ਭਗਵੰਤ ਮਾਨ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ’ਤੇ ਸ਼ਰਧਾ ਦੇ ਫੁੱਲ ਕੀਤੇ ਭੇਟ
ਲੁਧਿਆਣਾ, 16 ਨਵੰਬਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਜ਼ਾਦੀ ਸੰਘਰਸ਼ ਦੇ ਮਹਾਨ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਉਨ੍ਹਾਂ ਦੇ ਸ਼ਹੀਦੀ ਦਿਹਾੜੇ ’ਤੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਸ਼ਹੀਦ ਦੇ ਜੱਦੀ ਪਿੰਡ ਸਰਾਭਾ ਲਈ 45.84 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਐਲਾਨ ਕੀਤਾ।
ਅੱਜ ਇਥੇ ਸੂਬਾ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸ਼ਹੀਦ ਦੇ ਸਤਿਕਾਰ ’ਚ ਪਿੰਡ ਸਰਾਭਾ ਲਈ 45 ਕਰੋੜ 84 ਲੱਖ ਰੁਪਏ ਦੀ ਲਾਗਤ ਨਾਲ ਵੱਖ-ਵੱਖ ਵਿਕਾਸ ਪ੍ਰਾਜੈਕਟਾਂ ਰਾਹੀਂ ਪਿੰਡ ਨੂੰ ਬੁਨਿਆਦੀ ਢਾਂਚੇ, ਪੀਣ ਵਾਲਾ ਸਾਫ ਪਾਣੀ, ਖੇਡਾਂ, ਰੱਖਿਆ ਸਿਖਲਾਈ ਸਮੇਤ ਹੋਰ ਸਹੂਲਤਾਂ ਦਿੱਤੀਆਂ ਜਾਣਗੀਆਂ, ਜੋ ਸ਼ਹੀਦ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਸ ਮਹਾਨ ਸ਼ਹੀਦ ਦੇ ਜੱਦੀ ਪਿੰਡ ਨੂੰ ਮਾਡਲ ਪਿੰਡ ਵਜੋਂ ਵਿਕਸਤ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ।
ਮੁੱਖ ਮੰਤਰੀ ਵੱਲੋਂ ਐਲਾਨੇ 45.84 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ’ਚ ਪਿੰਡ ਲਲਤੋਂ ਕਲਾਂ ਤੋਂ ਸਰਾਭਾ ਰਾਹੀਂ ਰਾਏਕੋਟ ਅਤੇ ਹਲਵਾਰਾ ਤੱਕ ਮੌਜੂਦਾ ਦੋ-ਮਾਰਗੀ ਸੜਕ ਨੂੰ ਚਾਰ-ਮਾਰਗੀ ਕਰਨ ਲਈ 40 ਕਰੋੜ ਰੁਪਏ ਦੀ ਲਾਗਤ ਆਵੇਗੀ।
ਇਹ ਸੜਕ ਹਲਵਾਰਾ ਏਅਰਪੋਰਟ ਤੱਕ ਜਾਵੇਗੀ। ਇਸੇ ਤਰ੍ਹਾਂ 2 ਕਰੋੜ 82 ਲੱਖ ਰੁਪਏ ਦੀ ਲਾਗਤ ਨਾਲ ਜ਼ਮੀਨ ਹੇਠਲੇ ਪਾਣੀ ਦੀ ਯੋਜਨਾ, 2 ਕਰੋੜ ਰੁਪਏ ਦੀ ਟਾਰਗੈੱਟ ਸੇਫਟੀ ਸੈੱਟਅੱਪ ਵਾਲੀ 10 ਐੱਮ. ਐੱਮ. ਇਨਡੋਰ ਸ਼ੂਟਿੰਗ ਰੇਂਜ, 10 ਲੱਖ ਰੁਪਏ ਦੀ ਲਾਗਤ ਨਾਲ ਬਾਸਕਿਟਬਾਲ ਗਰਾਊਂਡ ਦੀ ਮੁਰੰਮਤ ਅਤੇ 3 ਲੱਖ ਰੁਪਏ ਨਾਲ ਵਾਲੀਬਾਲ ਕੋਰਟ ਤੇ 6 ਕੰਕਰੀਟ ਬੈਂਚਾਂ ਵਾਲੇ ਖੇਡ ਮੈਦਾਨ ਦਾ ਵਿਕਾਸ ਸ਼ਾਮਲ ਹੈ।
ਇਸ ਤੋਂ ਇਲਾਵਾ 89 ਲੱਖ ਰੁਪਏ ਦੀ ਲਾਗਤ ਨਾਲ ਜੰਗਲਾਤ ਨਰਸਰੀ ਨੂੰ ਨਵੀਂ ਤਕਨਾਲੋਜੀ ਨਾਲ ਅਪਗ੍ਰੇਡ ਕੀਤਾ ਜਾਵੇਗਾ। ਸੁਰੱਖਿਆ ਤੇ ਪੁਲਸ ਬਲਾਂ ਲਈ ਸਿਖਲਾਈ ਅਕੈਡਮੀ ਸਥਾਪਤ ਕੀਤੀ ਜਾਵੇਗੀ, ਜਿਸ ’ਚ ਪਾਇਲਟ ਅਤੇ ਡਰੋਨ ਸਿਖਲਾਈ ਲਈ ਏਅਰ ਫੋਰਸ ਅਕੈਡਮੀ ਤੋਂ ਛੱਡੇ ਹੋਏ ਮਿਗ-21 ਜਹਾਜ਼ ਦੀ ਵਿਵਸਥਾ ਸ਼ਾਮਲ ਹੈ।
ਇਸ ਸਮੇਂ ਡਾ. ਕੇ. ਐੱਨ. ਐੱਸ. ਕੰਗ ਇੰਚਾਰਜ ਹਲਕਾ ਦਾਖਾ, ਪ੍ਰਧਾਨ ਸੁਖਵਿੰਦਰ ਸਿੰਘ ਗਰੇਵਾਲ, ਰਾਜਵੀਰ ਸਿੰਘ ਯੂ. ਐੱਸ. ਏ., ਦਵਿੰਦਰ ਸਿੰਘ ਗਰੇਵਾਲ, ਹਰਪ੍ਰੀਤ ਸਿੰਘ ਹੈਪੀ, ਅਮਰ ਸਿੰਘ ਸਕੱਤਰ, ਸੁਖਵਿੰਦਰ ਸਿੰਘ ਸੋਖੀ, ਅਵਤਾਰ ਸਿੰਘ ਗਰੇਵਾਲ ਕੈਨੇਡਾ, ਚੇਅਰਮੈਨ ਜਤਿੰਦਰ ਸਿੰਘ ਅਮਰੀਕਾ, ਇੰਦਰਜੀਤ ਸਿੰਘ ਗਰੇਵਾਲ, ਜਸਵਿੰਦਰ ਰਾਣਾ ਆਦਿ ਹਾਜ਼ਰ ਸਨ।
Read More : ਕੇਂਦਰੀ ਏਜੰਸੀਆਂ ਨੇ ਪੁੱਛਗਿੱਛ ਤੋਂ ਬਾਅਦ ਡਾ. ਭੱਟ ਨੂੰ ਪਠਾਨਕੋਟ ਵਾਪਸ ਭੇਜਿਆ
