ਮਾਨਸਾ, 2 ਦਸੰਬਰ : ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਭਵਿੱਖ ’ਚ ਅਕਾਲੀ-ਭਾਜਪਾ ਗਠਜੋੜ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਭਾਜਪਾ ’ਚ ਕੁਝ ਅਜਿਹੇ ਵਿਅਕਤੀ ਹਨ, ਜੋ ਨਹੀਂ ਚਾਹੁੰਦੇ ਇਹ ਗਠਜੋੜ ਹੋਵੇੇ, ਕਿਉਂਕਿ ਇਸ ਨਾਲ ਉਨ੍ਹਾਂ ਦੀ ਪੁੱਛਗਿੱਛ ਬੰਦ ਹੋ ਜਾਵੇਗੀ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਨੇ ਭਾਜਪਾ ਨੂੰ ਉਸ ਦੀ ਅਸਲੀਅਤ ਦਾ ਸ਼ੀਸ਼ਾ ਦਿਖਾਇਆ ਹੈ ਕਿ ਭਾਜਪਾ ਦਾ ਇੱਥੇ ਕੇਡਰ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਦਾ ਮਕਸਦ ਸਮਝੌਤੇ ਕਰ ਕੇ ਸੱਤਾ ਪ੍ਰਾਪਤ ਕਰਨਾ ਨਹੀਂ ਹੈ, ਬਲਕਿ ਪੰਜਾਬ ਦੇ ਹਿੱਤਾਂ ਅਤੇ ਮੰਗਾਂ ਨੂੰ ਮੰਨਵਾਉਣਾ ਹੈ। ਅਕਾਲੀ ਦਲ ਸੱਤਾ ’ਚ ਆਉਣ ਦੀ ਲੜਾਈ ਨਹੀਂ ਲੜ ਰਿਹਾ, ਉਹ ਪੰਜਾਬ ਦੇ ਹੱਕਾਂ ਦੀ ਲੜਾਈ ਲੜ ਰਿਹਾ ਹੈ।
ਮੈਂਬਰ ਪਾਰਲੀਮੈਂਟ ਨੇ ਕਿਹਾ ਕਿ ਅੱਜ ਪੰਜਾਬ ਦੇ ਹੱਕਾਂ ’ਤੇ ਡਾਕੇ ਮਾਰੇ ਜਾ ਰਹੇ ਹਨ। ਐੱਸ.ਜੀ.ਪੀ. ਸੀ. ਤੋਂ ਇਲਾਵਾ ਪੰਜਾਬ ਦੇ ਹੋਰ ਧਾਰਮਿਕ ਸਥਾਨਾਂ ’ਤੇ ਕਬਜ਼ੇ ਕੀਤੇ ਜਾ ਰਹੇ ਹਨ ਅਤੇ ਕਈ ਥਾਵਾਂ ’ਤੇ ਇਹ ਕਬਜ਼ੇ ਹੋ ਵੀ ਚੁੱਕੇ ਹਨ। ਅਕਾਲੀ ਦਲ ਚਾਹੁੰਦਾ ਹੈ ਕਿ ਇਨ੍ਹਾਂ ਨੂੰ ਪੰਜਾਬ ਦਾ ਹੱਕ ਮਿਲੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਾਣੀ ਪੰਜਾਬ ਨੂੰ ਮਿਲਣੇ ਚਾਹੀਦੇ ਹਨ।
ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਹਰਿਆਣਾ ਦੀ ਵੱਖਰੀ ਐੱਸ. ਜੀ. ਪੀ. ਸੀ. ਬਣਾਈ ਗਈ। ਉਸੇ ਤਰ੍ਹਾਂ ਸ੍ਰੀ ਨਾਦੇੜ ਸਾਹਿਬ ਅਤੇ ਪਟਨਾ ਸਾਹਿਬ ’ਤੇ ਵੀ ਬਾਹਰਲਿਆਂ ਨੂੰ ਕਾਬਜ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕੇਂਦਰ ਸਰਕਾਰ ਨੇ ਬੰਦੀ ਸਿੱਖਾਂ ਦੀ ਰਿਹਾਈ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਪਰ ਇਸ ਨੂੰ ਲਾਗੂ ਨਹੀਂ ਕੀਤਾ ਗਿਆ।
Read More : ਪੰਜਾਬ ਵਿਚ ਵਧਣ ਲੱਗਾ ਸੀਤ ਲਹਿਰ ਦਾ ਅਸਰ, ਯੈਲੋ ਅਲਰਟ ਜਾਰੀ
