* ਰਾਹੁਲ ਗਾਂਧੀ ਦੇ ਵੋਟ ਚੋਰੀ ਦੇ ਖੁਲਾਸੇ ਨੇ ਸੱਚ ਉਜਾਗਰ ਕੀਤਾ : ਕੋਟਲੀ
ਖੰਨਾ, 19 ਅਗਸਤ : ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸੂਬਾ ਸਰਕਾਰ ਨੂੰ ਹੱਦ ਦਰਜੇ ਦੀ ਨਿਕੰਮੀ ਤੇ ਫ਼ੇਲ ਸਰਕਾਰ ਕਰਾਰ ਦਿੱਤਾ ਹੈ। ਖੰਨਾ ਵਿਖੇ ਸਾਬਕਾ ਮੰਤਰੀ ਗੁਰਕੀਰਤ ਸਿੰਘ ਦੇ ਨਿਵਾਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਸ਼ ਲਾਇਆ ਕਿ ਲੈਂਡ ਪੂਲਿੰਗ ਪਾਲਿਸੀ ’ਚ ਸੂਬਾ ਸਰਕਾਰ ਨੂੰ ਨਮੋਸ਼ੀ ਝੱਲਣੀ ਪਈ।
ਉਨ੍ਹਾਂ ਕਿਹਾ ਕਿ ਅਸਲ ’ਚ ਸੂਬਾ ਸਰਕਾਰ ਕਿਸਾਨ ਵਿਰੋਧੀ ਹੈ ਤੇ ਮੁੱਖ ਮੰਤਰੀ ਨੇ ਆਪਣਾ ਸਭ ਕੁੱਝ ਦਿੱਲੀ ਵਾਲਿਆਂ ਦੇ ਹਵਾਲੇ ਕੀਤਾ ਹੋਇਆ ਹੈ। ਬਾਜਵਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਮਾਨ ਨੂੰ ਸੂਬੇ ਦੀ ਵਾਗਡੋਰ ਦਿੱਤੀ ਹੈ ਨਾ ਕਿ ਦਿੱਲੀ ਵਾਲੇ ਹਾਰੇ ਹੋਏ ਆਗੂਆਂ ਨੂੰ । ਉਨ੍ਹਾਂ ਦਾਅਵਾ ਕੀਤਾ ਕਿ 2027 ’ਚ ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ, ਜੋ ਸੂਬੇ ਦੇ ਲੋਕਾਂ ਦੀਆਂ ਦੁੱਖ ਤਕਲੀਫ਼ਾਂ ਨੂੰ ਦੂਰ ਕਰਨ ਵਾਸਤੇ ਆਪਣੀ ਪੂਰੀ ਵਾਹ ਲਾ ਦੇਵੇਗੀ ।
ਸਾਬਕਾ ਮੰਤਰੀ ਗੁਰਕੀਰਤ ਸਿੰਘ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਸਖਤ ਮਿਹਨਤ ਕਰਕੇ ਭਾਜਪਾ ਵੱਲੋਂ ਵੋਟ ਚੋਰੀ ਕਰ ਕੇ ਸਰਕਾਰ ਬਣਾਏ ਜਾਣ ਦੀ ਚੋਰੀ ਦਾ ਖੁਲਾਸਾ ਕਰ ਕੇ ਸੱਚ ਲੋਕਾਂ ਸਾਹਮਣੇ ਰੱਖਿਆ ਹੈ। ਵੋਟ ਚੋਰੀ ਕਰ ਕੇ ਭਾਜਪਾ ਲੋਕਾਂ ਦੀਆਂ ਭਾਵਨਾਵਾਂ ਦਾ ਮਜ਼ਾਕ ਉਡਾਉਂਦੀ ਹੈ।
ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਸ਼ਿਵ ਨਾਥ ਕਾਲਾ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਤੇ ਸਾਬਕਾ ਮੰਤਰੀ ਗੁਰਕੀਰਤ ਨੂੰ ਭਰੋਸਾ ਦਿੱਤਾ ਕਿ ਪਾਰਟੀ ਵਰਕਰ ਪਾਰਟੀ ਹਾਈਕਮਾਂਡ ਦੇ ਆਦੇਸ਼ਾਂ ’ਤੇ ਪਾਰਟੀ ਦੀਆਂ ਪਾਲਿਸੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਜੀਅ ਜਾਨ ਲਗਾ ਦੇਣਗੇ। ਇਸ ਮੌਕੇ ਬਲਾਕ ਕਾਂਗਰਸ ਪ੍ਰਧਾਨ ਹਰਜਿੰਦਰ ਸਿੰਘ ਇਕੋਲਾਹਾ ਤੇ ਬੌਬੀ ਗਰਗ ਵੀ ਮੌਜੂਦ ਸਨ।
Read More : ਨਸ਼ਾ ਤਸਕਰਾਂ ਵੱਲੋਂ ਕੀਤੀ ਨਾਜਾਇਜ਼ ਉਸਾਰੀ ਢਾਹੀ