ਮੁਕੇਰੀਆਂ, 3 ਫਰਵਰੀ: ਨੈਸ਼ਨਲ ਹਾਈਵੇਅ ਜਲੰਧਰ-ਪਠਾਨਕੋਟ ’ਤੇ ਸਥਿਤ ਬੁਲੇਟ ਮੋਟਰਸਾਈਕਲ ਏਜੰਸੀ ਦੇ ਸਾਹਮਣੇ ਸਰਵਿਸ ਲੇਨ ’ਤੇ ਇਕ ਕਾਰ, ਸਕੂਟਰ ਅਤੇ ਟਰੱਕ ਦੀ ਟੱਕਰ ’ਚ ਚਾਰ ਵਿਅਕਤੀਆਂ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਡੀ.ਐੱਸ.ਪੀ. ਦਸੂਹਾ ਬਲਵਿੰਦਰ ਸਿੰਘ ਜੌੜਾ ਨੇ ਦੱਸਿਆ ਕਿ ਬੀਤੀ ਰਾਤ ਲਗਭਗ 1.30 ਵਜੇ ਕਾਲਾ ਮੰਜ ਰੋਡ ’ਤੇ ਸਥਿਤ ਸੀ. ਕੇ. ਫਾਰਮ ਵਿਖੇ ਇਕ ਵਿਆਹ ਸਮਾਗਮ ਚੱਲ ਰਿਹਾ ਸੀ। ਇਸ ਸਮਾਗਮ ’ਚ ਨਰਿੰਦਰ ਕੁਮਾਰ ਗੱਗੀ (24) ਪੁੱਤਰ ਪ੍ਰੀਤਮ ਲਾਲ, ਸੁਖਵਿੰਦਰ ਸਿੰਘ ਸੋਨੂੰ (40) ਪੁੱਤਰ ਅਮਰਨਾਥ (ਦੋਵੇਂ ਵਾਸੀ ਜਬਲ ਮਾਰਕੀਟ, ਮੁਕੇਰੀਆਂ) ਅਤੇ ਮਿਥੁਨ ਮੰਡਲ (37) ਪੁੱਤਰ ਰਾਮ ਪ੍ਰਸ਼ਾਦ ਮੰਡਲ, ਵਿਵਿਧ ਸਾਹੂ (46) ਪੁੱਤਰ ਮੁਕਤ ਸਾਹੂ (ਦੋਵੇਂ ਵਾਸੀ ਪਘਾਰੀ, ਬਿਹਾਰ, ਮੌਜੂਦਾ ਨਿਵਾਸੀ ਜਲੰਧਰ) ਕੰਮ ਨਿਬੇੜ ਕੇ ਆਪਣੇ ਸਕੂਟਰ ’ਤੇ ਘਰ ਵਾਪਸ ਆ ਰਹੇ ਸਨ।
ਜਿਵੇਂ ਹੀ ਉਹ ਘਟਨਾ ਵਾਲੀ ਥਾਂ ’ਤੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੀ ਇਕ ਕਾਰ ਨੇ ਉਨ੍ਹਾਂ ਦੇ ਸਕੂਟਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਪਹਿਲਾਂ ਤੋਂ ਸਰਵਿਸ ਲੇਨ ’ਤੇ ਖੜ੍ਹੇ ਇਕ ਟਰੱਕ ਨਾਲ ਬੁਰੀ ਤਰ੍ਹਾਂ ਟਕਰਾ ਗਏ। ਇਸ ਭਿਆਨਕ ਹਾਦਸੇ ’ਚ ਸਕੂਟਰ ਸਵਾਰਾਂ ਸਮੇਤ ਚਾਰ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਸੂਚਨਾ ਮਿਲਣ ’ਤੇ ਰੋਡ ਸੇਫਟੀ ਫੋਰਸ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਐਂਬੂਲੈਂਸ ਦੀ ਮਦਦ ਨਾਲ ਲਾਸ਼ਾਂ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਰੱਖਵਾਇਆ ਗਿਆ। ਪੁਲਸ ਨੇ ਸਾਰੇ ਵਾਹਨਾਂ ਨੂੰ ਆਪਣੇ ਕਬਜ਼ੇ ’ਚ ਲੈ ਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Read More : ਨਗਰ ਨਿਗਮ ਤੇ ਕੌਂਸਲ ਚੋਣਾਂ ’ਚ ਸ਼ਸ਼ੋਪੰਜ ਬਰਕਰਾਰ, ਹਾਈਕੋਰਟ ਵੱਲੋਂ ਚੋਣ ਪ੍ਰਕਿਰਿਆ ’ਤੇ ਰੋਕ
