ਵਿਧਾਨ ਸਭਾ ਵਿਚ ਪਾਣੀਆਂ ਦੇ ਮੁੱਦੇ ‘ਤੇ ਬੋਲੇ ਮੁੱਖ ਮੰਤਰੀ ਭਗਵੰਤ ਮਾਨ

ਸਦਨ ਵਿਚ ਗੂੰਜਿਆ ਦਿਲਜੀਤ ਦੋਸਾਂਝ ਦਾ ਨਾਂ

ਚੰਡੀਗੜ੍ਹ, 11 ਜੁਲਾਈ : ਅੱਜ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਵਿਧਾਨ ਸਭਾ ਸੈਸ਼ਨ ਦੇ ਦੂਜੇ ਦਿਨ ਦੀ ਕਾਰਵਾਈ ‘ਚ ਸ਼ਾਮਲ ਹੋਏ। ਇਸ ਦੌਰਾਨ ਸੀ. ਐੱਮ. ਮਾਨ ਨੇ ਵਿਰੋਧੀ ਧਿਰ ਦੇ ਸਵਾਲਾਂ ਦਾ ਜਵਾਬ ਦਿੱਤਾ ਤੇ ਪਿਛਲੇ ਲੰਬੇ ਸਮੇਂ ‘ਚ ਚਰਚਾ ਦਾ ਵਿਸ਼ਾ ਬਣ ਚੁੱਕੇ ਪਾਣੀਆਂ ਦੇ ਮੁੱਦੇ ‘ਤੇ ਵੀ ਆਪਣੀ ਗੱਲ ਰੱਖੀ। ਉਨ੍ਹਾਂ ਨੇ ਸਤਲੁਜ-ਯਮੁਨਾ ਲਿੰਕ (ਐਸਵਾਈਐਲ), ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐਮਬੀ) ਤੇ ਇੰਡਸ ਜਲ ਸੰਧੀ ‘ਤੇ ਵੀ ਆਪਣੇ ਤਰਕ ਰੱਖੇ।

ਮੁੱਖ ਮੰਤਰੀ ਭਗਵੰਤ ਮਾਨ ਨੇ ਸਦਨ ਵਿਚ ਸੰਬੋਧਨ ਕਰਦੇ ਹੋਏ ਕਿਹਾ ਕਿ ਕਾਂਗਰਸੀ ਬਾਹਰ ਜਾਣ ਦਾ ਬਹਾਨਾ ਭਾਲ ਰਹੇ ਹਨ ਪਰ ਮੈਂ ਸਪੀਕਰ ਸਾਹਿਬ ਤੁਹਾਨੂੰ ਜਿੰਦਾ ਕੁੰਜੀ ਦਿਤੇ ਹੋਏ ਹਨ, ਇਨ੍ਹਾਂ ਨੂੰ ਬਾਹਰ ਨਾ ਜਾਣ ਦਿਉ। ਮੁੱਖ ਮੰਤਰੀ ਨੇ ਕਿਹਾ ਕਿ ਬੀ. ਬੀ. ਐੱਮ. ਬੀ. ਬਾਰੇ ਬਹਿਸ ਚੱਲ ਰਹੀ ਹੈ। ਹਾਲ ਹੀ ਵਿਚ ਇਕ ਸਰਬ ਪਾਰਟੀ ਮੀਟਿੰਗ ਹੋਈ ਸੀ। ਸਾਰੇ ਆਗੂਆਂ ਨੇ ਸਹਿਮਤੀ ਪ੍ਰਗਟਾਈ ਗਈ ਸੀ ਕਿ ਉਹ ਇਸ ਮੁੱਦੇ ’ਤੇ ਤੁਹਾਡੇ ਨਾਲ ਹਨ। ਬੀਤੀ ਦਿਨੀਂ ਮੈਂ ਐਸ. ਵਾਈ. ਐੱਲ. ਮੀਟਿੰਗ ਵਿਚ ਸ਼ਾਮਲ ਹੋਣ ਲਈ ਦਿੱਲੀ ਗਿਆ ਸੀ।

ਪਿੰਡਾਂ ‘ਚ ਪਾਣੀਆਂ ਪਿੱਛੇ ਕਤਲ ਹੋ ਜਾਂਦੇ ਤੇ ਅਸੀਂ ਕਿਵੇਂ ਨਹਿਰਾਂ ਦੇ ਦਈਏ – ਮਾਨ

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਾਣੀ ਦਾ ਹਿਸਾਬ 21 ਮਈ ਤੋਂ ਅਗਲੇ ਸਾਲ ਦੀ 21 ਮਈ ਤੱਕ ਹੁੰਦਾ ਹੈ। 21 ਮਈ ਨੂੰ ਜਿੰਨਾਂ ਪਾਣੀ ਅਲਾਟ ਹੋ ਗਿਆ, ਉਨ੍ਹਾਂ ਪਾਣੀ ਦੂਜੇ ਸੂਬੇ ਨੇ ਵਰਤਣਾ ਹੈ। ਬੀਬੀਐਮਬੀ ਮੁੱਦੇ ‘ਤੇ ਪੰਜਾਬ ਸਰਕਾਰ 6 ਮਹੀਨੇ ਲਗਾਤਾਰ ਚਿੱਠੀਆਂ ਭੇਜਦੀ ਰਹੀ ਕਿ ਤੁਸੀਂ (ਹਰਿਆਣਾ) ਪਾਣੀ ਜ਼ਿਆਦਾ ਵਰਤ ਰਹੇ ਹੋ ਤੇ ਅਗਲੇ ਸਾਲ ਤੱਕ ਤੁਹਾਡੇ ਹਿੱਸੇ ਦਾ ਪਾਣੀ ਨਹੀਂ ਚੱਲੇਗਾ। ਹਰਿਆਣਾ ਨੇ 31 ਮਾਰਚ ਤੱਕ ਅਲਾਟ ਕੀਤਾ ਹੋਇਆ ਪਾਣੀ ਵਰਤ ਲਿਆ ਤੇ ਹੋਰ ਪਾਣੀ ਦੀ ਮੰਗ ਕਰਨ ਲੱਗ ਪਏ। ਮਾਨ ਕਿਹਾ ਕਿ ਪਾਣੀਆਂ ਪਿੱਛੇ ਕਤਲ ਹੋ ਜਾਂਦੇ ਹਨ, ਪਿੰਡਾਂ ਦੇ ਲੋਕ ਇਹ ਜਾਣਦੇ ਹਨ ਤੇ ਅਸੀਂ ਕਿਵੇਂ ਨਹਿਰਾਂ ਦੇ ਦੇਈਏ, ਜਦੋਂ ਕਿ ਸਾਡੇ ਕੋਲ ਪਾਣੀ ਹੈ ਹੀ ਨਹੀਂ।

ਦਿਲਜੀਤ ਦੋਸਾਂਝ ਦੇ ਹੱਕ ਵਿਚ ਆਏ ਭਗਵੰਤ ਮਾਨ

ਇਸ ਵਿਧਾਨ ਸੈਸ਼ਨ ਵਿਚ ਦਿਲਜੀਤ ਦੋਸਾਂਝ ਦੇ ਹੱਕ ਵਿਚ ਬੋਲਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਹਿਲਗਾਮ ਦੀ ਦੁਖਦਾਈ ਘਟਨਾ ਤੋਂ ਬਹੁਤ ਪਹਿਲਾਂ ਉਨ੍ਹਾਂ ਦੀ ਫ਼ਿਲਮ ਬਣੀ ਸੀ, ਜਿਸ ’ਚ ਪਾਕਿਸਤਾਨੀ ਕਲਾਕਾਰ ਸੀ ਪਰ ਸਾਨੂੰ ਗੱਦਾਰ ਕਿਹਾ ਜਾ ਰਿਹਾ ਹੈ, ਕੀ ਹੁਣ ਤੁਸੀਂ ਸਾਨੂੰ ਦੇਸ਼ ਭਗਤੀ ਦੇ ਸਰਟੀਫ਼ਿਕੇਟ ਵੰਡੋਗੇ।

ਮੁੱਖ ਮੰਤਰੀ ਅਤੇ ਪ੍ਰਤਾਪ ਬਾਜਵਾ ਮੁੜ ਆਹਮੋ ਸਾਹਮਣੇ

ਇਸ ਦੌਰਾਨ ਮੁੱਖ ਮੰਤਰੀ ਦੇ ਸੰਬੋਧਨ ਦੌਰਾਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੁੜ ਆਹਮੋ ਸਾਹਮਣੇ ਹੋ ਗਏ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਤੁਹਾਡੀਆਂ ਮਾੜੀਆਂ ਕਾਰਗੁਜ਼ਾਰੀਆਂ ਕਰ ਕੇ ਸਿਆਸਤ ਵਿਚ ਆਏ ਹਾਂ। ਇਸ ਦਾ ਜਵਾਬ ਦਿੰਦੇ ਹੋਏ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਇਸ ਤਰ੍ਹਾਂ ਡਰਾਮੇਬਾਜ਼ੀਆਂ ਨਾਲ ਕੰਮ ਨਹੀਂ ਚੱਲਣਾ।

ਸਦਨ ’ਚ ਮੁੱਖ ਮੰਤਰੀ ਦੀ ਉਸ ਟਿੱਪਣੀ ਮਗਰੋਂ ਵੱਡਾ ਰੌਲਾ ਰੱਪਾ ਪੈ ਗਿਆ ਜਦੋਂ ਮੁੱਖ ਮੰਤਰੀ ਨੇ ਕਿਹਾ ਕਿ ਬਾਜਵਾ ਸਾਹਿਬ ਅਜੇ 12 ਵਜੇ ਹਨ, ਤੁਹਾਨੂੰ ਬੋਲਣ ਦਾ ਟਾਈਮ ਦਿੱਤਾ ਜਾਵੇਗਾ, ਜਿਸ ਦੇ ਜਵਾਬ ’ਚ ਬਾਜਵਾ ਨੇ ਇਤਰਾਜ਼ ਕੀਤਾ ਅਤੇ ਇਸ ਮਗਰੋਂ ਸਦਨ ’ਚ ਭਾਰੀ ਰੌਲਾ ਰੱਪਾ ਪੈ ਰਿਹਾ ਹੈ।

ਕੇਂਦਰ ਸਾਨੂੰ ਆਪਸ ’ਚ ਲੜਾ ਕੇ ਮਾਰ ਰਹੀ ਹੱਕ : ਮੁੱਖ ਮੰਤਰੀ

ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਾਨੂੰ ਆਪਸ ਵਿਚ ਲੜਾ ਕੇ ਸਾਡੇ ਹੱਕ ਮਾਰ ਰਹੀ ਹੈ, ਸਾਡੀਆਂ ਤਾਂ ਹਰਿਆਣੇ ਨਾਲ ਰਿਸ਼ਤੇਦਾਰੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ। ਈ.ਡੀ. ਉਨ੍ਹਾਂ ਸੂਬਿਆਂ ਵਿਚ ਕਿਉਂ ਆਉਂਦੀ ਹੈ, ਜਿੱਥੇ ਭਾਜਪਾ ਦੀ ਸਰਕਾਰ ਨਹੀਂ।

ਉਨ੍ਹਾਂ ਅੱਗੇ ਕਿਹਾ ਕਿ ਆਪਾਂ ਗੱਲ ਉਹ ਕਰੀਏ, ਜਿਸ ਨਾਲ ਪੰਜਾਬ ਦਾ ਫਾਇਦਾ ਹੋਵੇ ਨਾ ਕਿਸੇ ਦਾ ਨਿੱਜੀ ਫਾਇਦਾ। ਉਨ੍ਹਾਂ ਅੱਗੇ ਕਿਹਾ ਕਿ ਜਿਨ੍ਹਾਂ ਦੇ ਖੇਤਾਂ ਵਿਚ ਨਹਿਰਾਂ ਖ਼ਤਮ ਹੁੰਦੀਆਂ ਹਨ, ਜਿਨ੍ਹਾਂ ਦੀਆਂ ਟੂਟੀਆਂ ਸੋਨੇ ਦੀਆਂ ਬਣੀਆਂ ਹੋਣ, ਉਨ੍ਹਾਂ ਨੂੰ ਪਾਣੀ ਦੀ ਮਹੱਤਤਾ ਬਾਰੇ ਕੀ ਪਤਾ।

Read More : ਸੀ. ਆਈ. ਐੱਸ. ਐੱਫ਼. ਸਿਰਫ਼ ਪੰਜਾਬ ਦੇ ਡੈਮਾਂ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ : ਬਰਿੰਦਰ ਗੋਇਲ

Leave a Reply

Your email address will not be published. Required fields are marked *