Chief Minister Bhagwant Mann

ਮੁੱਖ ਮੰਤਰੀ ਭਗਵੰਤ ਮਾਨ ਦੀ ਸੁਖਬੀਰ ਬਾਦਲ ਨੂੰ ਚੁਣੌਤੀ

ਪੰਜਾਬ ’ਚ ਆਪਣੇ ਹਨੇਰਗਰਦੀ ਵਾਲੇ ਸ਼ਾਸਨ ਦੀ ਇਕ ਵੀ ਪ੍ਰਾਪਤੀ ਦੱਸੋ

ਸੰਗਰੂਰ, 11 ਅਗਸਤ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਾਦਲਾਂ ’ਤੇ ਸੂਬੇ ਨੂੰ ਰਾਜਨੀਤਕ, ਆਰਥਿਕ ਅਤੇ ਧਾਰਮਿਕ ਤੌਰ ’ਤੇ ਬਰਬਾਦ ਕਰਨ ਦਾ ਦੋਸ਼ ਲਾਉਂਦੇ ਹੋਏ ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ਨੂੰ ਸੂਬੇ ’ਚ ਆਪਣੇ ਹਨੇਰਗਰਦੀ ਵਾਲੇ ਲੰਮੇ ਸ਼ਾਸਨ ਦੀ ਇਕ ਵੀ ਪ੍ਰਾਪਤੀ ਗਿਣਾਉਣ ਦੀ ਚੁਣੌਤੀ ਦਿੱਤੀ।

ਮੁੱਖ ਮੰਤਰੀ ਨੇ ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ’ਤੇ ਵਿਅੰਗ ਕਸਦਿਆਂ ਕਿਹਾ ਕਿ ਬਾਦਲਾਂ ਨੇ ਸੂਬੇ ਅਤੇ ਇਸ ਦੇ ਲੋਕਾਂ ਦੀ ਪ੍ਰਵਾਹ ਕੀਤੇ ਬਿਨਾਂ ਸਿਰਫ ਆਪਣੇ ਕਾਰੋਬਾਰ ਵਧਾਉਣ ਲਈ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ 2007-2017 ਦਾ ਸਮਾਂ ਸੂਬੇ ਦਾ ਸਭ ਤੋਂ ਕਾਲਾ ਦੌਰ ਸੀ, ਜਦੋਂ ਟਰਾਂਸਪੋਰਟ, ਕੇਬਲ, ਰੇਤ, ਨਸ਼ਾ ਅਤੇ ਹੋਰ ਮਾਫੀਆ ਨੇ ਸੂਬੇ ’ਚ ਆਪਣੇ ਪੈਰ ਪਸਾਰੇ। ਉਨ੍ਹਾਂ ਅਕਾਲੀ ਆਗੂ ਨੂੰ ਇਸ ਸਮੇਂ ਦੌਰਾਨ ਆਪਣੀ ਸਰਕਾਰ ਦੀ ਇਕ ਵੀ ਪ੍ਰਾਪਤੀ ਗਿਣਾਉਣ ਦੀ ਚੁਣੌਤੀ ਦਿੱਤੀ ਅਤੇ ਕਿਹਾ ਕਿ ਅਕਾਲੀ ਸ਼ਾਸਨ ਦੀ ਸਰਪ੍ਰਸਤੀ ਹੇਠ ਨਸ਼ਿਆਂ ਦਾ ਸੂਬੇ ’ਚ ਤੇਜ਼ੀ ਨਾਲ ਪਸਾਰ ਹੋਇਆ।

Bhagwant Mann

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਪੂਰੇ ਉਤਸ਼ਾਹ ਨਾਲ ਪੰਜਾਬ ਅਤੇ ਇਸ ਦੇ ਲੋਕਾਂ ਦੀ ਸੇਵਾ ਕਰ ਰਹੀ ਹੈ ਅਤੇ ਇਨ੍ਹਾਂ ਆਗੂਆਂ ਨੂੰ ਹੁਣ ਉਨ੍ਹਾਂ ਦੇ ਪਾਪਾਂ ਦੀ ਕੀਮਤ ਚੁਕਾਉਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਸੂਬੇ ਵਿਰੁੱਧ ਘਿਨਾਉਣੇ ਅਪਰਾਧਾਂ ਲਈ ਜ਼ਿੰਮੇਵਾਰ ਆਗੂਆਂ ਨੂੰ ਸਲਾਖਾਂ ਪਿੱਛੇ ਸੁੱਟਿਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਅਜਿਹੀ ਹੀ ਇਕ ਮਿਸਾਲ ਨਾਭਾ ਜੇਲ ’ਚ ਬੰਦ ਨਸ਼ਿਆਂ ਦਾ ਸਰਗਨਾ ਹੈ। ਜਦੋਂ ਮੌਜੂਦਾ ਸੂਬਾ ਸਰਕਾਰ ਅਜਿਹੇ ਅਨਸਰਾਂ ਵਿਰੁੱਧ ਲੜ ਰਹੀ ਹੈ ਤਾਂ ਰਵਾਇਤੀ ਪਾਰਟੀਆਂ ਇਨ੍ਹਾਂ ਨੂੰ ਬਚਾਉਣ ਲਈ ਆਪਸ ’ਚ ਰਲੀਆਂ ਹੋਈਆਂ ਹਨ।

ਨਸ਼ਿਆਂ ਦੇ ਦੋਸ਼ਾਂ ਹੇਠ ਨਾਭਾ ਜੇਲ ’ਚ ਬੰਦ ਸਾਬਕਾ ਅਕਾਲੀ ਮੰਤਰੀ ਦੀ ਹਮਾਇਤ ਕਰ ਰਹੀਆਂ ਰਵਾਇਤੀ ਪਾਰਟੀਆਂ ਦੇ ਆਗੂਆਂ ਨੂੰ ਨਿਸ਼ਾਨਾ ਬਣਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ, ਪ੍ਰਤਾਪ ਸਿੰਘ ਬਾਜਵਾ, ਸੁਖਪਾਲ ਸਿੰਘ ਖਹਿਰਾ, ਭਾਜਪਾ ਆਗੂ ਕੈਪਟਨ ਅਮਰਿੰਦਰ ਸਿੰਘ ਅਤੇ ਰਵਨੀਤ ਸਿੰਘ ਬਿੱਟੂ ਖੁੱਲ੍ਹ ਕੇ ਉਸ ਦੀ ਹਮਾਇਤ ’ਚ ਬੋਲ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਰਵਾਇਤੀ ਸਿਆਸੀ ਪਾਰਟੀਆਂ ਦੀ ਮਿਲੀਭੁਗਤ ਨੂੰ ਬੇਨਕਾਬ ਕਰਦਾ ਹੈ ਅਤੇ ਜਦੋਂ ਉਹ ਸੱਤਾ ’ਚ ਹੁੰਦੇ ਹਨ ਤਾਂ ਇਕ-ਦੂਜੇ ਦੇ ਗਲਤ ਕੰਮਾਂ ’ਤੇ ਪਰਦਾ ਪਾਉਂਦੇ ਹਨ।

ਉਨ੍ਹਾਂ ਇਹ ਵੀ ਕਿਹਾ ਕਿ ਸੁਖਬੀਰ ਨੂੰ ਨਾ ਤਾਂ ਪੰਜਾਬ ਦੇ ਸੱਭਿਆਚਾਰ, ਭੂਗੋਲ, ਧਰਮ ਦਾ ਗਿਆਨ ਹੈ ਅਤੇ ਨਾ ਹੀ ਮੁੱਢਲੀ ਪੰਜਾਬੀ ਭਾਸ਼ਾ ਬਾਰੇ ਪਤਾ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਪੁੱਤਰ ਸੂਬੇ ’ਚ ਸੱਤਾ ਹਥਿਆਉਣ ਲਈ ਕਾਹਲਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਪਹਿਲਾਂ ਹੀ ਭਵਿੱਖਬਾਣੀ ਕੀਤੀ ਸੀ ਕਿ ਅਕਾਲੀ ਦਲ 1920 ’ਚ ਬਣਿਆ ਸੀ ਅਤੇ 2019 ’ਚ ਖਤਮ ਹੋ ਜਾਵੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਕੁਰਬਾਨੀਆਂ ਨਾਲ ਭਰੀ ਅਮੀਰ ਵਿਰਾਸਤ ਵਾਲਾ ਅਕਾਲੀ ਦਲ ਹੁਣ ਨਸ਼ਾ ਸਮੱਗਲਰਾਂ ਦੀ ਪਾਰਟੀ ਵੱਜਣ ਲੱਗਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਆਪਸੀ ਦੁਫੇੜ ਦਾ ਸ਼ਿਕਾਰ ਹੈ, ਜਿੱਥੇ ਹਰ ਆਗੂ ਆਉਣ ਵਾਲੇ ਸਮੇਂ ’ਚ ਮੁੱਖ ਮੰਤਰੀ ਦੀ ਕੁਰਸੀ ’ਤੇ ਬਿਰਾਜਮਾਨ ਹੋਣ ਲਈ ਕਾਹਲਾ ਹੈ। ਇਨ੍ਹਾਂ ਆਗੂਆਂ ਕੋਲ ਸੂਬੇ ਲਈ ਕੋਈ ਦ੍ਰਿਸ਼ਟੀਕੋਣ ਨਹੀਂ ਹੈ ਕਿਉਂਕਿ ਉਹ ਸਿਰਫ ਸੱਤਾ ਦੀ ਲਾਲਸਾ ਨੂੰ ਸੰਤੁਸ਼ਟ ਕਰਨ ਅਤੇ ਇਸ ਨੂੰ ਕਿਸੇ ਵੀ ਤਰੀਕੇ ਨਾਲ ਆਪਣੇ ਹੱਥ ’ਚ ਲੈਣ ਲਈ ਚਿੰਤਤ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਕੋਝੇ ਹਥਕੰਡੇ ਉਨ੍ਹਾਂ ਨੂੰ ਸੂਬੇ ਦੇ ਲੋਕਾਂ ਦੀ ਸੇਵਾ ਕਰਨ ਤੋਂ ਨਹੀਂ ਰੋਕ ਸਕਣਗੇ ਅਤੇ ਉਹ ਸੂਬੇ ਦੇ ਸਰਵਪੱਖੀ ਵਿਕਾਸ ਲਈ ਇਸ ਨੇਕ ਕਾਰਜ ਨੂੰ ਜਾਰੀ ਰੱਖਣਗੇ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਆਗੂਆਂ ਨੇ ਕਦੇ ਵੀ ਸੂਬੇ ਜਾਂ ਇਸ ਦੇ ਲੋਕਾਂ ਦੀ ਪ੍ਰਵਾਹ ਨਹੀਂ ਕੀਤੀ ਅਤੇ ਇਨ੍ਹਾਂ ਹੰਕਾਰੀ ਆਗੂਆਂ ਨੇ ਹਮੇਸ਼ਾ ਸੂਬੇ ਲਈ ਕੰਮ ਕਰਨ ਦੀ ਬਜਾਏ ਆਪਣੇ ਪਰਿਵਾਰ ਤੇ ਨਿੱਜੀ ਹਿੱਤਾਂ ਨੂੰ ਤਰਜੀਹ ਦਿੱਤੀ।

ਸਕੂਲ ਆਫ ਐਮੀਨੈਂਸ ਅਤੇ ਸਰਕਾਰੀ ਨਰਸਿੰਗ ਟ੍ਰੇਨਿੰਗ ਸਕੂਲ ਕੀਤਾ ਲੋਕਾਂ ਨੂੰ ਸਮਰਪਿਤ

ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਸੁਤੰਤਰਤਾ ਸੈਨਾਨੀ ਜਥੇਦਾਰ ਕਰਤਾਰ ਸਿੰਘ ਦਰਵੇਸ਼ ਸੀਨੀਅਰ ਸੈਕੰਡਰੀ ਸਕੂਲ, ਸੰਗਰੂਰ, ਜਿਸ ਨੂੰ 3.40 ਕਰੋੜ ਰੁਪਏ ਦੀ ਲਾਗਤ ਨਾਲ ਸਕੂਲ ਆਫ ਐਮੀਨੈਂਸ ਵਜੋਂ ਅਪਗ੍ਰੇਡ ਕੀਤਾ ਗਿਆ ਹੈ, ਨੂੰ ਲੋਕਾਂ ਨੂੰ ਸਮਰਪਿਤ ਕੀਤਾ। ਮਾਨ ਨੇ ਕਿਹਾ ਕਿ ਇਹ ਸਕੂਲ ਵਿਸ਼ਵ ਪ੍ਰਸਿੱਧ ਹੈ ਅਤੇ ਇੱਥੋਂ ਪੜ੍ਹੇ ਵਿਦਿਆਰਥੀਆਂ ਨੇ ਵਿਸ਼ਵ ਪੱਧਰ ’ਤੇ ਵੱਖ-ਵੱਖ ਖੇਤਰਾਂ ’ਚ ਆਪਣੀ ਛਾਪ ਛੱਡੀ ਹੈ।

ਮੁੱਖ ਮੰਤਰੀ ਨੇ ਸਰਕਾਰੀ ਨਰਸਿੰਗ ਟਰੇਨਿੰਗ ਸਕੂਲ, ਸੰਗਰੂਰ ਵੀ ਲੋਕਾਂ ਨੂੰ ਸਮਰਪਿਤ ਕੀਤਾ। ਇਸ ਦੇ ਨਿਰਮਾਣ ’ਤੇ 7.81 ਕਰੋੜ ਰੁਪਏ ਦੀ ਲਾਗਤ ਆਈ ਹੈ। ਉਨ੍ਹਾਂ ਕਿਹਾ ਕਿ ਇਸ ਅਤਿ-ਆਧੁਨਿਕ ਨਰਸਿੰਗ ਟ੍ਰੇਨਿੰਗ ਸਕੂਲ ’ਚ ਤਿੰਨ ਸਾਲਾ ਜੀ. ਐੱਨ. ਐੱਮ. ਕੋਰਸ ਕਰਵਾਇਆ ਜਾ ਰਿਹਾ ਹੈ ਅਤੇ ਇਸ ਸੰਸਥਾ ਨੂੰ ਹੋਸਟਲ, ਆਧੁਨਿਕ ਲੈਬਾਰਟਰੀਆਂ, ਮੈੱਸ, ਸਮਾਰਟ ਕਲਾਸਰੂਮਾਂ, ਆਧੁਨਿਕ ਲਾਇਬ੍ਰੇਰੀ, ਬੱਸ ਸਰਵਿਸ ਤੇ ਹੋਰ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ।

ਵਿਸ਼ਵ ਕੈਂਸਰ ਕੇਅਰ ਦੀਆਂ 12 ਮੋਬਾਈਲ ਕੈਂਸਰ ਸਕਰੀਨਿੰਗ ਬੱਸਾਂ ਨੂੰ ਦਿਖਾਈ ਹਰੀ ਝੰਡੀ

ਮੁੱਖ ਮੰਤਰੀ ਨੇ ਵਰਲਡ ਕੈਂਸਰ ਕੇਅਰ ਦੀਆਂ 12 ਮੋਬਾਈਲ ਕੈਂਸਰ ਸਕਰੀਨਿੰਗ ਬੱਸਾਂ ਨੂੰ ਹਰੀ ਝੰਡੀ ਦਿਖਾਈ। ਇਹ ਬੱਸਾਂ ਵੱਖ-ਵੱਖ ਪਿੰਡਾਂ ਤੇ ਕਸਬਿਆਂ ’ਚ ਕੈਂਪ ਲਗਾ ਕੇ ਲੋਕਾਂ ਦੀ ਜਾਂਚ ਕਰਨਗੀਆਂ ਅਤੇ ਕੈਂਸਰ ਬਾਰੇ ਜਾਗਰੂਕਤਾ ਪੈਦਾ ਕਰਨਗੀਆਂ। ਉਨ੍ਹਾਂ ਇਸ ਸੰਸਥਾ ਦੇ ਚੇਅਰਮੈਨ ਡਾ. ਕੁਲਵੰਤ ਸਿੰਘ ਧਾਲੀਵਾਲ ਦੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਵਸ ਮੌਕੇ ਪੰਜਾਬ ’ਚ 350 ਮੁਫ਼ਤ ਕੈਂਸਰ ਸਕਰੀਨਿੰਗ ਤੇ ਜਾਗਰੂਕਤਾ ਕੈਂਪ ਲਗਾਉਣ ਦੀ ਸ਼ਲਾਘਾ ਕੀਤੀ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਸਮਾਜ ਦੇ ਹਰੇਕ ਵਰਗ ਦੀ ਭਲਾਈ ਲਈ ਵਚਨਬੱਧ ਹੈ।

Read More : ਯੂ-ਟਿਊਬਰ ਸੈਮ ਦੇ ਘਰ ’ਤੇ ਫਾਇਰਿੰਗ

Leave a Reply

Your email address will not be published. Required fields are marked *