ਮੋਹਾਲੀ 1 ਨਵੰਬਰ 2026 : ਫਾਈਬਰ ਆਪਟਿਕਸ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਯੋਗਦਾਨ ਪਾਉਣ ਵਾਲੇ ਮਹਾਨ ਭਾਰਤੀ ਵਿਗਿਆਨੀ ਡਾ. ਨਰਿੰਦਰ ਸਿੰਘ ਕਪਾਨੀ ਦੀ 100ਵੀਂ ਜਨਮ ਵਰ੍ਹੇਗੰਢ ਨੂੰ ਸਮਰਪਿਤ ਕਰਦਿਆਂ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਭਾਰਤ ਦੀ ਪਹਿਲੀ ‘ਡਾ. ਨਰਿੰਦਰ ਸਿੰਘ ਕਪਾਨੀ ਰਿਸਰਚ ਚੇਅਰ ਫਾਰ ਐਕਸੀਲੈਂਸ ਇਨ ਸਾਇੰਸਿਜ਼ ਐਂਡ ਇਨੋਵੇਸ਼ਨ’ ਸਥਾਪਤ ਕੀਤੀ ਗਈ ਹੈ। ਇਸ ਪਹਿਲਕਦਮੀ ਤਹਿਤ ਵਿਗਿਆਨਕ ਖੋਜ, ਨਵੀਨਤਾ ਅਤੇ ਨੌਜਵਾਨ ਖੋਜਕਰਤਾਵਾਂ ਨੂੰ ਉਤਸ਼ਾਹਿਤ ਕਰਨ ਲਈ ਹਰ ਸਾਲ 1 ਕਰੋੜ ਰੁਪਏ ਦੀ ਖੋਜ ਗ੍ਰਾਂਟ ਪ੍ਰਦਾਨ ਕੀਤੀ ਜਾਵੇਗੀ।
ਚੰਡੀਗੜ੍ਹ ਯੂਨੀਵਰਸਿਟੀ ਕੈਂਪਸ ਵਿਖੇ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਡਾ. ਕਪਾਨੀ ਦੀ ਵਿਗਿਆਨਕ ਵਿਰਾਸਤ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਯੋਗਦਾਨ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪ੍ਰੋ. (ਡਾ.) ਸਮੀਰ ਕੇ. ਮੋਂਡਲ, ਸਾਇੰਟਿਸਟ-ਜੀ, ਆਪਟਿਕਸ ਐਂਡ ਫੋਟੋਨਿਕਸ, ਸੀਐੱਸਆਈਆਰ-ਸੀਐੱਸਆਈਓ, ਚੰਡੀਗੜ੍ਹ ਅਤੇ ਵਿਸ਼ੇਸ਼ ਮਹਿਮਾਨ ਵਜੋਂ ਨੈਸ਼ਨਲ ਯੂਨੀਵਰਸਿਟੀ ਆਫ ਸਿੰਗਾਪੁਰ ਤੋਂ ਪ੍ਰੋ. (ਡਾ.) ਐਰੋਨ ਡੈਨਰ ਸ਼ਾਮਲ ਹੋਏ। ਇਸ ਤੋਂ ਇਲਾਵਾ ਆਈਆਈਟੀ ਦਿੱਲੀ ਦੇ ਪ੍ਰੋਫੈਸਰ ਐਮਰੀਟਸ ਡਾ. ਅਜੋਏ ਕੇ. ਘਟਕ ਨੇ ਵਰਚੁਅਲ ਮਾਧਿਅਮ ਰਾਹੀਂ ਸ਼ਿਰਕਤ ਕੀਤੀ। ਸਮਾਗਮ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਸਹਿਗਲ ਅਤੇ ਰਾਜ ਸਭਾ ਮੈਂਬਰ ਸ. ਸਤਨਾਮ ਸਿੰਘ ਸੰਧੂ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵੀ ਮੌਜੂਦ ਰਹੀਆਂ।
ਇਸ ਮੌਕੇ ਡਾ. ਅਜੋਏ ਕੇ. ਘਟਕ ਨੂੰ ਫਾਈਬਰ ਆਪਟਿਕਸ ਅਤੇ ਫੋਟੋਨਿਕਸ ਦੇ ਖੇਤਰ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ‘ਨਰਿੰਦਰ ਸਿੰਘ ਕਪਾਨੀ ਲਾਈਫਟਾਈਮ ਅਚੀਵਮੈਂਟ ਐਵਾਰਡ ਫਾਰ ਐਕਸੀਲੈਂਸ ਇਨ ਫਿਜ਼ਿਕਸ’ ਨਾਲ ਸਨਮਾਨਿਤ ਕੀਤਾ ਗਿਆ।
ਪ੍ਰੋ. ਸਮੀਰ ਕੇ. ਮੋਂਡਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਡਾ. ਨਰਿੰਦਰ ਸਿੰਘ ਕਪਾਨੀ ਦੀਆਂ ਆਪਟੀਕਲ ਫਾਈਬਰ ਦੇ ਖੇਤਰ ਵਿੱਚ ਕੀਤੀਆਂ ਮੋਹਰੀ ਖੋਜਾਂ ਨੇ ਆਧੁਨਿਕ ਡਿਜੀਟਲ ਕ੍ਰਾਂਤੀ ਅਤੇ ਉੱਨਤ ਬਾਇਓਮੈਡੀਕਲ ਇਮੇਜਿੰਗ ਦੀ ਨੀਂਹ ਰੱਖੀ। ਉਨ੍ਹਾਂ ਨੇ ਪਤਲੀਆਂ ਅਤੇ ਲਚਕਦਾਰ ਕੱਚ ਦੀਆਂ ਤਾਰਾਂ ਰਾਹੀਂ ਤਸਵੀਰਾਂ ਦਾ ਸੰਚਾਰ ਸੰਭਵ ਬਣਾਇਆ ਅਤੇ ‘ਆਪਟੀਕਲ ਫਾਈਬਰ’ ਸ਼ਬਦ ਦੀ ਵਰਤੋਂ ਨੂੰ ਪ੍ਰਚਲਿਤ ਕੀਤਾ। ਉਨ੍ਹਾਂ ਦੀ ਖੋਜ ਨੇ ਫਾਈਬਰ ਆਪਟਿਕਸ ਅਤੇ ਫਾਈਬਰਸਕੋਪ ਵਰਗੀਆਂ ਤਕਨੀਕਾਂ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਈ।
ਉਨ੍ਹਾਂ ਕਿਹਾ ਕਿ ਭਾਰਤ ਨੂੰ ਆਪਣੇ ਦੂਰਦਰਸ਼ੀ ਵਿਗਿਆਨੀਆਂ ਦੀ ਵਿਗਿਆਨਕ ਵਿਰਾਸਤ ਨੂੰ ਅੱਗੇ ਵਧਾਉਣਾ ਚਾਹੀਦਾ ਹੈ। ਵਿਗਿਆਨਕ ਯੋਗਦਾਨ ਨੂੰ ਮਾਪਣ ਦਾ ਇਕਲੌਤਾ ਪੈਮਾਨਾ ਨੋਬਲ ਪੁਰਸਕਾਰ ਨਹੀਂ ਹੋਣਾ ਚਾਹੀਦਾ। ਉਨ੍ਹਾਂ ਨੇ ਐੱਸ.ਐੱਨ. ਬੋਸ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਕਈ ਭਾਰਤੀ ਵਿਗਿਆਨੀਆਂ ਦੀਆਂ ਖੋਜਾਂ ਨੇ ਵਿਸ਼ਵ ਵਿਗਿਆਨ ਨੂੰ ਨਵੀਂ ਦਿਸ਼ਾ ਦਿੱਤੀ ਹੈ, ਭਾਵੇਂ ਉਨ੍ਹਾਂ ਨੂੰ ਉਹ ਅੰਤਰਰਾਸ਼ਟਰੀ ਮਾਨਤਾ ਨਾ ਮਿਲੀ ਹੋਵੇ ਜਿਸ ਦੇ ਉਹ ਹੱਕਦਾਰ ਸਨ। ਉਨ੍ਹਾਂ ਨੇ ਨੌਜਵਾਨ ਖੋਜਕਰਤਾਵਾਂ ਨੂੰ ਮਹਾਨ ਵਿਗਿਆਨੀਆਂ ਦੇ ਕੰਮ ਨੂੰ ਅੱਗੇ ਵਧਾਉਣ ਅਤੇ ਨਵੇਂ ਖੋਜ ਖੇਤਰਾਂ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ।
ਪ੍ਰੋ. ਐਰੋਨ ਡੈਨਰ ਨੇ ਕਿਹਾ ਕਿ ਡਾ. ਨਰਿੰਦਰ ਸਿੰਘ ਕਪਾਨੀ ਦੀਆਂ ਖੋਜਾਂ ਨੇ ਰੌਸ਼ਨੀ ਨੂੰ ਕੱਚ ਦੇ ਬਹੁਤ ਬਰੀਕ ਰੇਸ਼ਿਆਂ ਰਾਹੀਂ ਇੱਕ ਥਾਂ ਤੋਂ ਦੂਜੀ ਥਾਂ ਤੱਕ ਪਹੁੰਚਾਉਣ ਦੀਆਂ ਸੰਭਾਵਨਾਵਾਂ ਨੂੰ ਹਕੀਕਤ ਵਿੱਚ ਬਦਲਿਆ। ਉਨ੍ਹਾਂ ਕਿਹਾ ਕਿ ਡਾ. ਕਪਾਨੀ ਸਿਰਫ਼ ਭਾਰਤ ਜਾਂ ਪੰਜਾਬ ਦੇ ਹੀ ਨਹੀਂ, ਸਗੋਂ ਵਿਸ਼ਵ ਪੱਧਰ ਦੇ ਵਿਗਿਆਨੀ ਸਨ। ਉਨ੍ਹਾਂ ਦੀ ਵਿਗਿਆਨਕ ਵਿਰਾਸਤ ਕਿਸੇ ਇੱਕ ਦੇਸ਼ ਦੀਆਂ ਸਰਹੱਦਾਂ ਤੱਕ ਸੀਮਤ ਨਹੀਂ, ਬਲਕਿ ਸਮੁੱਚੀ ਮਨੁੱਖਤਾ ਦੀ ਸਾਂਝੀ ਵਿਰਾਸਤ ਹੈ।
ਰਾਜ ਸਭਾ ਮੈਂਬਰ ਸ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਡਾ. ਕਪਾਨੀ ਨੇ ਆਪਣੀਆਂ ਕ੍ਰਾਂਤੀਕਾਰੀ ਖੋਜਾਂ ਰਾਹੀਂ ਭਾਰਤ ਅਤੇ ਪੰਜਾਬ ਦਾ ਨਾਮ ਪੂਰੀ ਦੁਨੀਆ ਵਿੱਚ ਰੌਸ਼ਨ ਕੀਤਾ। ਅੱਜ ਹਾਈ-ਸਪੀਡ ਇੰਟਰਨੈੱਟ, ਡਿਜੀਟਲ ਸੰਚਾਰ, ਆਰਟੀਫਿਸ਼ੀਅਲ ਇੰਟੈਲੀਜੈਂਸ ਅਤੇ ਡਾਟਾ ਸੈਂਟਰ ਵਰਗੀਆਂ ਆਧੁਨਿਕ ਤਕਨਾਲੋਜੀਆਂ ਦੀ ਬੁਨਿਆਦ ਆਪਟੀਕਲ ਫਾਈਬਰ ਤਕਨਾਲੋਜੀ ‘ਤੇ ਟਿਕੀ ਹੋਈ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਸਥਾਪਤ ਕੀਤੀ ਗਈ ਰਿਸਰਚ ਚੇਅਰ ਭਾਰਤੀ ਵਿਗਿਆਨੀਆਂ ਦੀ ਅਗਲੀ ਪੀੜ੍ਹੀ ਨੂੰ ਨਵੀਆਂ ਖੋਜਾਂ ਅਤੇ ਨਵੀਨਤਾਵਾਂ ਲਈ ਪ੍ਰੇਰਿਤ ਕਰੇਗੀ।
ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਬੀਰ ਸਿੰਘ ਸਹਿਗਲ ਨੇ ਕਿਹਾ ਕਿ ਡਾ. ਕਪਾਨੀ ਦੀਆਂ ਖੋਜਾਂ ਨੇ ਮਨੁੱਖਤਾ ਨੂੰ ਡਿਜੀਟਲ ਯੁੱਗ ਵਿੱਚ ਪ੍ਰਵੇਸ਼ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਰਿਸਰਚ ਚੇਅਰ, ਸਾਲਾਨਾ ਖੋਜ ਗ੍ਰਾਂਟ ਅਤੇ ਵਿਸ਼ੇਸ਼ ਪੁਰਸਕਾਰਾਂ ਦੀ ਸ਼ੁਰੂਆਤ ਯੂਨੀਵਰਸਿਟੀ ਦੀ ਵਿਗਿਆਨਕ ਉੱਤਮਤਾ, ਖੋਜ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
ਤਿੰਨ ਸ਼੍ਰੇਣੀਆਂ ਵਿੱਚ ਦਿੱਤੇ ਜਾਣਗੇ ਵਿਸ਼ੇਸ਼ ਪੁਰਸਕਾਰ
ਇਸ ਰਿਸਰਚ ਚੇਅਰ ਤਹਿਤ ਹਰ ਸਾਲ ਦਿੱਤੀ ਜਾਣ ਵਾਲੀ 1 ਕਰੋੜ ਰੁਪਏ ਦੀ ਗ੍ਰਾਂਟ ਰਾਹੀਂ ਵਿਗਿਆਨਕ ਖੋਜ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਤਿੰਨ ਵਿਸ਼ੇਸ਼ ਪੁਰਸਕਾਰ ਸ਼ੁਰੂ ਕੀਤੇ ਗਏ ਹਨ। ਇਨ੍ਹਾਂ ਵਿੱਚ ‘ਨਰਿੰਦਰ ਸਿੰਘ ਕਪਾਨੀ ਐਵਾਰਡ ਫਾਰ ਐਕਸੀਲੈਂਸ ਇਨ ਫਿਜ਼ਿਕਸ’, ‘ਸੀਯੂ ਫਿਜ਼ਿਕਸ ਐਕਸੀਲੈਂਸ ਐਵਾਰਡ ਫਾਰ ਬੈਸਟ ਰਿਸਰਚ ਪਬਲੀਕੇਸ਼ਨ’ ਅਤੇ ‘ਸੀਯੂ ਫਿਜ਼ਿਕਸ ਐਕਸੀਲੈਂਸ ਐਵਾਰਡ ਫਾਰ ਬੈਸਟ ਪੇਟੈਂਟ’ ਸ਼ਾਮਲ ਹਨ।
ਪਹਿਲੇ ਐਡੀਸ਼ਨ ਦੌਰਾਨ ਆਈਆਈਟੀ ਦਿੱਲੀ ਦੇ ਪ੍ਰੋਫੈਸਰ ਐਮਰੀਟਸ ਡਾ. ਅਜੋਏ ਕੇ. ਘਟਕ ਨੂੰ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਫਾਈਬਰ ਆਪਟਿਕਸ, ਇੰਟੀਗ੍ਰੇਟਿਡ ਆਪਟਿਕਸ ਅਤੇ ਫੋਟੋਨਿਕਸ ਦੇ ਖੇਤਰ ਵਿੱਚ ਉਨ੍ਹਾਂ ਦੀਆਂ ਖੋਜਾਂ, ਖੋਜ ਪ੍ਰਕਾਸ਼ਨਾਂ ਅਤੇ ਵਿਸ਼ਵ ਪੱਧਰ ‘ਤੇ ਪ੍ਰਸਿੱਧ ਪਾਠ ਪੁਸਤਕਾਂ ਨੇ ਭੌਤਿਕ ਵਿਗਿਆਨ ਦੇ ਖੇਤਰ ਨੂੰ ਅੱਗੇ ਵਧਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ।
ਪੰਜ ਸਰਵੋਤਮ ਪੇਟੈਂਟਾਂ ਨੂੰ ਮਿਲਿਆ ਸਨਮਾਨ
‘ਸੀਯੂ ਫਿਜ਼ਿਕਸ ਐਕਸੀਲੈਂਸ ਐਵਾਰਡ ਫਾਰ ਬੈਸਟ ਪੇਟੈਂਟ’ ਤਹਿਤ ਪੰਜ ਸਰਵੋਤਮ ਪੇਟੈਂਟਾਂ ਲਈ ਖੋਜਕਰਤਾਵਾਂ ਨੂੰ ਸਨਮਾਨਿਤ ਕੀਤਾ ਗਿਆ। ਇਨ੍ਹਾਂ ਵਿੱਚ ਡਾ. ਰਿਤੂ ਗੁਪਤਾ ਅਤੇ ਡਾ. ਸੰਦੀਪ ਕੌਰ ਨੂੰ ਮਲਟੀ-ਫੰਕਸ਼ਨਲ ਆਪਟੀਕਲ ਐਂਟੀਨਾ ਸਿਸਟਮ ਲਈ, ਸ਼ੋਨਕ ਬਾਂਸਲ ਅਤੇ ਅਨੁਪਮਾ ਨੂੰ ਨੈਨੋਵਾਇਰ ਫੋਟੋਡਿਟੈਕਟਰ ਆਧਾਰਿਤ ਹੈਲਥ ਮਾਨੀਟਰਿੰਗ ਸਿਸਟਮ ਲਈ, ਆਦਿੱਤਿਆ ਭਟਨਾਗਰ ਅਤੇ ਡਾ. ਸੰਜੀਵ ਸੈਣੀ ਨੂੰ ਹਾਈਬ੍ਰਿਡ ਲੂਮਿਨਸੈਂਟ ਨੈਨੋਮੈਟੀਰੀਅਲਜ਼ ਲਈ ਸਨਮਾਨਿਤ ਕੀਤਾ ਗਿਆ।
ਇਸ ਤੋਂ ਇਲਾਵਾ ਮਹਿਮਾ ਪੁਰੋਹਿਤ ਅਤੇ ਡਾ. ਰੁਚੀ ਭਾਰਤੀ ਨੂੰ ਭੋਜਨ ਦੀ ਖ਼ਰਾਬੀ ਦਾ ਪਤਾ ਲਗਾਉਣ ਵਾਲੀ ਸਮਾਰਟ ਪੈਕੇਜਿੰਗ ਫਿਲਮ ਅਤੇ ਅਸ਼ਿਤ ਤ੍ਰਿਪਾਠੀ, ਸਚਿਤਾਨੰਦ ਸਿੰਘ, ਇਕਰਾ ਜਮਾਲ ਖ਼ਾਨ, ਸੰਸਕ੍ਰਿਤੀ ਸਿੰਘ, ਆਲੋਕ ਗੌਤਮ ਅਤੇ ਮਹਿਕ ਨੂੰ ਹੈਂਡਹੈਲਡ ਵਾਇਰਲੈੱਸ ਓਸੀਟੀ ਅਤੇ ਫੰਡਸ ਇਮੇਜਿੰਗ ਡਿਵਾਈਸ ਵਿਕਸਿਤ ਕਰਨ ਲਈ ਸਨਮਾਨਿਤ ਕੀਤਾ ਗਿਆ।
ਅੱਠ ਖੋਜਕਰਤਾਵਾਂ ਨੂੰ ਸਰਵੋਤਮ ਖੋਜ ਪ੍ਰਕਾਸ਼ਨ ਐਵਾਰਡ
‘ਸੀਯੂ ਫਿਜ਼ਿਕਸ ਐਕਸੀਲੈਂਸ ਐਵਾਰਡ ਫਾਰ ਬੈਸਟ ਰਿਸਰਚ ਪਬਲੀਕੇਸ਼ਨ’ ਤਹਿਤ ਅੱਠ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਖੋਜ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ।
Read More: SGPC ਅੰਤਰਿਮ ਕਮੇਟੀ ਦੀ ਮੀਟਿੰਗ: SGPC ਪ੍ਰਧਾਨ ਤੇ ਅਹੁਦੇਦਾਰਾਂ ਦੀ ਚੋਣ
