ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚੰਡੀਗੜ੍ਹ ਵਿਖੇ ‘ਹੁਨਰ ਪੰਜਾਬ ਤੇ ‘ਫਾਸਟ-ਟ੍ਰੈਕ ਪੰਜਾਬ ਪੋਰਟਲ ਲਾਂਚ

ਚੰਡੀਗੜ੍ਹ 9 ਅਕਤੂਬਰ 2026: ਕਾਰੋਬਾਰ ਵਿੱਚ ਸੌਖ ਪਾਰਦਰਸ਼ਤਾ ਅਤੇ ਰੋਜ਼ਗਾਰ ਪੈਦਾ ਕਰਨ ਤੇ ਨਵੇਂ ਸਿਰਿਓਂ ਧਿਆਨ ਕੇਂਦਰਿਤ ਕਰਦਿਆਂ ਪੰਜਾਬ ਨਿਵੇਸ਼ਕਾਂ ਲਈ ਤਰਜੀਹੀ ਸਥਾਨ ਵਜੋਂ ਉੱਭਰ ਰਿਹਾ ਹੈ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਇਸ ਦਿਸ਼ਾ ਵਿੱਚ ਚੰਡੀਗੜ੍ਹ ਵਿਖੇ ‘ਹੁਨਰ ਪੰਜਾਬ ਅਤੇ ‘ਫਾਸਟ-ਟ੍ਰੈਕ ਪੰਜਾਬ` ਪੋਰਟਲ ਲਾਂਚ ਕੀਤੇ।

ਉਨ੍ਹਾਂ ਕਿਹਾ ਕਿ ਇਹ ਨਵੇਂ ਪੋਰਟਲ 45 ਦਿਨਾਂ ਦੇ ਅੰਦਰ ਸਿੰਗਲ ਵਿੰਡੋ ਰਾਹੀਂ ਸਾਰੀਆਂ ਜ਼ਰੂਰੀ ਪ੍ਰਵਾਨਗੀਆਂ ਯਕੀਨੀ ਬਣਾਉਣਗੇ, ਨਿਵੇਸ਼ਕਾਂ ਨੂੰ ਵਿੱਤੀ ਉਤਸ਼ਾਹ ਦੀ ਪਾਰਦਰਸ਼ੀ ਢੰਗ ਨਾਲ ਟਰੈਕਿੰਗ ਕਰਨ ਦੇ ਯੋਗ ਬਣਾਉਣਗੇ ਅਤੇ ਉਦਯੋਗਾਂ ਨੂੰ ਹੁਨਰਮੰਦ ਨੌਜਵਾਨਾਂ ਨਾਲ ਸਿੱਧਾ ਜੋੜਨਗੇ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੇ 2022 ਤੋਂ ਲੈ ਕੇ ਹੁਣ ਤੱਕ 1.89 ਲੱਖ ਕਰੋੜ ਰੁਪਏ ਦਾ ਨਿਵੇਸ਼ ਆਕਰਸ਼ਿਤ ਕੀਤਾ ਹੈ, ਜਿਸ ਨਾਲ 6.31 ਲੱਖ ਨਵੀਆਂ ਨੌਕਰੀਆਂ ਪੈਦਾ ਹੋਈਆਂ ਹਨ, ਅਤੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਸਰਕਾਰ ਦੀ ਪਹਿਲਕਦਮੀ ਸੂਬੇ ਦੇ ਨੌਜਵਾਨਾਂ ਲਈ ਪੰਜਾਬ ਦੇ ਅੰਦਰ ਹੀ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਅਤੇ ਮੁੜ ‘ਰੰਗਲਾ ਪੰਜਾਬ ਨੂੰ ਮੁੜ ਸਿਰਜਣਾ ਹੈ।

ਸੋਸ਼ਲ ਮੀਡੀਆ ਐਕਸ ਤੇ ਆਪਣੇ ਵਿਚਾਰ ਸਾਂਝੇ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪਿਛਲੇ ਚਾਰ ਸਾਲਾਂ ਦੌਰਾਨ ਪੰਜਾਬ ਵਿੱਚ 1.89 ਲੱਖ ਕਰੋੜ ਰੁਪਏ ਦਾ ਨਿਵੇਸ਼ ਆਇਆ ਹੈ, ਜਿਸ ਨਾਲ 6.31 ਲੱਖ ਨਵੀਆਂ ਨੌਕਰੀਆਂ ਪੈਦਾ ਹੋਈਆਂ ਹਨ। ਨਿਵੇਸ਼ਕਾਂ ਦੇ ਇਸ ਭਰੋਸੇ ਨੂੰ ਬਣਾਈ ਰੱਖਣ ਲਈ ਅਸੀਂ ਅੱਜ ਦੋ ਪ੍ਰਮੁੱਖ ਪੋਰਟਲ ਲਾਂਚ ਕੀਤੇ ਹਨ। ‘ਹੁਨਰ ਪੰਜਾਬ ਪੋਰਟਲ ਸੂਬੇ ਦੇ ਨੌਜਵਾਨਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਅਤੇ ਉਦਯੋਗਾਂ ਨੂੰ ਹੁਨਰਮੰਦ ਕਾਮੇ ਮੁਹੱਈਆ ਕਰਵਾਉਣ ਲਈ ਸ਼ੁਰੂ ਕੀਤਾ ਗਿਆ ਹੈ।

ਇਸ ਦੇ ਨਾਲ ਹੀ ਨਿਵੇਸ਼ਕਾਂ ਨੂੰ ਉਪਲਬਧ ਸਹੂਲਤਾਂ ਅਤੇ ਵਿੱਤੀ ਰਿਆਇਤਾਂ ਬਾਰੇ ਪਾਰਦਰਸ਼ੀ ਜਾਣਕਾਰੀ ਪ੍ਰਦਾਨ ਕਰਨ ਲਈ ‘ਫਾਸਟ-ਟ੍ਰੈਕ ਪੰਜਾਬ ਦਾ ‘ਫਾਈਨੈਂਸ਼ੀਅਲ ਇਨਸੈਂਟਿਵਜ਼ ਮੌਡਿਊਲ (ਪਾਸਬੁੱਕ) ਲਾਂਚ ਕੀਤਾ ਗਿਆ ਹੈ। ਸਾਡਾ ਟੀਚਾ ਪੰਜਾਬ ਦੇ ਨੌਜਵਾਨਾਂ ਨੂੰ ਉਨ੍ਹਾਂ ਦੇ ਆਪਣੇ ਸੂਬੇ ਵਿੱਚ ਰੋਜ਼ਗਾਰ ਦੇਣਾ ਅਤੇ ਪੰਜਾਬ ਨੂੰ ਇਕ ਵਾਰ ਫਿਰ ਖ਼ੁਸ਼ਹਾਲ ਬਣਾਉਣਾ ਹੈ। ਇਨਕਲਾਬ ਜ਼ਿੰਦਾਬਾਦ।”

ਪੋਰਟਲ ਲਾਂਚ ਕਰਨ ਤੋਂ ਬਾਅਦ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਹੁਨਰ ਪੰਜਾਬ ਅਤੇ ਫਾਸਟ-ਟ੍ਰੈਕ ਪੰਜਾਬ ਦੀ ਸ਼ੁਰੂਆਤ ਪੰਜਾਬ ਦੇ ਉਦਯੋਗ ਅਤੇ ਨੌਜਵਾਨਾਂ ਲਈ ਮਹੱਤਵਪੂਰਨ ਕਦਮ ਹੈ। ‘ਹੁਨਰ ਪੰਜਾਬ` ਉਦਯੋਗ ਅਤੇ ਹੁਨਰਮੰਦ ਨੌਜਵਾਨਾਂ ਵਿਚਕਾਰ ਪਾੜੇ ਨੂੰ ਪੂਰਾ ਕਰੇਗਾ ਅਤੇ ਸੂਬੇ ਦੇ ਅੰਦਰ ਸਾਡੇ ਨੌਜਵਾਨਾਂ ਲਈ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰੇਗਾ।”

ਮੁੱਖ ਮੰਤਰੀ ਨੇ ਨੋਟ ਕੀਤਾ, “ਹੁਨਰ ਪੰਜਾਬ ਪੋਰਟਲ ਤੇ ਪਹਿਲਾਂ ਹੀ ਲਗਪਗ 1,750 ਸੰਸਥਾਵਾਂ ਰਜਿਸਟਰਡ ਹੋ ਚੁੱਕੀਆਂ ਹਨ ਅਤੇ ਉਦਯੋਗਿਕ ਖੇਤਰ ਵਿੱਚ ਰੋਜ਼ਗਾਰ ਦੇ ਮੌਕਿਆਂ ਲਈ ਸਥਾਨਕ ਹੁਨਰਮੰਦ ਨੌਜਵਾਨਾਂ ਨੂੰ ਤਰਜੀਹ ਦਿੱਤੀ ਜਾਵੇਗੀ। ਕੰਪਨੀਆਂ ਹੁਣ ਇਸ ਪਲੇਟਫਾਰਮ ਰਾਹੀਂ ਹੁਨਰਮੰਦ ਨੌਜਵਾਨਾਂ ਨਾਲ ਸਿੱਧਾ ਜੁੜ ਸਕਣਗੀਆਂ ਅਤੇ ਉਨ੍ਹਾਂ ਨੂੰ ਨੌਕਰੀ ਤੇ ਰੱਖ ਸਕਣਗੀਆਂ।”

ਉਨ੍ਹਾਂ ਕਿਹਾ, “ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਅਤੇ ਸਰਕਾਰੀ ਕੰਮਕਾਜ ਵਿੱਚ ਵਧੇਰੇ ਪਾਰਦਰਸ਼ਤਾ ਲਿਆਉਣ ਲਈ ਸਾਰੇ ਵਿਭਾਗਾਂ ਵਿੱਚ ਈ-ਆਫਿਸ ਅਤੇ ਆਨਲਾਈਨ ਪ੍ਰਣਾਲੀਆਂ ਲਾਗੂ ਕਰ ਦਿੱਤੀਆਂ ਹਨ। ਇਹ ਪ੍ਰਣਾਲੀਆਂ ਬੇਲੋੜੀ ਦੇਰੀ ਨੂੰ ਘਟਾ ਰਹੀਆਂ ਹਨ ਅਤੇ ਸਰਕਾਰੀ ਪ੍ਰਕਿਰਿਆਵਾਂ ਨੂੰ ਵਧੇਰੇ ਜਵਾਬਦੇਹ ਬਣਾ ਰਹੀਆਂ ਹਨ।”

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪੰਜਾਬ ਨੇ ਪਿਛਲੇ ਚਾਰ ਸਾਲਾਂ ਵਿੱਚ 1.89 ਲੱਖ ਕਰੋੜ ਰੁਪਏ ਦਾ ਨਿਵੇਸ਼ ਆਕਰਸ਼ਿਤ ਕੀਤਾ ਹੈ, ਜਿਸ ਨਾਲ 6.31 ਲੱਖ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਹੋਏ ਹਨ। ਇਹ ਪੰਜਾਬ ਵਿੱਚ ਨਿਵੇਸ਼ਕਾਂ ਦੇ ਵਧ ਰਹੇ ਵਿਸ਼ਵਾਸ ਨੂੰ ਦਰਸਾਉਂਦਾ ਹੈ।”

ਮੁੱਖ ਮੰਤਰੀ ਨੇ ਕਿਹਾ, “ਹੁਨਰ ਪੰਜਾਬ ਨੌਜਵਾਨਾਂ ਦੀ ਪ੍ਰਤਿਭਾ, ਨੈੱਟਵਰਕਿੰਗ ਅਤੇ ਰੋਜ਼ਗਾਰ ਤੱਕ ਪਹੁੰਚ ਕਰਨ ਲਈ ਸਿੰਗਲ ਪਲੇਟਫਾਰਮ ਹੈ। ਇਹ ਮੁੱਖ ਖਾਮੀਆਂ ਜਿਵੇਂ ਕਿ ਉਪਲਬਧ ਪ੍ਰਤਿਭਾ ਬਾਰੇ ਪਤਾ ਨਾ ਹੋਣਾ, ਉਦਯੋਗ-ਸੰਸਥਾ ਦੀਆਂ ਵੱਖ-ਵੱਖ ਜ਼ਰੂਰਤਾਂ, ਮੰਗ-ਸਪਲਾਈ ਦੇ ਲਿੰਕ ਦੀ ਘਾਟ ਅਤੇ ਨਿਰਧਾਰਤ ਜਵਾਬੀ ਸਮਾਂ-ਸੀਮਾਵਾਂ ਦੀ ਅਣਹੋਂਦ ਨੂੰ ਦੂਰ ਕਰਦਾ ਹੈ।

ਉਨ੍ਹਾਂ ਨੇ ਅੱਗੇ ਕਿਹਾ, “‘ਫਾਸਟਟ੍ਰੈਕ ਪੰਜਾਬ’ ਦੇ ਨਾਲ-ਨਾਲ ਹੁਨਰ ਪੰਜਾਬ ਪੋਰਟਲ ਉਦਯੋਗ ਲਈ ਹੁਨਰ ਵਿਕਾਸ ਅਤੇ ਰੋਜ਼ਗਾਰ ਦੇ ਮੁੱਖ ਧੁਰਾ ਹਨ। ਇਹ ਪੋਰਟਲ ਚਾਰ ਮਹੱਤਵਪੂਰਨ ਪੜਾਵਾਂ ਨੂੰ ਇੱਕੋ ਮੰਚ ‘ਤੇ ਲਿਆਉਂਦੇ ਹਨ ਜਿਨ੍ਹਾਂ ਵਿੱਚ ਸੰਸਥਾਵਾਂ ਦੀ ਖੋਜ, ਭਰਤੀ ਤੇ ਰੋਜ਼ਗਾਰ, ਇੰਟਰਨਸ਼ਿਪ ਤੇ ਉਦਯੋਗਿਕ ਸਿਖਲਾਈ ਅਤੇ ਉਦਯੋਗ-ਸੰਸਥਾ ਦਾ ਸਹਿਯੋਗ ਸ਼ਾਮਲ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “7 ਪ੍ਰਸ਼ਾਸਨਿਕ ਵਿਭਾਗੀ ਸ਼੍ਰੇਣੀਆਂ ਵਿੱਚ 1,700 ਤੋਂ ਵੱਧ ਸੰਸਥਾਵਾਂ ਪਹਿਲਾਂ ਹੀ ਇਸ ਪੋਰਟਲ ਦਾ ਹਿੱਸਾ ਬਣ ਚੁੱਕੀਆਂ ਹਨ। ਇਸ ਵਿਵਸਥਾ ਵਿੱਚ ਨਿਸ਼ਚਿਤ ਸਮਾਂ-ਸੀਮਾ ਅਤੇ ਜਵਾਬਦੇਹੀ ਤੈਅ ਕੀਤੀ ਗਈ ਹੈ ਤਾਂ ਜੋ ਅਰਜ਼ੀਆਂ ਅਤੇ ਬੇਨਤੀਆਂ ਦਾ ਨਿਪਟਾਰਾ ਨਿਰਧਾਰਤ ਸਮੇਂ ਦੇ ਅੰਦਰ ਕੀਤਾ ਜਾ ਸਕੇ। ਉਦਯੋਗਾਂ, ਸੰਸਥਾਵਾਂ ਅਤੇ ਵਿਭਾਗਾਂ ਲਈ ਵਿਸ਼ੇਸ਼ ਡੈਸ਼ਬੋਰਡ ਤਿਆਰ ਕੀਤੇ ਗਏ ਹਨ। ਇਹ ਪਲੇਟਫਾਰਮ ਹੈਲਪ-ਡੈਸਕ ਸਹਾਇਤਾ ਦੇ ਨਾਲ-ਨਾਲ ਸਵਾਲਾਂ ਅਤੇ ਸ਼ਿਕਾਇਤਾਂ ਦੇ ਨਿਵਾਰਨ ਦੀ ਸੁਵਿਧਾ ਵੀ ਪ੍ਰਦਾਨ ਕਰੇਗਾ, ਜਿਸ ਨਾਲ ਪੂਰੀ ਪ੍ਰਕਿਰਿਆ ਸਾਰੇ ਹਿੱਸੇਦਾਰਾਂ ਲਈ ਸੁਖਾਲੀ ਅਤੇ ਵਧੇਰੇ ਪਾਰਦਰਸ਼ੀ ਹੋ ਜਾਵੇਗੀ।

ਮੁੱਖ ਮੰਤਰੀ ਨੇ ਕਿਹਾ, “‘ਹੁਨਰ ਪੰਜਾਬ’ ਪੋਰਟਲ ਉਦਯੋਗਾਂ, ਸੰਸਥਾਵਾਂ, ਵਿਦਿਆਰਥੀਆਂ, ਪੁਰਾਣੇ ਵਿਦਿਆਰਥੀਆਂ ਅਤੇ ਵਿਭਾਗਾਂ ਦੀ ਭਾਈਵਾਲੀ ਨਾਲ ਸ਼ੁਰੂ ਤੋਂ ਅੰਤ ਤੱਕ ਇੰਟਰਨਸ਼ਿਪ ਅਤੇ ਉਦਯੋਗਿਕ ਸਿਖਲਾਈ ਦੀ ਸੁਵਿਧਾ ਦੇਵੇਗਾ। ਇਹ ਨੌਜਵਾਨਾਂ ਨੂੰ ਅਸਲ ਰੋਜ਼ਗਾਰ ਅਤੇ ਸਿਖਲਾਈ ਦੇ ਮੌਕਿਆਂ ਨਾਲ ਜੋੜਨ ਲਈ ਸੁਚੱਜਾ ਢਾਂਚਾ ਪ੍ਰਦਾਨ ਕਰੇਗਾ।

Read More: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਧੂਰੀ ਹਲਕੇ ਦੇ ਪਿੰਡ ਬਰੜਵਾਲ ਵਿਖੇ ਵਾਟਰ ਟ੍ਰੀਟਮੈਂਟ ਪਲਾਂਟ ਦਾ ਨੀਂਹ ਪੱਥਰ ਰੱਖਿਆ

Leave a Reply

Your email address will not be published. Required fields are marked *