ਸੰਸਦ ‘ਚ ਬਿੱਲ ਰੋਕਣਾ ਲੋਕਤੰਤਰ ਦਾ ਅਪਮਾਨ, ਭਾਜਪਾ ਔਰਤਾਂ ਦੇ ਅਧਿਕਾਰਾਂ ਲਈ ਵਚਨਬੱਧ
ਰੋਹਤਕ, 20 ਅਪ੍ਰੈਲ : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਰੋਹਤਕ ਵਿੱਚ ਇੱਕ ਜਨਤਕ ਰੈਲੀ ਦੌਰਾਨ ਕਾਂਗਰਸ ਪਾਰਟੀ ‘ਤੇ ਤਿੱਖੇ ਹਮਲੇ ਕਰਦਿਆਂ ਉਨ੍ਹਾਂ ਨੂੰ ‘ਵਿਕਾਸ ਵਿਰੋਧੀ’ ਅਤੇ ‘ਮਹਿਲਾ ਵਿਰੋਧੀ’ ਕਰਾਰ ਦਿੱਤਾ ਹੈ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਦੇਸ਼ ਦੀ ਤਰੱਕੀ ਵਿੱਚ ਅੜਿੱਕੇ ਡਾਹੇ ਹਨ ਅਤੇ ਹੁਣ ਉਹ ਨਾਰੀ ਸ਼ਕਤੀ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਮੁੱਖ ਮੰਤਰੀ ਸੈਣੀ ਨੇ ਦੋਸ਼ ਲਾਇਆ ਕਿ ਕਾਂਗਰਸ ਅਤੇ ਰਾਹੁਲ ਗਾਂਧੀ ਨੇ ਹਮੇਸ਼ਾ ‘ਟਾਲ-ਮਟੋਲ ਅਤੇ ਗੁੰਮਰਾਹ ਕਰਨ’ ਦੀ ਰਾਜਨੀਤੀ ਕੀਤੀ ਹੈ। ਉਨ੍ਹਾਂ ਕਿਹਾ ਕਿ “ਨਾਰੀ ਸ਼ਕਤੀ ਵੰਦਨ ਬਿੱਲ ਨੂੰ ਰੋਕ ਕੇ ਕਾਂਗਰਸ ਨੇ ਲੋਕਤੰਤਰ ਦੀ ਸ਼ਾਨ ਨੂੰ ਢਾਹ ਲਗਾਈ ਹੈ। ਸੰਸਦ ਵਿੱਚ ਔਰਤਾਂ ਦੇ ਮਾਣ ਨੂੰ ਲਤਾੜਨਾ ਇਹ ਦਰਸਾਉਂਦਾ ਹੈ ਕਿ ਕਾਂਗਰਸ ਕੋਲ ਨਾ ਤਾਂ ਨੀਤੀ ਹੈ ਅਤੇ ਨਾ ਹੀ ਕੋਈ ਇਰਾਦਾ।”
ਸੈਣੀ ਨੇ ਤਿੱਖੇ ਸ਼ਬਦਾਂ ਦੀ ਵਰਤੋਂ ਕਰਦਿਆਂ ਕਿਹਾ ਕਿ ਜਿਵੇਂ ਪੁਰਾਣੇ ਸਮੇਂ ਵਿੱਚ ਦੁਰਯੋਧਨ ਅਤੇ ਦੁਸ਼ਾਸਨ ਨੇ ਔਰਤਾਂ ਦੇ ਮਾਣ ਨੂੰ ਠੇਸ ਪਹੁੰਚਾਈ ਸੀ, ਉਸੇ ਤਰ੍ਹਾਂ ਅੱਜ ਕਾਂਗਰਸ ਦੇ ਆਗੂ ਨਾਰੀ ਸ਼ਕਤੀ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੁਲਨਾ ‘ਭੀਸ਼ਮ’ ਨਾਲ ਕਰਦਿਆਂ ਕਿਹਾ ਕਿ, “ਭਾਵੇਂ ਕਾਂਗਰਸ ਜਿੰਨਾ ਮਰਜ਼ੀ ਜ਼ੋਰ ਲਗਾ ਲਵੇ, ਉਹ ਮੋਦੀ ਜੀ ਵਰਗੇ ਸਿਦਕੀ ਆਗੂ ਨੂੰ ਨਹੀਂ ਰੋਕ ਸਕਣਗੇ।”
ਮੁੱਖ ਮੰਤਰੀ ਨੇ ਵਿਰੋਧੀ ਧਿਰ ਦੇ ਮਨਸੂਬਿਆਂ ‘ਤੇ ਵਾਰ ਕਰਦਿਆਂ ਕਿਹਾ ਕਿ ਕਾਂਗਰਸ ਮਹਿਲਾ ਰਾਖਵਾਂਕਰਨ ਬਿੱਲ ਦੇ ਰੁਕਣ ‘ਤੇ ਜਸ਼ਨ ਮਨਾ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਡਰ ਹੈ ਕਿ ਜੇਕਰ ਔਰਤਾਂ ਸਸ਼ਕਤ ਹੋ ਗਈਆਂ ਤਾਂ ਉਨ੍ਹਾਂ ਦਾ ਸਿਆਸੀ ਕਰੀਅਰ ਖ਼ਤਮ ਹੋ ਜਾਵੇਗਾ। ਸੈਣੀ ਨੇ ਸਾਫ਼ ਕੀਤਾ ਕਿ ਭਾਜਪਾ ਔਰਤਾਂ ਦੇ ਸਨਮਾਨ ਅਤੇ ਉਨ੍ਹਾਂ ਦੀ ਅਗਵਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਮੁੱਖ ਮੰਤਰੀ ਨੇ ਭਵਿੱਖਬਾਣੀ ਕੀਤੀ ਕਿ ਦੇਸ਼ ਦੀਆਂ ਔਰਤਾਂ ਕਾਂਗਰਸ ਦੇ ਇਸ ਵਤੀਰੇ ਨੂੰ ਕਦੇ ਮੁਆਫ਼ ਨਹੀਂ ਕਰਨਗੀਆਂ। ਉਨ੍ਹਾਂ ਦਾਅਵਾ ਕੀਤਾ ਕਿ 2029 ਦੀਆਂ ਚੋਣਾਂ ਵਿੱਚ ਕਾਂਗਰਸ ਦਾ ਸਫਾਇਆ ਹੋ ਜਾਵੇਗਾ ਅਤੇ ਇਹ ਪਾਰਟੀ ਰਾਜਨੀਤੀ ਦੇ ਨਕਸ਼ੇ ਤੋਂ ਲਗਭਗ ਗਾਇਬ ਹੋ ਜਾਵੇਗੀ।
Read More : ਮੁੱਖ ਮੰਤਰੀ ਸਿਹਤ ਯੋਜਨਾ : ਕੈਂਸਰ ਪੀੜਤ ਬਜ਼ੁਰਗ ਮਹਿਲਾ ਦਾ 8 ਲੱਖ ਦਾ ਇਲਾਜ ਮੁਫ਼ਤ
