ਵਿਜੇ ਸਿੰਗਲਾ ਨੂੰ ਮਿਲੀ ਕਲੀਨ ਚਿੱਟ ; ਸੁਣਵਾਈ 14 ਜੁਲਾਈ ਨੂੰ

ਮੁੜ ਝੰਡੀ ਵਾਲੀ ਕਾਰ ਮਿਲਣ ਦੀ ਚਰਚਾ ; 66 ਦਿਨ ਰਹੇ ਸਨ ਸਿਹਤ ਮੰਤਰੀ

ਮਾਨਸਾ, 28 ਜੂਨ :-ਲੰਬੇ ਸਮੇਂ ਬਾਅਦ ਮਾਨਸਾ ਦੇ ਵਿਧਾਇਕ ਡਾ. ਵਿਜੇ ਸਿੰਗਲਾ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਮੋਹਾਲੀ ਪੁਲਸ ਵੱਲੋਂ ਕਲੀਨ ਚਿੱਟ ਦੇ ਦਿੱਤੀ ਗਈ ਹੈ। ਪੁਲਸ ਨੇ ਇਸ ਸਬੰਧੀ ਮੋਹਾਲੀ ਦੀ ਅਦਾਲਤ ਵਿਚ ਵਿਧਾਇਕ ਵਿਜੇ ਸਿੰਗਲਾ ਨੂੰ ਕਲੀਨ ਚਿੱਟ ਦੇਣ ਦੀ ਕਲੋਜ਼ਰ ਰਿਪੋਰਟ ਦਾਖਲ ਕੀਤੀ ਹੈ। ਜਿਸ ’ਤੇ 14 ਜੁਲਾਈ ਨੂੰ ਸੁਣਵਾਈ ਹੋਵੇਗੀ।

ਵਿਧਾਇਕ ਸਿੰਗਲਾ ਨੂੰ ਪੁਲਸ ਵੱਲੋਂ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਕਲੀਨ ਚਿੱਟ ਮਿਲਣ ਤੋਂ ਬਾਅਦ ਉਨ੍ਹਾਂ ਦੇ ਖੇਮੇ ਵਿਚ ਖੁਸ਼ੀ ਦਾ ਆਲਮ ਹੈ ਅਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਅੱਜ ਸੋਸ਼ਲ ਮੀਡੀਆ ਸਮੇਤ ਮਾਨਸਾ ਦੇ ਇਕ ਸਮਾਗਮ ਦੌਰਾਨ ਉਨ੍ਹਾਂ ਨੂੰ ਅਗਾਊ ਤੌਰ ’ਤੇ ਵਧਾਈਆਂ ਦਿੱਤੀਆਂ।

ਸੋਸ਼ਲ ਮੀਡੀਆ ’ਤੇ ਡਾ. ਵਿਜੇ ਸਿੰਗਲਾ ਨੂੰ ਮੁੜ ਤੋਂ ਝੰਡੀ ਵਾਲੀ ਕਾਰ ਮਿਲਣ ਦੀ ਕਾਮਨਾ ਕੀਤੀ ਜਾ ਰਹੀ ਹੈ। ਇਹ ਵੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਪੰਜਾਬ ਸਰਕਾਰ ਛੇਤੀ ਹੀ ਆਪਣੇ ਮੰਤਰੀ ਮੰਡਲ ’ਚ ਵਾਧਾ ਅਤੇ ਉਲਟ ਫੇਰ ਕਰਨ ਜਾ ਰਹੀ ਹੈ, ਜਿਸ ’ਚ ਡਾ. ਵਿਜੇ ਸਿੰਗਲਾ ਦਾ ਨਾਂ ਮੁੜ ਜੁੜ ਸਕਦਾ ਹੈ।

ਜ਼ਿਕਰਯੋਗ ਹੈ ਕਿ ਮਾਨਸਾ ਦੇ ਵਿਧਾਇਕ ਡਾ. ਵਿਜੇ ਸਿੰਗਲਾ ਨੂੰ ਕੈਬਨਿਟ ਵਿਚ ਬਤੌਰ ਸਿਹਤ ਮੰਤਰੀ ਬਣਾਇਆ ਗਿਆ ਸੀ ਅਤੇ 66 ਦਿਨਾਂ ਬਾਅਦ ਇਕ ਦੋਸ਼ ਤਹਿਤ ਉਨ੍ਹਾਂ ਤੋਂ ਝੰਡੀ ਵਾਲੀ ਕਾਰ ਵਾਪਸ ਲੈ ਲਈ ਗਈ। ਇਸ ਮਾਮਲੇ ’ਤੇ ਵਿਜੇ ਸਿੰਗਲਾ ਅਤੇ ਹੋਰਨਾਂ ਨੇ ਚੁੱਪੀ ਵੀ ਧਾਰੀ ਰੱਖੀ ਪਰ ਹੁਣ ਮੋਹਾਲੀ ਪੁਲਸ ਨੇ ਉੱਥੋਂ ਦੀ ਅਦਾਲਤ ’ਚ ਵਿਜੇ ਸਿੰਗਲਾ ਮਾਮਲੇ ਵਿਚ ਕਲੋਜ਼ਰ ਰਿਪੋਰਟ ਦਾਖਲ ਕਰ ਕੇ ਉਨ੍ਹਾਂ ਨੂੰ ਕਲੀਨ ਚਿੱਟ ਦਿੱਤੀ ਹੈ।

ਇਸ ਸਬੰਧੀ ਡਾ. ਵਿਜੇ ਸਿੰਗਲਾ ਦਾ ਕਹਿਣਾ ਹੈ ਕਿ ਕਈ ਵਾਰ ਬਿਨਾਂ ਕਸੂਰ ਤੋਂ ਵੀ ਸਜ਼ਾ ਮਿਲ ਜਾਂਦੀ ਹੈ ਪਰ ਉਹ ਸੱਚੇ ਸਨ ਤਾਂ ਪ੍ਰਮਾਤਮਾ ਨੇ ਉਨ੍ਹਾਂ ਦਾ ਸਾਥ ਦਿੱਤਾ। ਮਾਨਸਾ ਦੇ ਲੋਕਾਂ ਦੇ ਆਸ਼ੀਰਵਾਦ ਸਦਕਾ ਉਨ੍ਹਾਂ ਨੂੰ ਕਲੀਨ ਚਿੱਟ ਮਿਲੀ ਹੈ। ਉਨ੍ਹਾਂ ਕਿਹਾ ਕਿ ਅਜੇ ਇਹ ਮਾਮਲਾ ਅਦਾਲਤ ਵਿਚ ਹੈ। ਆਸ ਹੈ ਕਿ ਅਦਾਲਤ ਵੱਲੋਂ ਵੀ ਉਨ੍ਹਾਂ ਨੂੰ ਕਲੀਨ ਚਿੱਟ ਮਿਲ ਜਾਵੇਗੀ।

Read More : ਸਿਹਤ ਮੰਤਰੀ ਵੱਲੋਂ ਮਾਤਾ ਕੌਸ਼ਲਿਆ ਸਰਕਾਰੀ ਹਸਪਤਾਲ ਦਾ ਨਿਰੀਖਣ

Leave a Reply

Your email address will not be published. Required fields are marked *