ਸੜਕ ਕਿਨਾਰੇ ਬੱਸ ਤੋਂ ਉਤਰ ਰਹੇ ਸਨ ਯਾਤਰੀ; ਬੱਸ ਅਤੇ ਕੰਟੇਨਰ ਡਰਾਈਵਰ ਮੌਕੇ ਤੋਂ ਫ਼ਰਾਰ
ਮਥੁਰਾ, 7 ਫਰਵਰੀ : ਯਮੁਨਾ ਐਕਸਪ੍ਰੈੱਸ-ਵੇਅ ’ਤੇ ਸ਼ਨੀਵਾਰ ਤੜਕੇ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿੱਥੇ ਇਕ ਤੇਜ਼ ਰਫ਼ਤਾਰ ਕੰਟੇਨਰ ਨੇ ਬੱਸ ਤੋਂ ਉਤਰ ਰਹੇ ਯਾਤਰੀਆਂ ਨੂੰ ਕੁਚਲ ਦਿੱਤਾ। ਇਸ ਹਾਦਸੇ ’ਚ 6 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਇਕ ਯਾਤਰੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ।
ਹਾਦਸਾ ਸੁਰੀਰ ਥਾਣਾ ਖੇਤਰ ’ਚ ਮੀਲ ਪੱਥਰ-88 ਦੇ ਕੋਲ ਸਵੇਰੇ ਲਗਭਗ ਪੌਣੇ 3 ਵਜੇ ਹੋਇਆ। ਜਾਣਕਾਰੀ ਅਨੁਸਾਰ ਨੋਇਡਾ ਤੋਂ ਆਗਰਾ ਜਾ ਰਹੀ ਬੱਸ ਨੂੰ ਡਰਾਈਵਰ ਨੇ ਨਿਰਧਾਰਿਤ ਗ੍ਰੀਨ ਜ਼ੋਨ ’ਚ ਰੋਕਣ ਦੀ ਬਜਾਏ ਨਿਯਮਾਂ ਦੇ ਉਲਟ ਸੜਕ ਕਿਨਾਰੇ ਖੜ੍ਹਾ ਕੀਤਾ ਸੀ। ਬੱਸ ਤੋਂ ਉਤਰ ਕੇ ਸੜਕ ਕਿਨਾਰੇ ਖੜ੍ਹੇ ਯਾਤਰੀਆਂ ’ਤੇ ਪਿੱਛੇ ਤੋਂ ਆ ਰਿਹਾ ਕੰਟੇਨਰ ਚੜ੍ਹ ਗਿਆ। ਹਾਦਸੇ ਤੋਂ ਬਾਅਦ ਬੱਸ ਅਤੇ ਕੰਟੇਨਰ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਏ।
ਸੁਰੀਰ ਪੁਲਸ ਥਾਣੇ ਦੇ ਐੱਸ.ਐੱਚ.ਓ. ਅਜੇ ਕੁਮਾਰ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਸੋਨੂੰ (32), ਦੇਵੇਸ਼ (32), ਅਸਲਮ (27), ਸੰਤੋਸ਼ (45), ਅਨੁਰਾਗ (27) ਅਤੇ ਪ੍ਰਮੋਦ (35) ਵਜੋਂ ਹੋਈ ਹੈ। ਗੰਭੀਰ ਰੂਪ ’ਚ ਜ਼ਖ਼ਮੀ ਸ਼ਿਵਕਾਂਤ ਦੂਬੇ (46) ਨੂੰ ਜ਼ਿਲਾ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।
ਜ਼ਿਲਾ ਅਧਿਕਾਰੀ ਚੰਦਰਪ੍ਰਕਾਸ਼ ਸਿੰਘ ਅਤੇ ਸੀਨੀਅਰ ਪੁਲਸ ਕਪਤਾਨ ਸ਼ਲੋਕ ਕੁਮਾਰ ਨੇ ਦੱਸਿਆ ਕਿ ਪੀੜਤ ਪਰਿਵਾਰਾਂ ਨੂੰ ਨਿਯਮ ਅਨੁਸਾਰ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ। ਪੁਲਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਕੇ ਫ਼ਰਾਰ ਡਰਾਈਵਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
Read More : ਨਸ਼ੇੜੀ ਪਿਓ ਨੇ ਮਾਸੂਮ ਧੀ ਨੂੰ ਪਾਣੀ ਦੇ ਟੱਬ ’ਚ ਸੁੱਟਿਆ, ਦਰਦਨਾਕ ਮੌਤ
