13 ਅਕਤੂਬਰ ਨੂੰ ਚੰਡੀਗੜ੍ਹ ਦੇ ਟੈਗੋਰ ਥੀਏਟਰ ਹੋਵੇਗਾ ਸਮਾਰੋਹ
ਡਾ. ਇਕਬਾਲ ਲਾਲਪੁਰਾ ਦੀ ਲਿਖੀ ਕਿਤਾਬ ‘ਤਿਲਕ ਜੰਜੂ ਕਾ ਰਖਾ’ ਨੂੰ ਮੁੱਖ ਮੰਤਰੀ ਕਰਨਗੇ ਰਿਲੀਜ਼
ਚੰਡੀਗੜ੍ਹ, , 12 ਅਕਤੂਬਰ : ਗਲੋਬਲ ਪੰਜਾਬੀ ਐਸੋਸੀਏਸ਼ਨ ਵੱਲੋਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਐਵਾਰਡ ਸੈਣੀ ਨੂੰ ਉਨ੍ਹਾਂ ਦੀ ਵਿਜ਼ਨਰੀ ਸੋਚ, ਸਮਾਜਿਕ ਏਕਤਾ ਤੇ ਸਿੱਖ ਭਾਈਚਾਰੇ ਦੀ ਭਲਾਈ ਲਈ ਉਨ੍ਹਾਂ ਦੇ ਯੋਗਦਾਨ ਦੇ ਮਾਨ ’ਚ ਦਿੱਤਾ ਜਾ ਰਿਹਾ ਹੈ।
ਇਹ ਸਮਾਰੋਹ 13 ਅਕਤੂਬਰ ਦੀ ਸਵੇਰ ਚੰਡੀਗੜ੍ਹ ਦੇ ਟੈਗੋਰ ਥੀਏਟਰ, ਸੈਕਟਰ-18 ’ਚ ਹੋਵੇਗਾ। ਇਸ ਸਬੰਧੀ ਪੱਤਰਕਾਰ ਮਿਲਣੀ ’ਚ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੂਰਾ ਨੇ ਨਾਇਬ ਸੈਣੀ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਸਥਾਪਨਾ, ਕੁਰੁਕਸ਼ੇਤਰ ’ਚ ਸਿੱਖ ਮਿਊਜ਼ੀਅਮ ਦੀ ਨਿਰਮਾਣ ਪ੍ਰਕਿਰਿਆ, ਸਿੱਖ ਗੁਰੂ ਸਾਹਿਬਾਨ ਤੇ ਸਾਹਿਬਜ਼ਾਦਿਆਂ ਦੇ ਨਾਮ ’ਤੇ ਸਿੱਖਿਆ ਸੰਸਥਾਵਾਂ ਦਾ ਨਾਮਕਰਨ ਅਤੇ 1984 ਦੇ ਦੰਗਿਆਂ ਨਾਲ ਪ੍ਰਭਾਵਿਤ ਹਰਿਆਣਾ ਦੀਆਂ ਸਿੱਖ ਪਰਿਵਾਰਾਂ ਨੂੰ ਰੋਜ਼ਗਾਰ ਦੇਣ ਵਰਗੇ ਕਦਮ ਚੁੱਕੇ ਹਨ।
ਇਸ ਮੌਕੇ ਡਾ. ਇਕਬਾਲ ਸਿੰਘ ਲਾਲਪੁਰਾ ਦੀ ਲਿਖੀ ਕਿਤਾਬ ‘ਤਿਲਕ ਜੰਜੂ ਕਾ ਰਖਾ’ ਨੂੰ ਵੀ ਮੁੱਖ ਮੰਤਰੀ ਸੈਣੀ ਰਿਲੀਜ਼ ਕਰਨਗੇ। ਇਹ ਕਿਤਾਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਤੇ ਸ਼ਹੀਦੀ ’ਤੇ ਆਧਾਰਿਤ ਗਹਿਰੀ ਖੋਜ ਹੈ, ਜੋ ਧਾਰਮਿਕ ਆਜ਼ਾਦੀ ਤੇ ਮਨੁੱਖਤਾ ਲਈ ਉਨ੍ਹਾਂ ਦੇ ਬਲਿਦਾਨ ਨੂੰ ਉਜਾਗਰ ਕਰਦੀ ਹੈ। ਇਸ ਮੌਕੇ ਇਕਬਾਲ ਸਿੰਘ ਲਾਲਪੂਰਾ ਨਾਲ ਉੱਘੇ ਸਮਾਜ ਸੇਵਕ ਡਾ. ਕੁਲਵੰਤ ਧਾਲੀਵਾਲ ਤੇ ਐਸੋਸੀਏਸ਼ਨ ਦੇ ਹੋਰ ਮੈਂਬਰ ਮੌਜੂਦ ਸਨ।
ਗਲੋਬਲ ਪੰਜਾਬੀ ਐਸੋਸੀਏਸ਼ਨ ਨੇ ਕਿਹਾ ਹੈ ਕਿ ਅੱਜ ਦਾ ਪੰਜਾਬ ਆਰਥਿਕ ਮੰਦੀ, ਨਸ਼ਿਆਂ ਦੀ ਸਮੱਸਿਆ, ਨੌਜਵਾਨਾਂ ਦੇ ਪ੍ਰਦੇਸ ਪਲਾਇਨ ਤੇ ਖੇਤੀਬਾੜੀ ’ਚ ਠਹਿਰਾਅ ਵਰਗੀਆਂ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਇਸ ਲਈ ਲੋੜ ਹੈ ਕਿ ਸਾਰੇ ਪੰਜਾਬੀ ਮਿਲ ਕੇ ‘ਸਰਬੱਤ ਦਾ ਭਲਾ’ ਤੇ ‘ਵਸੁਧੈਵ ਕੁਟੰਬਕਮ’ ਦੇ ਸਿਧਾਂਤਾਂ ’ਤੇ ਚੱਲਦਿਆਂ ਪੰਜਾਬ ਅਤੇ ਪੰਜਾਬੀਅਤ ਦੀ ਨਵੀਂ ਪੁਨਰਜਾਗਰਤੀ ਲਈ ਇਕੱਠੇ ਕੰਮ ਕਰਨ।
Read More : ਸੱਪ ਦੇ ਡੰਗਣ ਨਾਲ 2 ਬੱਚਿਆਂ ਦੀ ਹੋਈ ਮੌਤ