ਮੁੱਖ ਮੰਤਰੀ ਨੇ ਪੰਜਾਬ ਸਰਕਾਰ ਵੱਲੋਂ ਪੱਕੇ ਕੀਤੇ ਸੂਇਆਂ ਦਾ ਲਿਆ ਜਾਇਜ਼ਾ
ਖੰਨਾ, 27 ਜੁਲਾਈ : ਖੇਤਾਂ ਤੱਕ ਨਹਿਰੀ ਪਾਣੀ ਪੁੱਜਦਾ ਕਰਨ ਲਈ ਪੰਜਾਬ ਸਰਕਾਰ ਵੱਲੋਂ ਪੱਕੇ ਕੀਤੇ ਸੂਇਆਂ ਦਾ ਜਾਇਜ਼ਾ ਲੈਣ ਲਈ ਮੁੱਖ ਮੰਤਰੀ ਭਗਵੰਤ ਮਾਨ ਐਤਵਾਰ ਦੀ ਸ਼ਾਮ ਨੂੰ ਖੰਨਾ ਦੇ ਪਿੰਡ ਲਿਬੜਾ ਵਿਖੇ ਪੁੱਜੇ। ਉਹਨਾਂ ਨੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਦੇ ਨਾਲ ਸੀਮਿੰਟ ਨਾਲ ਪੱਕੇ ਕੀਤੇ ਸੂਏ ਦਾ ਜਾਇਜ਼ਾ ਲਿਆ। ਮੁੱਖ ਮੰਤਰੀ ਦੇ ਦੌਰੇ ਦੀਆਂ ਤਿਆਰੀਆਂ ਲਈ ਜਿੱਥੇ ਪੁਲਿਸ ਨੇ ਸਖ਼ਤ ਪ੍ਰਬੰਧ ਕੀਤੇ ਹਨ, ਉੱਥੇ ਹੀ ਪ੍ਰਸ਼ਾਸਨ ਨੇ ਵੀ ਤਿਆਰੀਆਂ ਪੂਰੀਆਂ ਕਰ ਲਈਆਂ ਸਨ।
ਮੁੱਖ ਮੰਤਰੀ ਸੂਏ ਦਾ ਜਾਇਜ਼ਾ ਲੈਣ ਤੋਂ ਬਾਅਦ ਸੂਏ ਦੇ ਲਾਗੇ ਇੱਕ ਮੋਟਰ ’ਤੇ ਮੰਜੇ ’ਤੇ ਬੈਠ ਕੇ ਪਾਰਟੀ ਆਗੂਆਂ ਤੇ ਵਰਕਰਾਂ ਨਾਲ ਗੱਲਬਾਤ ਕਰਦੇ ਰਹੇ। ਮੁੱਖ ਮੰਤਰੀ ਮਾਨ ਨੇ ਮੌਕੇ ’ਤੇ ਮੌਜੂਦ ਲੋਕਾਂ ਨੂੰ ਕਿਹਾ ਕਿ ਉਹ ਕਿਸਾਨ ਦਾ ਪੁੱਤ ਹੈ, ਉਸ ਨੇ ਵੀ ਨੱਕੇ ਛੱਡੇ ਹਨ ਪਰ ਮਹਿਲਾਂ ਵਾਲਿਆਂ ਨੂੰ ਨਹੀਂ ਪਤਾ ਖੇਤੀ ਕੀ ਹੁੰਦੀ ਹੈ। ਸੂਏ ਪੱਕੇ ਕਰਨ ਨਾਲ ਪਾਣੀ ਦੀ ਬਚਤ ਹੋਵੇਗੀ।
ਮਾਨ ਨੇ ਕਿਹਾ ਕਿ ਜੇ ਕੋਈ ਕਿਸਾਨ ਪਾਣੀ ਲੈਣਾ ਚੁਹੰਦਾ ਹੈ ਤਾਂ ਉਹ ਵਿਭਾਗ ਦੇ ਅਧਿਕਾਰੀਆਂ ਨੂੰ ਦੱਸੇ, ਉਸ ਦੇ ਖੇਤਾਂ ਤੱਕ ਪਾਣੀ ਪੁੱਜਦਾ ਕੀਤਾ ਜਾਵੇਗਾ। ਯਾਦਵਿੰਦਰ ਸਿੰਘ ਲਿਬੜਾ ਵੱਲੋਂ ਪਿੰਡ ’ਚ ਆਮ ਆਦਮੀ ਕਲੀਨਕ ਤੇ ਦੂਰ ਦੇ ਖੇਤਾਂ ਲਈ ਪਾਣੀ ਪਹੁੰਚਾਉਣ ਲਈ ਅੰਡਰ ਗਰਾਉਂਡ ਪਾਇਪਾਂ ਪਾਉਣ ਦੀ ਮੰਗ ਕੀਤੀ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਿੰਡ ਵਾਸੀਆਂ ਦੀਆਂ ਦੋਵੇਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ।
ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਕਿਸਾਨਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਉਣ ਦੀ ਦਿਸ਼ਾ ’ਚ ਪੰਜਾਬ ਸਰਕਾਰ ਵੱਲੋਂ ਇੱਕ ਹੋਰ ਵੱਡੀ ਪਹਿਲਕਦਮੀ ਕੀਤੀ ਗਈ ਹੈ। ਖੰਨਾ ਵਿਧਾਨ ਸਭਾ ਹਲਕੇ ਦੇ ਪਿੰਡ ਭੱਟੀਆਂ ਤੋਂ ਗਾਜ਼ੀਪੁਰ ਤੱਕ ਸੂਏ ਨੂੰ ਸੀਮਿੰਟ ਨਾਲ ਪੱਕਾ ਕੀਤਾ ਗਿਆ ਹੈ, ਜਿਸ ’ਚ ਨਹਿਰੀ ਪਾਣੀ ਪ੍ਰੋਜੈਕਟ ਦੇ ਸ਼ੁਰੂ ਹੋਣ ਨਾਲ ਸੈਂਕੜੇ ਪਿੰਡਾਂ ਦੇ ਕਿਸਾਨਾਂ ਦੀ ਲਗਪਗ ਇੱਕ ਹਜ਼ਾਰ ਏਕੜ ਜ਼ਮੀਨ ਨੂੰ ਲਾਭ ਹੋਵੇਗਾ, ਵਾਹੀਯੋਗ ਜ਼ਮੀਨ ਹੁਣ ਨਹਿਰੀ ਪਾਣੀ ਨਾਲ ਸਿੰਜਾਈ ਜਾਵੇਗੀ।
ਪਹਿਲਾਂ ਨਹਿਰਾਂ ਤੋਂ ਪਾਣੀ ਲੈਣਾ ਆਸਾਨ ਨਹੀਂ ਸੀ, ਹੁਣ ਇਕੱਲੇ ਇਕੱਲੇ ਖੇਤ ਤੱਕ ਪਾਣੀ ਪੁੱਜਦਾ ਹੋਵੇਗਾ। ਸਰਕਾਰ ਨੇ ਨਹਿਰੀ ਪਾਣੀ ਦੀ ਵੰਡ ਨੂੰ ਸੁਚਾਰੂ ਬਣਾਉਣ ਅਤੇ ਕਿਸਾਨਾਂ ਨੂੰ ਉਪਲੱਬਧ ਕਰਵਾਉਣ ਵੱਲ ਠੋਸ ਕਦਮ ਚੁੱਕੇ ਹਨ ਜਿਸ ਨਾਲ ਅਰਬਾਂ ਦੇ ਪਾਣੀ ਦੀ ਬਚਾਅ ਹੋਵੇਗਾ ਤੇ ਬਿਜਲੀ ਦੀ ਬੱਚਤ ਵੀ ਹੋਵੇਗੀ, ਜਿਸ ਨਾਲ ਕਿਸਾਨਾਂ ਨੂੰ ਵੱਡਾ ਫਾਇਦਾ ਮਿਲੇਗਾ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਡਿੱਗ ਰਿਹਾ ਹੈ, ਜੋ ਭਵਿੱਖ ’ਚ ਇੱਕ ਗੰਭੀਰ ਸੰਕਟ ਬਣ ਸਕਦਾ ਹੈ। ਇਸ ਲਈ ਨਹਿਰੀ ਪਾਣੀ ਨਾਲ ਸਿੰਚਾਈ ਨੂੰ ਉਤਸ਼ਾਹਿਤ ਕਰਕੇ ਕਿਸਾਨਾਂ ਨੂੰ ਟਿਊਬਵੈਲਾਂ ‘ਤੇ ਨਿਰਭਰਤਾ ਤੋਂ ਬਚਾਇਆ ਜਾ ਰਿਹਾ ਹੈ ਜਿਸ ਕਾਰਨ ਇਲਾਕੇ ਦੇ ਕਿਸਾਨ ਬਹੁਤ ਉਤਸ਼ਾਹਿਤ ਹਨ। ਨਹਿਰੀ ਪਾਣੀ ਖੇਤੀ ਦੀ ਲਾਗਤ ਘਟਾਏਗਾ ਅਤੇ ਉਤਪਾਦਨ ਵਧਾਏਗਾ, ਨਾਲ ਹੀ ਬਿਜਲੀ ਅਤੇ ਪਾਣੀ ਦੀ ਬਚਤ ਕਰੇਗਾ।
ਇਸ ਮੌਕੇ ਸੀਨੀਅਰ ਆਗੂ ਰਾਜਿੰਦਰ ਸਿੰਘ ਜੀਮ, ਮਾਰਕੀਟ ਕਮੇਟੀ ਦੇ ਚੇਅਰਮੈਨ ਜਗਤਾਰ ਸਿੰਘ ਗਿੱਲ, ਜ਼ਿਲ੍ਹਾ ਸੰਗਠਨ ਇੰਚਾਰਜ ਮਾਸਟਰ ਅਵਤਾਰ ਸਿੰਘ, ਆਪ ਆਗੂ ਯਾਦਵਿੰਦਰ ਸਿੰਘ ਲਿਬੜਾ, ਮਲਕੀਤ ਸਿੰਘ ਮੀਤਾ, ਸਰਪੰਚ ਜਸਦੀਪ ਸਿੰਘ, ਡਾ. ਗਿਆਨ ਸਿੰਘ ਸੋਹਲ, ਅਵਤਾਰ ਸਿੰਘ ਕੰਗ, ਹਨੀ ਲਿਬੜਾ, ਮਨਜੋਤ ਸਿੰਘ ਭੱਟੀ, ਸਤਨਾਮ ਸਿੰਘ ਕੰਗ, ਜਸਦੇਵ ਸਿੰਘ, ਕੁਲਵਿੰਦਰ ਸਿੰਘ, ਸ਼ਾਹਬਾਜ਼ ਸਿੰਘ ਆਦਿ ਹਾਜ਼ਰ ਸਨ।
Read More : ਪੁਲਿਸ ਨੇ 24 ਘੰਟਿਆਂ ’ਚ ਸੁਲਝਾਈ ਮੰਦਰ ’ਚ ਹੋਈ ਚੋਰੀ ਦੀ ਗੁੱਥੀ