ਜਲੰਧਰ

ਜਲੰਧਰ ਵਿਖੇ ਜਲਦ ਸ਼ੁਰੂ ਹੋਵੇਗੀ ਸ੍ਰੀ ਗੁਰੂ ਰਵਿਦਾਸ ਬਾਣੀ ਅਧਿਐਨ ਸੈਂਟਰ ਦੀ ਉਸਾਰੀ : ਹਰਪਾਲ ਚੀਮਾ

ਵਿੱਤ ਮੰਤਰੀ ਵੱਲੋਂ ਡੇਰਾ ਸੱਚਖੰਡ ਬੱਲਾਂ ਵਿਖੇ ਨਕਸ਼ਿਆਂ ਦੀ ਸਮੀਖਿਆ; 500 ਵਿਦਿਆਰਥੀਆਂ ਲਈ ਬਣੇਗਾ ਵਿਸ਼ਵ ਪੱਧਰੀ ਸਿੱਖਿਆ ਤੇ ਅਧਿਆਤਮਿਕ ਹੱਬ

ਜਲੰਧਰ, 22 ਮਾਰਚ : ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਇੱਕ ਅਹਿਮ ਐਲਾਨ ਕਰਦਿਆਂ ਦੱਸਿਆ ਕਿ ਜਲੰਧਰ ਜ਼ਿਲ੍ਹੇ ਦੇ ਡੇਰਾ ਸੱਚਖੰਡ ਬੱਲਾਂ ਨੇੜੇ ਸਥਾਪਿਤ ਹੋਣ ਵਾਲੇ ‘ਸ੍ਰੀ ਗੁਰੂ ਰਵਿਦਾਸ ਬਾਣੀ ਅਧਿਐਨ ਸੈਂਟਰ’ ਦਾ ਨਿਰਮਾਣ ਕਾਰਜ ਅਧਿਕਾਰਤ ਲੇਆਊਟ ਪਲਾਨ ਤਿਆਰ ਹੁੰਦਿਆਂ ਹੀ ਜਲਦ ਸ਼ੁਰੂ ਕਰ ਦਿੱਤਾ ਜਾਵੇਗਾ। ਇਹ ਐਲਾਨ ਉਨ੍ਹਾਂ ਨੇ ਡੇਰਾ ਸੱਚਖੰਡ ਬੱਲਾਂ ਦੇ ਦੌਰੇ ਦੌਰਾਨ ਕੀਤਾ, ਜਿੱਥੇ ਉਨ੍ਹਾਂ ਨੇ ਖੁਦ ਪ੍ਰਸਤਾਵਿਤ ਨਕਸ਼ਿਆਂ ਦੀ ਬਾਰੀਕੀ ਨਾਲ ਸਮੀਖਿਆ ਕੀਤੀ ਅਤੇ ਪ੍ਰੋਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਲਿਆ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਜਾਣਕਾਰੀ ਸਾਂਝੀ ਕੀਤੀ ਕਿ ਇਸ ਅਹਿਮ ਪ੍ਰੋਜੈਕਟ ਨੂੰ ਨੇਪਰੇ ਚਾੜ੍ਹਨ ਲਈ ਪੰਜਾਬ ਸਰਕਾਰ ਵੱਲੋਂ ਪਿੰਡ ਨੌਗੱਜਾ ਅਤੇ ਫਰੀਦਪੁਰ ਵਿੱਚ 10.50 ਏਕੜ ਜ਼ਮੀਨ ਦਾ ਕਬਜ਼ਾ ਲਿਆ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਇਸ ਲੇਆਊਟ ਪਲਾਨ ਨੂੰ ਡੇਰੇ ਦੇ ਮੌਜੂਦਾ ਮੁਖੀ ਸੰਤ ਨਿਰੰਜਨ ਦਾਸ ਜੀ ਵੱਲੋਂ ਰਸਮੀ ਪ੍ਰਵਾਨਗੀ ਦੇ ਦਿੱਤੀ ਗਈ ਹੈ, ਜਿਸ ਨਾਲ ਵਿਕਾਸ ਦੇ ਅਗਲੇ ਪੜਾਅ ਦਾ ਰਾਹ ਪੂਰੀ ਤਰ੍ਹਾਂ ਸਾਫ਼ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਟੈਂਡਰ ਪ੍ਰਕਿਰਿਆ ਨੂੰ ਤਰਜੀਹ ਦੇ ਆਧਾਰ ‘ਤੇ ਮੁਕੰਮਲ ਕੀਤਾ ਜਾਵੇਗਾ ਤਾਂ ਜੋ ਉਸਾਰੀ ਦਾ ਕੰਮ ਤੁਰੰਤ ਸ਼ੁਰੂ ਹੋ ਸਕੇ।

ਇਹ ਕੇਂਦਰ ਸਿੱਖਿਆ ਅਤੇ ਅਧਿਆਤਮਿਕ ਖੋਜ ਦੇ ਇੱਕ ਵਿਆਪਕ ਹੱਬ ਵਜੋਂ ਵਿਕਸਤ ਕੀਤਾ ਜਾਵੇਗਾ। ਕੈਂਪਸ ਵਿੱਚ ਆਧੁਨਿਕ ਕਲਾਸਰੂਮਾਂ ਵਾਲਾ ਪ੍ਰਬੰਧਕੀ ਬਲਾਕ, ਇੱਕ ਵਿਸ਼ਾਲ ਲਾਇਬ੍ਰੇਰੀ ਅਤੇ ਵਿਸ਼ੇਸ਼ ਕੋਚਿੰਗ ਸਹੂਲਤਾਂ ਉਪਲਬਧ ਹੋਣਗੀਆਂ, ਜਿੱਥੇ 500 ਵਿਦਿਆਰਥੀ ਇੱਕੋ ਸਮੇਂ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਦਾ ਅਧਿਐਨ ਕਰ ਸਕਣਗੇ। ਇਸ ਤੋਂ ਇਲਾਵਾ, ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ, ਫਲਸਫੇ ਅਤੇ ਪਵਿੱਤਰ ਬਾਣੀ ਨਾਲ ਸਬੰਧਤ ਸਮੱਗਰੀ ਦੀ ਪ੍ਰਦਰਸ਼ਨੀ ਲਈ ਇੱਕ ਅਤਿ-ਆਧੁਨਿਕ ‘ਗੁਰੂ ਰਵਿਦਾਸ ਬਾਣੀ ਇੰਟਰਪ੍ਰੀਟੇਸ਼ਨ ਹਾਲ’ ਵੀ ਤਿਆਰ ਕੀਤਾ ਜਾਵੇਗਾ।

ਪ੍ਰੋਜੈਕਟ ਦੇ ਵੇਰਵੇ ਸਾਂਝੇ ਕਰਦਿਆਂ ਵਿੱਤ ਮੰਤਰੀ ਨੇ ਅੱਗੇ ਦੱਸਿਆ ਕਿ ਕੈਂਪਸ ਵਿੱਚ ਰਿਹਾਇਸ਼ੀ ਅਤੇ ਖੇਡਾਂ ਦੀਆਂ ਸ਼ਾਨਦਾਰ ਸਹੂਲਤਾਂ ਹੋਣਗੀਆਂ। ਇਸ ਵਿੱਚ ਲੜਕਿਆਂ ਅਤੇ ਲੜਕੀਆਂ ਲਈ ਵੱਖ-ਵੱਖ ਹੋਸਟਲ, ਅਧਿਆਪਕਾਂ ਲਈ ਰਿਹਾਇਸ਼ੀ ਕੁਆਰਟਰ, ਇੱਕ ਕੰਟੀਨ ਅਤੇ ਵਾਲੀਬਾਲ ਤੇ ਬਾਸਕਟਬਾਲ ਦੇ ਵਿਸ਼ੇਸ਼ ਮੈਦਾਨ ਵੀ ਬਣਾਏ ਜਾਣਗੇ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਸਰਕਾਰ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਨੂੰ ਵਿਸ਼ਵ ਪੱਧਰ ‘ਤੇ ਪਹੁੰਚਾਉਣ ਅਤੇ ਉਨ੍ਹਾਂ ਦੀ ਅਧਿਆਤਮਿਕ ਵਿਰਾਸਤ ਨੂੰ ਸੰਭਾਲਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

ਇਸ ਮੌਕੇ ਵਿੱਤ ਮੰਤਰੀ ਦੇ ਨਾਲ ਵਿਧਾਇਕ ਬਲਕਾਰ ਸਿੰਘ, ਵਿਧਾਇਕਾ ਇੰਦਰਜੀਤ ਕੌਰ ਮਾਨ, ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਪਵਨ ਕੁਮਾਰ ਟੀਨੂੰ, ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਪ੍ਰਿੰਸੀਪਲ ਪ੍ਰੇਮ ਕੁਮਾਰ, ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ, ‘ਆਪ’ ਆਗੂ ਰਾਜਵਿੰਦਰ ਕੌਰ ਥਿਆੜਾ, ਦਿਨੇਸ਼ ਢੱਲ ਅਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

Read More : ਚੀਨੀ ਨਾਗਰਿਕਾਂ ਨੂੰ ‘ਮਿਊਲ ਖਾਤੇ’ ਸਪਲਾਈ ਕਰਨ ਵਾਲੇ ਸਾਈਬਰ ਗਿਰੋਹ ਦਾ ਪਰਦਾਫਾਸ਼, ਤਿੰਨ ਗ੍ਰਿਫ਼ਤਾਰ

Leave a Reply

Your email address will not be published. Required fields are marked *