ਈ-ਮੇਲ ਰਾਹੀਂ 14 IEDs ਲਾਉਣ ਦਾ ਕੀਤਾ ਦਾਵਾ; ਤਲਾਸ਼ੀ ਦੌਰਾਨ ਕੋਈ ਸ਼ੱਕੀ ਵਸਤੂ ਨਹੀਂ ਮਿਲੀ
ਚੰਡੀਗੜ੍ਹ, 13 ਅਪ੍ਰੈਲ : ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਫੇਜ਼-2 ’ਚ ਸਥਿਤ ਪਾਸਪੋਰਟ ਦਫ਼ਤਰ ਨੂੰ ਦੁਪਹਿਰ 1 ਵੱਜ ਕੇ 15 ਮਿੰਟ ’ਤੇ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ। ਧਮਕੀ ’ਚ ਕਿਹਾ ਗਿਆ ਕਿ ਦਫ਼ਤਰ ’ਚ 14 ਆਈ.ਈ.ਡੀਜ਼ (IEDs) ਲਾਈਆਂ ਗਈਆਂ ਹਨ। ਜਾਣਕਾਰੀ ਮਿਲਦਿਆਂ ਹੀ ਬੰਬ ਨਾਕਾਮ ਕਰਨ ਵਾਲਾ ਦਸਤਾ, ਡੌਗ ਸਕੁਐਡ ਤੇ ਸੈਕਟਰ 31 ਥਾਣੇ ਦੇ ਇੰਚਾਰਜ ਮੌਕੇ ’ਤੇ ਪਹੁੰਚੇ। ਪੁਲਸ ਨੇ ਪਾਸਪੋਰਟ ਦਫ਼ਤਰ ਨੂੰ ਤੁਰੰਤ ਖ਼ਾਲੀ ਕਰਵਾ ਕੇ ਤਲਾਸ਼ੀ ਮੁਹਿੰਮ ਚਲਾਈ, ਪਰ ਅੰਦਰੋਂ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ।
ਜਾਣਕਾਰੀ ਅਨੁਸਾਰ ਵਿਦੇਸ਼ ਮੰਤਰਾਲੇ ਨਾਲ ਜੁੜੇ ਅਧਿਕਾਰੀਆਂ ਨੂੰ ਇਕ ਈ-ਮੇਲ ਰਾਹੀਂ ਇਹ ਧਮਕੀ ਦਿੱਤੀ ਗਈ। ਈ-ਮੇਲ ’ਚ ਦਾਵਾ ਕੀਤਾ ਗਿਆ ਕਿ ਸ਼ਹਿਰ ’ਚ 14 ਆਈ.ਈ.ਡੀਜ਼ ਲਾਈਆਂ ਗਈਆਂ ਹਨ, ਜੋ ਸੋਮਵਾਰ ਦੁਪਹਿਰ 1.15 ਵਜੇ ਫਟ ਸਕਦੀਆਂ ਹਨ। ਧਮਕੀ ’ਚ ਇਹ ਵੀ ਕਿਹਾ ਗਿਆ ਕਿ ਸਿਰਫ਼ ਮੁਸਲਿਮ ਲੋਕਾਂ ਨੂੰ ਹੀ ਨਿਸ਼ਾਨਾ ਬਣਾਇਆ ਜਾਵੇਗਾ। ਇਹ ਧਮਕੀ ਭਰੀ ਈ-ਮੇਲ ਸੋਮਵਾਰ ਸਵੇਰੇ ਇਕ ਆਈ.ਡੀ. ਤੋਂ ਭੇਜੀ ਗਈ, ਜਿਸ ’ਚ ਚੰਡੀਗੜ੍ਹ ਸਥਿਤ ਰੀਜਨਲ ਪਾਸਪੋਰਟ ਦਫ਼ਤਰ (ਆਰ.ਪੀ.ਓ.) ਦੇ ਅਧਿਕਾਰਤ ਈ-ਮੇਲ ਪਤੇ ਵੀ ਸ਼ਾਮਲ ਸਨ।
ਈ-ਮੇਲ ਭੇਜਣ ਵਾਲੇ ਨੇ ਆਪਣੇ-ਆਪ ਨੂੰ ‘ਆਜ਼ਾਦ ਦ੍ਰਾਵਿੜ ਨਾਡੂ’ ਨਾਲ ਜੁੜਿਆ ਦੱਸਿਆ। ਇਸ ’ਚ ਤਾਮਿਲਨਾਡੂ ਨਾਲ ਜੁੜੇ ਰਾਜਨੀਤਕ ਅਤੇ ਪੁਲਸ ਮਾਮਲਿਆਂ ਤੇ ਬੰਗਲਾਦੇਸ਼ ਨਾਲ ਸਬੰਧਤ ਘਟਨਾਵਾਂ ਦਾ ਹਵਾਲਾ ਦੇ ਕੇ ਨਾਰਾਜ਼ਗੀ ਪ੍ਰਗਟਾਈ ਗਈ ਹੈ। ਕੁਝ ਮਾਮਲਿਆਂ ’ਚ ਪੁਲਸ ਕਾਰਵਾਈ ਅਤੇ ਅਧਿਕਾਰੀਆਂ ਖ਼ਿਲਾਫ਼ ਕਥਿਤ ਅਨਿਆਂ ਦੇ ਦੋਸ਼ ਵੀ ਲਾਏ ਗਏ ਹਨ। ਪੁਲਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
Read More : ਮਹਿਲਾ ਰਾਖਵਾਂਕਰਨ ਨਹੀਂ, ਹੱਦਬੰਦੀ ਹੈ ਅਸਲੀ ਮੁੱਦਾ : ਸੋਨੀਆ ਗਾਂਧੀ
