Municipal Corporation House meeting

ਨਗਰ ਨਿਗਮ ਹਾਊਸ ਦੀ ਬੈਠਕ ‘ਚ ਕਾਂਗਰਸ ਅਤੇ ‘ਆਪ’ ਕੌਂਸਲਰ ਵੱਲੋਂ ਨਾਅਰੇਬਾਜ਼ੀ

ਮੇਅਰ ਦੇ ਫੈਸਲੇ ਦਾ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਕੀਤਾ ਵਿਰੋਧ

ਚੰਡੀਗੜ੍ਹ, 30 ਸਤੰਬਰ : ਅੱਜ ਚੰਡੀਗੜ੍ਹ ਨਗਰ ਨਿਗਮ ਹਾਊਸ ਦੀ ਬੈਠਕ ‘ਚ ਜ਼ਬਰਦਸਤ ਹੰਗਾਮਾ ਹੋਇਆ। ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ ਕਈ ਮੁੱਦਿਆਂ ‘ਤੇ ਹਾਊਸ ‘ਚ ਨਾਅਰੇਬਾਜ਼ੀ ਕੀਤੀ ਅਤੇ ਮੇਅਰ ਤੋਂ ਜਵਾਬ ਮੰਗਿਆ।

ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਕੌਂਸਲਰਾਂ ਨੇ ਦੋਸ਼ ਲਾਇਆ ਕਿ ਪਿਛਲੀ ਬੈਠਕ ਦੇ ਮਿਨਟਸ ਪੂਰੀ ਤਰ੍ਹਾਂ ਮਨਮਰਜ਼ੀ ਨਾਲ ਤਿਆਰ ਕੀਤੇ ਗਏ ਹਨ ਤੇ ਬੈਠਕ ਦੌਰਾਨ ਉਨ੍ਹਾਂ ਨੂੰ ਬੇਵਜ੍ਹਾ ਮਾਰਸ਼ਲ ਵੱਲੋਂ ਬਾਹਰ ਕੱਢ ਦਿੱਤਾ ਗਿਆ। ਕਰੀਬ 1 ਘੰਟੇ ਤਕ ਹਾਊਸ ਦੀ ਬੈਠਕ ‘ਚ ਹੰਗਾਮਾ ਹੁੰਦਾ ਰਿਹਾ ਤੇ ਸਥਿਤੀ ਉਸ ਸਮੇਂ ਹੋਰ ਵੀ ਖਰਾਬ ਹੋ ਗਈ, ਜਦੋਂ ਕਾਂਗਰਸ ਦੇ ਕੌਂਸਲਰਾਂ ਨੇ ਪਿਛਲੀ ਬੈਠਕ ਦੇ ਮਿਨਟਸ ਦੀਆਂ ਕਾਪੀਆਂ ਪਾੜ ਕੇ ਮੇਅਰ ਦੇ ਟੇਬਲ ‘ਤੇ ਸੁੱਟ ਦਿੱਤੀਆਂ।

ਮੇਅਰ ਹਰਪ੍ਰੀਤ ਕੌਰ ਬਬਲਾ ਨੇ ਹੰਗਾਮਾ ਅਤੇ ਮਿਨਟਸ ਦੀਆਂ ਕਾਪੀਆਂ ਪਾੜਨ ਵਾਲੇ ਕੌਂਸਲਰਾਂ ਨੂੰ ਸਦਨ ਤੋਂ ਬਾਹਰ ਕੱਢਣ ਦੇ ਹੁਕਮ ਦੇ ਦਿੱਤੇ। ਉਨ੍ਹਾਂ ਸੀਨੀਅਰ ਡਿਪਟੀ ਮੇਅਰ ਜਸਵੀਰ ਸਿੰਘ ਬੰਟੀ, ਡਿਪਟੀ ਮੇਅਰ ਤਰੁਣ ਮਹਿਤਾ ਤੇ ਕੌਂਸਲਰ ਪ੍ਰੇਮਲਤਾ ਨੂੰ ਵੀ ਮਿਨਟਸ ਦੀ ਕਾਪੀ ਪਾੜਨ ‘ਤੇ ਹਾਊਸ ਤੋਂ ਬਾਹਰ ਕੱਢਣ ਦੇ ਹੁਕਮ ਦਿੱਤੇ।

ਇਸ ਦੌਰਾਨ ਮੇਅਰ ਦੇ ਫੈਸਲੇ ਦਾ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਕੌਂਸਲਰਾਂ ਨੇ ਜ਼ੋਰਦਾਰ ਵਿਰੋਧ ਕੀਤਾ। ਸਾਰੀਆਂ ਆਪਣੀਆਂ ਸੀਟਾਂ ਤੋਂ ਉੱਠ ਕੇ ਹਾਊਸ ਦੇ ਵਿਚਕਾਰ ਆ ਕੇ ਨਾਅਰੇਬਾਜ਼ੀ ਕਰਨ ਲੱਗੇ। ਹਾਲਾਤ ਨੂੰ ਦੇਖਦੇ ਹੋਏ ਮੇਅਰ ਨੇ ਹਾਲਾਂਕਿ ਹਾਊਸ ਦੀ ਬੈਠਕ ਨੂੰ ਕੁਝ ਸਮੇਂ ਲਈ ਰੋਕ ਦਿੱਤਾ।

ਇਸ ਹਾਊਸ ਦੀ ਬੈਠਕ ਸ਼ੁਰੂ ਹੋਣ ‘ਤੇ ਕੌਂਸਲਰ ਸੌਰਭ ਜੋਸ਼ੀ ਨੇ ਹੌਰਟੀਕਲਚਰ ਵਿਭਾਗ ਦੀ ਕਾਰਜ ਪ੍ਰਣਾਲੀ ਬਾਰੇ ਕਈ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਸ਼ਹਿਰ ‘ਚ ਕੂੜੇ ਦੇ ਨਿਪਟਾਰੇ ਨੂੰ ਲੈ ਕੇ 110 ਤੋਂ ਵੱਧ ਥਾਵਾਂ ‘ਤੇ ਡੰਪ ਬਣਾਏ ਗਏ ਹਨ ਪਰ ਉਨ੍ਹਾਂ ਦੀ ਹਾਲਤ ਬਹੁਤ ਹੀ ਖਰਾਬ ਹੈ। ਉਨ੍ਹਾਂ ਹੌਰਟੀਕਲਚਰ ਵਿਭਾਗ ‘ਚ ਹੋਰ ਬੇਨਿਯਮੀਆਂ ਨੂੰ ਲੈ ਕੇ ਨਗਰ ਨਿਗਮ ਕਮਿਸ਼ਨਰ ਤੋਂ ਜਾਂਚ ਦੀ ਮੰਗ ਕੀਤੀ।

ਹਾਊਸ ਦੀ ਬੈਠਕ ‘ਚ ਜਦੋਂ ਭਾਜਪਾ ਦੇ ਕੁਝ ਕੌਂਸਲਰਾਂ ਨੇ ਹਾਲ ਹੀ ‘ਚ ਮਾਸਕੋ ‘ਚ ਮੇਅਰ ਨੂੰ ਮਿਲੇ ਐਵਾਰਡ ‘ਤੇ ਵਧਾਈ ਦੇਣੀ ਸ਼ੁਰੂ ਕੀਤੀ ਤਾਂ ਇਸ ਦਾ ਵੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਕੌਂਸਲਰਾਂ ਨੇ ਵਿਰੋਧ ਕੀਤਾ। ਇਸ ਮਾਮਲੇ ‘ਤੇ ਵੀ ਕਾਫੀ ਦੇਰ ਤਕ ਹੰਗਾਮਾ ਚੱਲਦਾ ਰਿਹਾ।

ਹਾਊਸ ਦੀ ਬੈਠਕ ‘ਚ ਪਿਛਲੇ ਦਿਨਾਂ ਸੈਕਟਰ 22 ‘ਚ ਕੇਂਦਰੀ ਮੰਤਰੀ ਮਨੋਹਰ ਲਾਲ ਸਫਾਈ ਮੁਹਿੰਮ ‘ਚ ਹਿੱਸਾ ਲੈਣ ਤੋਂ ਪਹਿਲਾਂ ਰਾਤ ਨੂੰ ਕੁੜਾ ਸੁੱਟਣ ਦੇ ਮਾਮਲੇ ‘ਚ ਵੀ ਹੰਗਾਮਾ ਹੋਇਆ। ਇਸ ਮਾਮਲੇ ‘ਚ ਕਾਂਗਰਸ ਦੇ ਕੌਂਸਲਰਾਂ ਨੇ ਕਿਹਾ ਕਿ ਇਹ ਕਿਸੇ ਵੱਡੇ ਆਗੂ ਦੇ ਹੁਕਮ ‘ਤੇ ਕੀਤਾ ਗਿਆ ਹੈ, ਪਰ ਇਸ ਦੀ ਸਜ਼ਾ ਦੋ ਬੇਕਸੂਰ ਮੁਲਾਜ਼ਮਾਂ ਨੂੰ ਮੁਅੱਤਲ ਕਰ ਕੇ ਦਿੱਤੀ ਗਈ ਹੈ। ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਦੋਵਾਂ ਮੁਲਾਜ਼ਮਾਂ ਨੂੰ ਤੁਰੰਤ ਬਹਾਲ ਕਰਨ ਦੀ ਮੰਗ ਕੀਤੀ।

Read More : ਸੀਵਰਮੈਨਾਂ ਤੇ ਸੈਨੀਟੇਸ਼ਨ ਵਰਕਰਾਂ ਦੀ ਭਰਤੀ ਨਿਯਮਤ ਆਧਾਰ ‘ਤੇ ਕੀਤੀ ਜਾਵੇ : ਚੀਮਾ

Leave a Reply

Your email address will not be published. Required fields are marked *