੱਖ ’ਚ ਕੋਈ ਅਜਿਹੀ ਸਥਿਤੀ ਆਉਂਦੀ ਹੈ ਤਾਂ ਗੰਭੀਰ ਅਵਸਥਾ ਵਾਲੇ ਮਰੀਜ਼ਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ’ਚ ਰੈਫਰ ਕੀਤਾ ਜਾਵੇਗਾ।
ਜ਼ਿਲਾ ਪੱਧਰੀ ਸਿਵਲ ਹਸਪਤਾਲ ’ਚ ਸੋਮਵਾਰ ਤੋਂ ਹੋਣਗੇ ਰੈਪਿਡ ਅਤੇ ਆਰ. ਟੀ. ਪੀ. ਸੀ. ਆਰ. ਟੈਸਟ
ਸਿਵਲ ਹਸਪਤਾਲ ਦੇ ਇੰਚਾਰਜ ਡਾ. ਸਵਰਨਜੀਤ ਧਵਨ ਨੇ ਕਿਹਾ ਕਿ ਸੋਮਵਾਰ ਤੋਂ ਹਸਪਤਾਲ ’ਚ ਆਰ. ਟੀ. ਪੀ. ਸੀ. ਆਰ. ਅਤੇ ਰੈਪਿਡ ਟੈਸਟ ਸ਼ੁਰੂ ਹੋ ਜਾਣਗੇ। ਉਨ੍ਹਾਂ ਕਿਹਾ ਕਿ ਰੈਪਿਡ ਟੈਸਟ ਲਈ ਹਜ਼ਾਰ ਕਿੱਟ ਦਾ ਆਰਡਰ ਦੇ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਆਰ. ਟੀ. ਪੀ. ਸੀ. ਆਰ. ਟੈਸਟਾਂ ਲਈ 100 ਕਿੱਟਾਂ ਮੈਡੀਕਲ ਕਾਲਜ ਤੋਂ ਆ ਗਈਆਂ ਹਨ। ਡਾ. ਧਵਨ ਨੇ ਦੱਸਿਆ ਕਿ ਜ਼ਿਲਾ ਪੱਧਰੀ ਸਿਵਲ ਹਸਪਤਾਲ ’ਚ ਕੋਰੋਨਾ ਨੂੰ ਲੈ ਕੇ ਪੁਖਤਾ ਇੰਤਜ਼ਾਮ ਕੀਤੇ ਗਏ ਹਨ ਅਤੇ ਲੋਕਾਂ ਨੂੰ ਸੁਚੇਤ ਕਰਕੇ ਜਾਗਰੂਕ ਕੀਤਾ ਜਾ ਰਿਹਾ ਹੈ।
ਸਿਹਤ ਵਿਭਾਗ ਦੀ ਐਡਵਾਈਜ਼ਰੀ ਦੀ ਪਾਲਣਾ ਲੋਕਾਂ ਲਈ ਜ਼ਰੂਰੀ
ਸਿਹਤ ਵਿਭਾਗ ਦੇ ਜ਼ਿਲਾ ਟੀ. ਬੀ. ਅਧਿਕਾਰੀ ਡਾ. ਵਿਜੇ ਗੋਤਵਾਲ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਕੋਰੋਨਾ ਨੂੰ ਲੈ ਕੇ ਲਗਾਤਾਰ ਲੋਕਾਂ ’ਚ ਜਾਗਰੂਕਤਾ ਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਖਾਂਸੀ ਜ਼ੁਕਾਮ ਤੋਂ ਪੀੜਤ ਮਰੀਜ਼ਾਂ ਨੂੰ ਟੈਸਟ ਕਰਵਾਉਣੇ ਚਾਹੀਦੇ ਹਨ ਤਾਂ ਜੋ ਨਿਰਧਾਰਤ ਸਮੇਂ ’ਤੇ ਹੀ ਇਸ ਵਾਇਰਸ ’ਤੇ ਲਗਾਮ ਲਾਈ ਜਾ ਸਕੇ।
Read More : ਰਾਜਨੀਤੀ ਮੇਰਾ ਧੰਦਾ ਨਹੀਂ, ਮੇਰਾ ਟੀਚਾ ਲੋਕਾਂ ਦੀ ਸੇਵਾ ਕਰਨਾ : ਸਿੱਧੂ