ਬਿਲਾਸਪੁਰ-ਕੋਰਬਾ ਰੂਟ ਠੱਪ, 8 ਰੇਲ ਗੱਡੀਆਂ ਰੱਦ
ਬਿਲਾਸਪੁਰ, 4 ਨਵੰਬਰ : ਛੱਤੀਸਗੜ੍ਹ ਦੇ ਬਿਲਾਸਪੁਰ ਰੇਲ ਮੰਡਲ ’ਚ ਕੋਰਬਾ ਜਾ ਰਹੀ ਯਾਤਰੀ ਰੇਲ ਗੱਡੀ ਅਤੇ ਕੋਲੇ ਨਾਲ ਭਰੀ ਮਾਲ-ਗੱਡੀ ਦੀ ਜੈਰਾਮਨਗਰ-ਕੋਟਮੀਸੋਨਾਰ ਵਿਚ ਆਹਮੋ-ਸਾਹਮਣੀ ਟੱਕਰ ਹੋਣ ਨਾਲ 7 ਲੋਕਾਂ ਦੀ ਮੌਤ ਹੋ ਗਈ ਅਤੇ 15 ਤੋਂ ਵੱਧ ਹੋਰ ਜ਼ਖ਼ਮੀ ਹੋ ਗਏ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਯਾਤਰੀ ਟਰੇਨ ਦੇ 2 ਕੋਚ ਪੂਰੀ ਤਰ੍ਹਾਂ ਨੁਕਸਾਨੇ ਗਏ। ਕਈ ਜ਼ਖ਼ਮੀਆਂ ਨੂੰ ਬਿਲਾਸਪੁਰ ਹਸਪਤਾਲ ਪਹੁੰਚਾਇਆ ਗਿਆ ਹੈ।
ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਮੌਕੇ ’ਤੇ ਰਾਹਤ ਅਤੇ ਬਚਾਅ ਕੰਮ ਚੱਲ ਰਿਹਾ ਹੈ। ਇਹ ਰੇਲ ਗੱਡੀ 1:30 ਵਜੇ ਰਵਾਨਾ ਹੋਈ ਸੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਓਵਰਹੈੱਡ ਵਾਇਰ ਅਤੇ ਸਿਗਨਲ ਸਿਸਟਮ ਨੂੰ ਵੀ ਭਾਰੀ ਨੁਕਸਾਨ ਹੋਇਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਰੰਮਤ ਕੰਮਾਂ ’ਚ ਕਈ ਘੰਟੇ ਲੱਗ ਸਕਦੇ ਹਨ, ਜਿਸ ਕਾਰਨ ਟਰੇਨਾਂ ਦਾ ਸੰਚਾਲਨ ਦੇਰ ਰਾਤ ਤੱਕ ਪ੍ਰਭਾਵਿਤ ਰਹਿ ਸਕਦਾ ਹੈ।
ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਰੇਲਵੇ ਪ੍ਰਸ਼ਾਸਨ ਅਤੇ ਜ਼ਿਲਾ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਹਨ। ਕੁਝ ਚਸ਼ਮਦੀਦਾਂ ਮੁਤਾਬਕ ਮਾਲ-ਗੱਡੀ ਬੇਕਾਬੂ ਹੋ ਕੇ ਯਾਤਰੀ ਟਰੇਨ ਨਾਲ ਟਕਰਾਅ ਗਈ, ਜਿਸ ਕਾਰਨ ਇੰਜਣ ’ਚ ਅੱਗ ਲੱਗ ਗਈ ਤੇ ਦੂਰ-ਦੂਰ ਤੱਕ ਧੂੰਆਂ ਫੈਲ ਗਿਆ।
ਹਾਦਸੇ ਕਾਰਨ ਬਿਲਾਸਪੁਰ-ਕੋਰਬਾ ਰੂਟ ਠੱਪ ਰਿਹਾ ਅਤੇ 8 ਰੇਲ ਗੱਡੀਆਂ ਰੱਦ ਕਰਨੀਆਂ ਪਈਆਂ। ਫਿਲਹਾਲ ਜਾਂਚ ਲਈ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ।
Read More : ਬੇਕਾਬੂ ਡੰਪਰ ਨੇ 17 ਗੱਡੀਆਂ ਨੂੰ ਕੁਚਲਿਆ, 13 ਲੋਕਾਂ ਦੀ ਮੌਤ
