ਮੈਨੇਜਮੈਂਟ ਸਿੱਖਿਆ ਨੂੰ ਉਦਯੋਗਿਕ ਤਜਰਬੇ ਨਾਲ ਜੋੜਨ ਲਈ ਨਵੀਂ ਪਹਿਲ; ਵਿਦਿਆਰਥੀਆਂ ਨੂੰ ਮਿਲੇਗੀ ਕਾਰਪੋਰੇਟ ਮੈਨਟਰਸ਼ਿਪ
ਮੋਹਾਲੀ, 18 ਮਾਰਚ : ਸੀਜੀਸੀ ਯੂਨੀਵਰਸਿਟੀ ਮੋਹਾਲੀ ਵੱਲੋਂ ਮੈਨੇਜਮੈਂਟ ਸਿੱਖਿਆ ਨੂੰ ਉਦਯੋਗਿਕ ਤਜਰਬੇ ਨਾਲ ਜੋੜਨ ਦੇ ਉਦੇਸ਼ ਨਾਲ ਇੱਕ ਵਿਸ਼ੇਸ਼ “ਐਮ.ਬੀ.ਏ. ਪਲੱਸ” ਲੀਡਰਸ਼ਿਪ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਇਸ ਇੰਡਸਟਰੀ-ਇੰਟੀਗ੍ਰੇਟਡ ਪ੍ਰੋਗਰਾਮ ਦਾ ਉਦਘਾਟਨ ਏਅਰੋਸਿਟੀ ਸਥਿਤ ਇੱਕ ਸਮਾਗਮ ਦੌਰਾਨ ਕੀਤਾ ਗਿਆ, ਜਿਸ ਵਿੱਚ ਕਈ ਪ੍ਰਮੁੱਖ ਉਦਯੋਗਿਕ ਮਾਹਿਰਾਂ ਨੇ ਸ਼ਿਰਕਤ ਕੀਤੀ। ਇਹ ਮੈਨਟਰਸ਼ਿਪ ਆਧਾਰਿਤ ਪ੍ਰੋਗਰਾਮ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਅਸਲ ਕਾਰੋਬਾਰੀ ਦੁਨੀਆ ਦਾ ਤਜਰਬਾ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ।
ਇਸ ਪ੍ਰੋਗਰਾਮ ਦੀ ਖਾਸ ਗੱਲ ਇਹ ਹੈ ਕਿ ਹਰ ਸਮੈਸਟਰ ਦੌਰਾਨ ਇੱਕ ਉਦਯੋਗਿਕ ਮਾਹਿਰ 15 ਵਿਦਿਆਰਥੀਆਂ ਦੇ ਗਰੁੱਪ ਨੂੰ ਮਾਰਗਦਰਸ਼ਨ ਦੇਵੇਗਾ। ਦੋ ਸਾਲਾਂ ਦੇ ਇਸ ਕੋਰਸ ਦੌਰਾਨ ਹਰ ਵਿਦਿਆਰਥੀ ਨੂੰ ਚਾਰ ਵੱਖ-ਵੱਖ ਇੰਡਸਟਰੀ ਲੀਡਰਾਂ ਤੋਂ ਸਿੱਖਣ ਦਾ ਮੌਕਾ ਮਿਲੇਗਾ। ਇਸ ਦੇ ਲਈ ਇੱਕ ‘ਐਗਜ਼ਿਕਿਊਟਿਵ ਮੈਨਟਰਸ਼ਿਪ ਕੌਂਸਲ’ ਬਣਾਈ ਗਈ ਹੈ, ਜੋ ਵਿਦਿਆਰਥੀਆਂ ਨੂੰ ਬੋਰਡਰੂਮ ਚਰਚਾਵਾਂ, ਰਣਨੀਤਿਕ ਸਿਮੂਲੇਸ਼ਨਾਂ ਅਤੇ ਕੇਸ ਸਟਡੀ ਵਿਸ਼ਲੇਸ਼ਣ ਵਰਗੀਆਂ ਗਤੀਵਿਧੀਆਂ ਨਾਲ ਜੋੜੇਗੀ।
ਵਿਦਿਆਰਥੀਆਂ ਨੂੰ ਮਾਰਕੀਟ ਵਿਸਥਾਰ, ਟੈਕਨੋਲੋਜੀ ਟ੍ਰਾਂਸਫ਼ਾਰਮੇਸ਼ਨ, ਫਾਇਨੈਂਸ਼ਲ ਵਿਸ਼ਲੇਸ਼ਣ ਅਤੇ ਓਪਰੇਸ਼ਨਲ ਸੁਧਾਰ ਵਰਗੀਆਂ ਅਸਲ ਕਾਰੋਬਾਰੀ ਚੁਣੌਤੀਆਂ ‘ਤੇ ਕੰਮ ਕਰਨ ਦਾ ਮੌਕਾ ਦਿੱਤਾ ਜਾਵੇਗਾ। ਪ੍ਰੋਗਰਾਮ ਵਿੱਚ ਲੰਬੀ ਮਿਆਦ ਵਾਲੀਆਂ ਇੰਟਰਨਸ਼ਿਪਾਂ ਅਤੇ ਇੰਡਸਟਰੀ ਪ੍ਰੋਜੈਕਟ ਵੀ ਸ਼ਾਮਲ ਹਨ, ਤਾਂ ਜੋ ਵਿਦਿਆਰਥੀ ਡਿਗਰੀ ਪੂਰੀ ਕਰਨ ਤੋਂ ਪਹਿਲਾਂ ਹੀ ਕਾਰਪੋਰੇਟ ਜਗਤ ਨਾਲ ਡੂੰਘਾ ਸੰਪਰਕ ਬਣਾ ਸਕਣ।
ਯੂਨੀਵਰਸਿਟੀ ਪ੍ਰਬੰਧਕਾਂ ਅਨੁਸਾਰ, ਉੱਚ ਸਿੱਖਿਆ ਦਾ ਮਕਸਦ ਸਿਰਫ਼ ਕਿਤਾਬੀ ਗਿਆਨ ਦੇਣਾ ਨਹੀਂ, ਸਗੋਂ ਸੋਚਵਾਨ ਅਤੇ ਜ਼ਿੰਮੇਵਾਰ ਲੀਡਰ ਤਿਆਰ ਕਰਨਾ ਹੈ। ਉਦਯੋਗਿਕ ਮਾਹਿਰਾਂ ਨਾਲ ਸਿੱਧਾ ਸੰਪਰਕ ਵਿਦਿਆਰਥੀਆਂ ਨੂੰ ਅਸਲ ਸਥਿਤੀਆਂ ਵਿੱਚ ਸਹੀ ਫੈਸਲੇ ਲੈਣ ਦੀ ਸਮਝ ਪ੍ਰਦਾਨ ਕਰੇਗਾ। ਇਸ ਪਹਿਲਕਦਮੀ ਨਾਲ ਅਕਾਦਮਿਕ ਸਿੱਖਿਆ ਅਤੇ ਉਦਯੋਗਿਕ ਅਨੁਭਵ ਵਿਚਕਾਰ ਇੱਕ ਮਜ਼ਬੂਤ ਕੜੀ ਸਥਾਪਿਤ ਹੋਵੇਗੀ।
Read More : ਪਰਸ ਖੋਹਣ ਦੀ ਕੋਸ਼ਿਸ਼ ਨੇ ਉਜਾੜਿਆ ਹੱਸਦਾ-ਵੱਸਦਾ ਪਰਿਵਾਰ
