Save the Constitution rally

ਮੁੱਖ ਮੰਤਰੀ ਸ੍ਰੀ ਹਰਿਮੰਦਰ ਸਾਹਿਬ ਦੀ ਸੁਰੱਖਿਆ ਦੇ ਮਾਮਲੇ ’ਤੇ ਸਰਬ ਪਾਰਟੀ ਮੀਟਿੰਗ ਬੁਲਾਉਣ : ਬਾਜਵਾ

ਮੋਗਾ ਵਿਖੇ ਸੰਵਿਧਾਨ ਬਚਾਓ ਰੈਲੀ ਦੌਰਾਨ ਮਿਸ਼ਨ 2027 ਸ਼ੁਰੂ ਕਰਨ ਦਾ ਐਲਾਨ

ਮੋਗਾ, 21 ਜੁਲਾਈ :-ਪੰਜਾਬ ਕਾਂਗਰਸ ਵੱਲੋਂ ਸੂਬੇ ਭਰ ’ਚ ਸ਼ੁਰੂ ਕੀਤੀਆਂ ‘ਸੰਵਿਧਾਨ ਬਚਾਓ’ ਰੈਲੀਆਂ ਦੀ ਲੜੀ ਤਹਿਤ ਅੱਜ ਇੱਥੇ ਜ਼ਿਲਾ ਕਾਂਗਰਸ ਕਮੇਟੀ ਮੋਗਾ ਵੱਲੋਂ ਪ੍ਰਧਾਨ ਅਤੇ ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦੀ ਅਗਵਾਈ ਹੇਠ ਰੈਲੀ ਕੀਤੀ ਗਈ, ਜਿਸ ’ਚ ਜ਼ਿਲੇ ਭਰ ਦੇ ਚਾਰੇ ਹਲਕਿਆਂ ਤੋਂ ਹਜ਼ਾਰਾਂ ਵਰਕਰਾਂ ਨੇ ਸ਼ਮੂਲੀਅਤ ਕੀਤੀ।

ਇਸ ਮੌਕੇ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਭਾਵੇਂ ਅਮਨ ਕਾਨੂੰਨ ਦੀ ਸਥਿਤੀ ਤਾਂ ਸਮੁੱਚੇ ਸੁਬੇ ’ਚ ਲੜਖੜਾ ਗਈ ਹੈ, ਜਿਸ ਦੀ ਸਿੱਧੇ ਤੌਰ ’ਤੇ ਜ਼ਿੰਮੇਵਾਰ ਸੂਬਾ ਸਰਕਾਰ ਹੈ ਪਰ ਚਿੰਤਾਜਨਕ ਗੱਲ ਇਹ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ, ਜਿਸ ਮਾਮਲੇ ’ਤੇ ਫੌਰੀ ਤੌਰ ’ਤੇ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ੍ਰੀ ਹਰਿਮੰਦਰ ਸਾਹਿਬ ਜਾਣਾ ਚਾਹੀਦਾ ਹੈ, ਉੱਥੇ ਇਸ ਮਾਮਲੇ ’ਤੇ ਸਰਬ ਪਾਰਟੀ ਮੀਟਿੰਗ ਬੁਲਾਉਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਮਾਲਵਾ ਖਿੱਤੇ ਦੀ ਧੁੰਨੀ ਮੋਗਾ ਤੋਂ ਹਰ ਮੁਹਿੰਮ ਤੇ ਸਿਆਸੀ ਪਾਰਟੀਆਂ ਚੋਣ ਆਗਾਜ਼ ਕਰਦੀਆਂ ਹਨ, ਇਸ ਲਈ ਕਾਂਗਰਸ ਵੀ ਅੱਜ ਇਸ ਧਰਤੀ ਤੋਂ ਮਿਸ਼ਨ 2027 ਦੀ ਜਿੱਤ ਲਈ ਸਰਗਰਮੀਆਂ ਤੇਜ਼ ਕਰਨ ਦਾ ਐਲਾਨ ਕਰਦੀ ਹੈ। ਉਨ੍ਹਾਂ ਇਕ ਸਵਾਲ ਦੇ ਜਵਾਬ ’ਚ ਕਾਂਗਰਸ ਸਰਕਾਰ ਆਉਣ ’ਤੇ ਗਲਤੀਆਂ ਕਰਨ ਵਾਲੇ ਸਿਆਸੀ ਆਗੂਆਂ ਨੂੰ ਭਾਜੀ ਮੋੜਨ ਦਾ ਐਲਾਨ ਵੀ ਕੀਤਾ।

ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਕਾਂਗਰਸੀ ਵਰਕਰ ਪਾਰਟੀ ਦੀ ਰੀੜ੍ਹ ਦੀ ਹੱਡੀ ਹਨ ਪਰ ਪਿਛਲੀ ਕਾਂਗਰਸ ਸਰਕਾਰ ਸਮੇਂ ਇਨ੍ਹਾਂ ਦਾ ਮੁੱਲ ਨਹੀਂ ਪਿਆ, ਜਿਸ ਕਰ ਕੇ ਪਾਰਟੀ ਇਸ ਨੂੰ ਖਮਿਆਜ਼ਾ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਭੁਗਤਣਾ ਪਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ‘ਆਪ’ ਸਰਕਾਰ ਦੀਆਂ ਗਲਤ ਨੀਤੀਆਂ ਕਰ ਕੇ ਪੰਜਾਬ ਸਿਰ ਕਰਜ਼ਾ 4 ਲੱਖ ਕਰੋੜ ਤੋਂ ਉੱਪਰ ਹੋ ਗਿਆ ਹੈ ਅਤੇ ਜੇਕਰ ਇਹ ਵਰਤਾਰਾ ਨਾ ਰੋਕਿਆ ਤਾਂ ਨਵੀਆਂ ਨੌਕਰੀਆਂ ਜਾਂ ਵਿਕਾਸ ਤਾਂ ਕੀ ਸਗੋਂ ਤਨਖਾਹਾਂ ਦੇਣ ਲਈ ਪੈਸੇ ਨਹੀਂ ਹੋਣਗੇ।

ਉਨ੍ਹਾਂ ਮੰਗ ਕੀਤੀ ਕਿ ਕਾਂਗਰਸ ਸਰਕਾਰ ਆਉਣ ਵੇਲੇ ਇਕ ਕਾਨੂੰਨ ਬਣਾਇਆ ਜਾਵੇਗਾ, ਜਿਸ ’ਚ ਧੱਕੇਸ਼ਾਹੀ ਨਾਲ ਪੁਲਸ ਮੁਕੱਦਮੇ ਦਰਜ ਕਰਨ ਵਾਲੇ ਪੁਲਸ ਮੁਲਾਜ਼ਮਾਂ ’ਤੇ ਬਣਦੀ ਕਾਰਵਾਈ ਯਕੀਨੀ ਬਣਾਈ ਜਾਵੇਗੀ। ਆਲ ਇੰਡੀਆ ਕਾਂਗਰਸ ਦੇ ਸਕੱਤਰ ਸੁਖਵਿੰਦਰ ਸਿੰਘ ਡੈਨੀ, ਵਿਧਾਇਕ ਸੁਖਪਾਲ ਸਿੰਘ ਖਹਿਰਾ, ਭੁਪਿੰਦਰ ਸਿੰਘ ਸਾਹੋਕੇ ਹਲਕਾ ਇੰਚਾਰਜ ਨਿਹਾਲ ਸਿੰਘ ਵਾਲਾ, ਮਾਲਵਿਕਾ ਸੂਦ ਹਲਕਾ ਇੰਚਾਰਜ ਮੋਗਾ, ਜਗਸੀਰ ਸਿੰਘ ਕਾਲੇਕੇ ਹਲਾਕਾ ਬਾਘਾਪੁਰਾਣਾ ਆਦਿ ਨੇ ਕਿਹਾ ਕਿ ਪੰਜਾਬ ’ਚ ਇਸ ਵੇਲੇ ਕਾਂਗਰਸ ਦੇ ਹੱਕ ’ਚ ਲਹਿਰ ਚੱਲ ਰਹੀ ਹੈ, ਜਿਸ ਨੂੰ ਏਕੇ ਨਾਲ ਹਨੇਰੀ ਬਣਾਇਆ ਜਾਵੇਗਾ ਕਿਉਂਕਿ ਪੰਜਾਬ ਦਾ ਹਰ ਵਰਗ ‘ਆਪ’ ਸਰਕਾਰ ਤੋਂ ਦੁਖੀ ਹੈ।

Read More : ਰਿਸ਼ਵਤ ਲੈਂਦੀ ਨਾਇਬ ਤਹਿਸੀਲਦਾਰ ਦੀ ਵਾਇਰਲ ਵੀਡੀਓ, ਸਰਕਾਰ ਦਾ ਵੱਡਾ ਐਕਸ਼ਨ

Leave a Reply

Your email address will not be published. Required fields are marked *