ਜਲੰਧਰ; 27 ਅਕਤੂਬਰ 2026: ਪੰਜਾਬ ਨੇ ਅੱਜ ਪਹਿਲੀ ਵਾਰ ‘ਏਸ਼ੀਅਨ ਹਾਕੀ ਚੈਂਪੀਅਨਸ਼ਿਪ’ ਦੀ ਮੇਜ਼ਬਾਨੀ ਕਰਦਿਆਂ ਆਪਣੀ ਮਹਾਨ ਖੇਡ ਵਿਰਾਸਤ ਵਿੱਚ ਇਕ ਹੋਰ ਇਤਿਹਾਸਕ ਅਧਿਆਇ ਜੋੜ ਦਿੱਤਾ ਹੈ। ਇਸ ਚੈਂਪੀਅਨਸ਼ਿਪ ਦਾ ਉਦਘਾਟਨ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਲੰਧਰ ਦੇ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿਖੇ ਕੀਤਾ। ਇਸ ਮੇਜ਼ਬਾਨੀ ਨਾਲ ਪੰਜਾਬ ਦੇ ਹਾਕੀ ਖਿਡਾਰੀਆਂ ਦਾ ਆਪਣੀ ਧਰਤੀ ‘ਤੇ ਖੇਡਣ ਦਾ ਵਰ੍ਹਿਆਂ ਪੁਰਾਣਾ ਸੁਪਨਾ ਸਾਕਾਰ ਹੋ ਗਿਆ ਹੈ। ਛੇ ਦੇਸ਼ਾਂ ਦੀਆਂ ਟੀਮਾਂ ਦਾ ਸਵਾਗਤ ਅਤੇ ਉਨ੍ਹਾਂ ਦੇ ਕਪਤਾਨਾਂ ਨੂੰ ਸਨਮਾਨਿਤ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਵਿਸ਼ਵ ਹਾਕੀ ਮੰਚ ‘ਤੇ ਆਪਣਾ ਪੁਰਾਣਾ ਰੁਤਬਾ ਮੁੜ ਹਾਸਲ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਟੂਰਨਾਮੈਂਟ ਦੌਰਾਨ ਸਾਰੇ ਲੀਗ ਮੈਚ ਜਲੰਧਰ ਵਿੱਚ ਖੇਡੇ ਜਾਣਗੇ, ਜਦਕਿ ਸੈਮੀਫਾਈਨਲ ਅਤੇ ਫਾਈਨਲ ਮੁਕਾਬਲੇ ਮੋਹਾਲੀ ਵਿੱਚ ਹੋਣਗੇ। ਇਸ ਦੇ ਨਾਲ ਹੀ, ਪੰਜਾਬ ਸਾਲ 2030 ਦੇ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਲਈ ਵੀ ਤਿਆਰੀਆਂ ਕਰ ਰਿਹਾ ਹੈ।
ਮੁੱਖ ਮੰਤਰੀ ਨੇ ਬੰਗਲਾਦੇਸ਼, ਚੀਨ, ਜਾਪਾਨ, ਕੋਰੀਆ ਅਤੇ ਮਲੇਸ਼ੀਆ ਤੋਂ ਆਈਆਂ ਟੀਮਾਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਉਨ੍ਹਾਂ ਨੇ ਓਲੰਪੀਅਨਾਂ, ਸਾਬਕਾ ਖਿਡਾਰੀਆਂ, ‘ਹਾਕੀ ਇੰਡੀਆ’ ਅਤੇ ‘ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ’ ਦੇ ਨੁਮਾਇੰਦਿਆਂ, ਖੇਡ ਪ੍ਰੇਮੀਆਂ ਅਤੇ ਹੋਰ ਪਤਵੰਤਿਆਂ ਦਾ ਵੀ ਸਵਾਗਤ ਕੀਤਾ।
ਜਲੰਧਰ ਦੇ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ ਵਿਖੇ ‘ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫੀ ਪੰਜਾਬ/2026’ ਦਾ ਉਦਘਾਟਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਵੱਕਾਰੀ ਟੂਰਨਾਮੈਂਟ ਦੀ ਪਹਿਲੀ ਵਾਰ ਮੇਜ਼ਬਾਨੀ ਕਰਨਾ ਪੰਜਾਬ ਲਈ ਇਤਿਹਾਸਕ ਪਲ ਹੈ ਅਤੇ ਭਾਰਤੀ ਹਾਕੀ ਵਿੱਚ ਪੰਜਾਬ ਦੇ ਬੇਮਿਸਾਲ ਯੋਗਦਾਨ ਪ੍ਰਤੀ ਮਾਣਮੱਤੀ ਪ੍ਰਾਪਤੀ ਹੈ। ਉਨ੍ਹਾਂ ਅੱਗੇ ਕਿਹਾ, “ਪੰਜਾਬ ਸਰਕਾਰ ਵੱਲੋਂ ਪੰਜਾਬ ਦੀਆਂ ਖੇਡਾਂ ਦੀ ਸ਼ਾਨ ਨੂੰ ਮੁੜ ਬਹਾਲ ਕਰਨ ਅਤੇ ਚੈਂਪੀਅਨਾਂ ਦੀ ਨਵੀਂ ਪੀੜ੍ਹੀ ਤਿਆਰ ਕਰਨ ਲਈ ਸੂਬੇ ਦੇ ਖੇਡ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ, ਜ਼ਮੀਨੀ ਪੱਧਰ ‘ਤੇ ਖੇਡਾਂ ਵਿੱਚ ਹਿੱਸਾ ਲੈਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਵਿਸ਼ੇਸ਼ ਸਿਖਲਾਈ ਪ੍ਰਦਾਨ ਕੀਤੀ ਜਾ ਰਹੀ ਹੈ। “
ਮੁੱਖ ਮੰਤਰੀ ਨੇ ਕਿਹਾ, “ਪੰਜਾਬ ਅਤੇ ਹਾਕੀ ਦਾ ਇੱਕ ਅਟੁੱਟ ਰਿਸ਼ਤਾ ਹੈ। ਭਾਰਤੀ ਹਾਕੀ ਵਿੱਚ ਸੂਬੇ ਦਾ ਯੋਗਦਾਨ ਸਿਰਫ਼ ਖੇਡਣ ਤੱਕ ਸੀਮਤ ਨਹੀਂ ਹੈ, ਸਗੋਂ ਇਹ ਇੱਕ ਅਜਿਹੀ ਵਿਰਾਸਤ ਹੈ ਜੋ ਜਜ਼ਬੇ, ਕੁਰਬਾਨੀ, ਅਨੁਸ਼ਾਸਨ ਅਤੇ ਦ੍ਰਿੜ ਖੇਡ ਭਾਵਨਾ ‘ਤੇ ਉਸਾਰੀ ਗਈ ਹੈ।”
ਉਨ੍ਹਾਂ ਕਿਹਾ, “ਪੰਜਾਬੀ ਖਿਡਾਰੀਆਂ ਦੇ ਵੱਡਮੁੱਲੇ ਯੋਗਦਾਨ ਤੋਂ ਬਿਨਾਂ ਭਾਰਤੀ ਹਾਕੀ ਦੇ ਇਤਿਹਾਸ ਦੀ ਕਲਪਨਾ ਕਰਨਾ ਵੀ ਮੁਸ਼ਕਲ ਹੈ। ਪੰਜਾਬ ਨੂੰ ਆਪਣੀ ਉਪਜਾਊ ਧਰਤੀ, ਮਿਹਨਤਕਸ਼ ਕਿਸਾਨਾਂ ਅਤੇ ਦੇਸ਼ ਦੀ ਖੁਰਾਕ ਸੁਰੱਖਿਆ ਵਿੱਚ ਪਾਏ ਯੋਗਦਾਨ ਲਈ ਪੂਰੀ ਦੁਨੀਆ ਵਿੱਚ ਜਾਣਿਆ ਜਾਂਦਾ ਹੈ। ਇਸ ਯੋਗਦਾਨ ਦੇ ਨਾਲ-ਨਾਲ ਪੰਜਾਬ ਦੀ ਧਰਤੀ ਨੇ ਅਜਿਹੇ ਓਲੰਪੀਅਨ, ਵਿਸ਼ਵ ਚੈਂਪੀਅਨ ਅਤੇ ਖੇਡ ਨਾਇਕ ਪੈਦਾ ਕੀਤੇ ਹਨ, ਜਿਨ੍ਹਾਂ ਨੇ ਦੁਨੀਆ ਭਰ ਵਿੱਚ ਤਿਰੰਗੇ ਦਾ ਮਾਣ ਵਧਾਇਆ ਹੈ।”
ਉਨ੍ਹਾਂ ਅੱਗੇ ਕਿਹਾ,“ਹਾਕੀ ਪੰਜਾਬ ਦੇ ਖ਼ੂਨ ਵਿੱਚ ਸਮੋਈ ਹੋਈ ਹੈ ਅਤੇ ਸਾਡੀ ਹਰ ਪੀੜ੍ਹੀ ਦੇ ਖਿਡਾਰੀਆਂ ਨੇ ਇਸ ਵਿਰਾਸਤ ਨੂੰ ਪੂਰੇ ਮਾਣ ਨਾਲ ਅੱਗੇ ਵਧਾਇਆ ਹੈ।”
ਭਾਰਤੀ ਹਾਕੀ ਵਿੱਚ ਪੰਜਾਬ ਦੇ ਸ਼ਾਨਦਾਰ ਯੋਗਦਾਨ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, “ਪੰਜਾਬ ਨੇ 1928 ਦੀਆਂ ਐਮਸਟਰਡਮ ਓਲੰਪਿਕ ਤੋਂ ਲੈ ਕੇ 2024 ਦੀਆਂ ਪੈਰਿਸ ਓਲੰਪਿਕ ਤੱਕ, 77 ਹਾਕੀ ਓਲੰਪੀਅਨ ਦੇਸ਼ ਨੂੰ ਦਿੱਤੇ ਹਨ, ਜਿਨ੍ਹਾਂ ਵਿੱਚੋਂ ਸੂਬੇ ਦੇ 48 ਖਿਡਾਰੀਆਂ ਨੇ ਓਲੰਪਿਕ ਤਗ਼ਮੇ ਜਿੱਤੇ ਹਨ। ਪੰਜਾਬੀ ਖਿਡਾਰੀਆਂ ਨੇ 10 ਮੌਕਿਆਂ ‘ਤੇ ਓਲੰਪਿਕ ਵਿੱਚ ਭਾਰਤੀ ਹਾਕੀ ਟੀਮ ਦੀ ਕਪਤਾਨੀ ਵੀ ਕੀਤੀ ਹੈ, ਜੋ ਖੇਡ ਖੇਤਰ ਵਿੱਚ ਪੰਜਾਬ ਦੀ ਨਿਰੰਤਰ ਅਗਵਾਈ ਨੂੰ ਦਰਸਾਉਂਦੀ ਹੈ।”
ਮਹਾਨ ਹਾਕੀ ਖਿਡਾਰੀਆਂ ਪ੍ਰਤੀ ਸਤਿਕਾਰ ਭੇਟ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਲਬੀਰ ਸਿੰਘ ਸੀਨੀਅਰ, ਊਧਮ ਸਿੰਘ, ਪ੍ਰਿਥੀਪਾਲ ਸਿੰਘ, ਅਜੀਤ ਪਾਲ ਸਿੰਘ, ਸੁਰਜੀਤ ਸਿੰਘ ਅਤੇ ਪਰਗਟ ਸਿੰਘ ਦੇ ਯੋਗਦਾਨ ਨੂੰ ਯਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀਆਂ ਪ੍ਰਾਪਤੀਆਂ ਨੌਜਵਾਨ ਖਿਡਾਰੀਆਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਦੀਆਂ ਰਹਿਣਗੀਆਂ। ਉਨ੍ਹਾਂ ਕਿਹਾ,“1952 ਦੀਆਂ ਹੈਲਸਿੰਕੀ ਓਲੰਪਿਕ ਦੇ ਫਾਈਨਲ ਵਿੱਚ ਬਲਬੀਰ ਸਿੰਘ ਸੀਨੀਅਰ ਵੱਲੋਂ ਪੰਜ ਗੋਲ ਕਰਨ ਦੀ ਸ਼ਾਨਦਾਰ ਪ੍ਰਾਪਤੀ ਭਾਰਤੀ ਹਾਕੀ ਇਤਿਹਾਸ ਦਾ ਲਾਸਾਨੀ ਅਧਿਆਏ ਹੈ। ਊਧਮ ਸਿੰਘ ਦਾ ਚਾਰ ਓਲੰਪਿਕ ਖੇਡਣਾ ਅਤੇ ਤਗ਼ਮੇ ਜਿੱਤਣ ਦਾ ਪ੍ਰਭਾਵਸ਼ਾਲੀ ਰਿਕਾਰਡ ਵੀ ਸਾਡੇ ਲਈ ਪ੍ਰੇਰਨਾਦਾਇਕ ਹੈ।
Read More: ਡਾ. ਬਲਜੀਤ ਕੌਰ ਵੱਲੋਂ ਅਧਿਕਾਰੀਆਂ ਨੂੰ ਆਖਰੀ ਕਤਾਰ ਤੱਕ ਲਾਭ ਪਹੁੰਚਾਉਣ ਦੇ ਨਿਰਦੇਸ਼
