ਇਤਿਹਾਸ ਤੋਂ ਜਾਣੂ ਕਰਵਾਉਣ ਬਦਲੇ ਸ਼ਰਧਾਲੂਆਂ ਤੋਂ ਲੈਂਦਾ ਸੀ ਮੋਟੀ ਰਕਮ
ਅੰਮ੍ਰਿਤਸਰ, 13 ਜੁਲਾਈ :-ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਗਾਈਡ ਬਣ ਕੇ ਭੋਲੇ-ਭਾਲੇ ਸ਼ਰਧਾਲੂਆਂ ਕੋਲੋਂ ਪੈਸੇ ਠੱਗਣ ਵਾਲੇ ਗੁਰਿੰਦਰ ਸਿੰਘ ਨਾਮਕ ਵਿਅਕਤੀ ਦਾ ਇਹ ਮਾਮਲਾ ਸਾਹਮਣੇ ਆਇਆ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਨਿੱਜੀ ਤੌਰ ’ਤੇ ਗਾਈਡ ਦੀਆਂ ਸੇਵਾਵਾਂ ਦੇਣ ਬਦਲੇ ਸੰਗਤਾਂ ਕੋਲੋਂ ਮੋਟੀ ਰਕਮ ਵਸੂਲਣ ਵਾਲੇ ਗੁਰਿੰਦਰ ਸਿੰਘ ਨੂੰ ਕਿਸੇ ਸ਼ਰਧਾਲੂ ਨਾਲ ਝਗੜਾ ਕਰਨ ਕਾਰਨ ਪੁਲਸ ਵੱਲੋਂ ਮਾਮਲਾ ਦਰਜ ਕਰ ਕੇ ਜੇਲ ਭੇਜ ਦਿੱਤਾ ਗਿਆ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਸ੍ਰੀ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ ’ਚ ਬਤੌਰ ਨਿਗਰਾਨ ਸਮਸ਼ੇਰ ਸਿੰਘ ਸ਼ੇਰਾ ਨੇ ਦੱਸਿਆ ਕਿ ਗੁਰਿੰਦਰ ਸਿੰਘ ਉਸ ਨਾਲ ਦੁਰਵਿਹਾਰ ਕਰ ਰਿਹਾ ਸੀ, ਜਿਸ ਦੀ ਸ਼ਿਕਾਇਤ ਲਈ ਉਹ ਪੁਲਸ ਚੌਕੀ ਗਲਿਆਰਾ ਕੋਲ ਗਿਆ ਸੀ ਤੇ ਇਸ ਦਰਮਿਆਨ ਵੀ ਗੁਰਿੰਦਰ ਸਿੰਘ ਨੇ ਉਸ ਨਾਲ ਝਗੜਾ ਕਰਨ ਦੀ ਕੋਸ਼ਿਸ਼ ਕੀਤੀ।
ਸ਼ਮਸ਼ੇਰ ਸਿੰਘ ਸ਼ੇਰਾ ਨੇ ਪਿਛਲੇ ਦਿਨੀਂ ਗੁਰਿੰਦਰ ਸਿੰਘ ਨੂੰ ਪਰਿਕਰਮਾ ਵਿਚ ਸ਼ਰਧਾਲੂ ਨਾਲ ਝਗੜਦਿਆਂ ਦੇਖਿਆ, ਜਿਸ ਨੂੰ ਹੱਲ ਕਰਨ ਲਈ ਮੌਕੇ ’ਤੇ ਪਹੁੰਚੇ ਸ਼ੇਰਾ ਨੇ ਜਦ ਝਗੜੇ ਦੀ ਛਾਣਬੀਣ ਕੀਤੀ ਤਾਂ ਉਸ ਨੂੰ ਪਤਾ ਲੱਗਾ ਕਿ ਗੁਰਿੰਦਰ ਸਿੰਘ ਗਾਈਡ ਬਣ ਕੇ ਸੰਗਤਾਂ ਪਾਸੋਂ ਮੋਟੀ ਰਕਮ ਵਸੂਲ ਕਰ ਰਿਹਾ ਹੈ, ਜਿਸ ਦੀ ਜਾਣਕਾਰੀ ਉਸ ਨੇ ਉੱਚ ਅਧਿਕਾਰੀਆਂ ਨੂੰ ਦਿੱਤੀ। ਸੂਚਨਾ ਮਿਲਦਿਆਂ ਹੀ ਮੈਨੇਜਰ ਸ੍ਰੀ ਦਰਬਾਰ ਸਾਹਿਬ ਭਗਵੰਤ ਸਿੰਘ ਧੰਗੇੜਾ ਨੇ ਮਾਮਲਾ ਸ਼੍ਰੋਮਣੀ ਕਮੇਟੀ ਦੇ ਫਲਾਇੰਗ ਵਿਭਾਗ ਨੂੰ ਸੌਂਪ ਦਿੱਤਾ।
ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਪਰਿਕਰਮਾ ਵਿਚ ਡਿਊਟੀ ਕਰ ਰਹੇ ਕਈ ਸੇਵਾਦਾਰ ਵੀ ਗੁਰਿੰਦਰ ਸਿੰਘ ਦਾ ਸਹਿਯੋਗ ਕਰ ਰਹੇ ਸਨ। ਫਲਾਇੰਗ ਵਿਭਾਗ ਵੱਲੋਂ ਗੁਰਿੰਦਰ ਸਿੰਘ ਨਾਲ ਸ਼ਾਮਲ ਸੇਵਾਦਾਰਾਂ ਦੇ ਬਿਆਨ ਵੀ ਦਰਜ ਕੀਤੇ ਜਾ ਰਹੇ ਹਨ। ਇਸੇ ਦਰਮਿਆਨ ਗੁਰਿੰਦਰ ਸਿੰਘ ਖਿਲਾਫ ਸ਼ਮਸ਼ੇਰ ਸਿੰਘ ਸ਼ੇਰਾ ਨੇ ਪੁਲਸ ਚੌਕੀ ਗਲਿਆਰਾ ਨੂੰ ਸ਼ਿਕਾਇਤ ਦਿੱਤੀ ਹੈ। ਪੁਲਸ ਨੇ ਕਾਰਵਾਈ ਕਰਦਿਆਂ ਗੁਰਿੰਦਰ ਸਿੰਘ ਨੂੰ ਨਿਆਇਕ ਹਿਰਾਸਤ ਜੇਲ ਭੇਜ ਦਿੱਤਾ ਹੈ।
Read More : ਕੈਂਸਰ ਨਾਲ ਔਰਤ ਦੀ ਮੌਤ