ਘੱਗਰ ’ਚ ਪਾਣੀ ਵਧਿਆ ਪਰ ਹਾਲਾਤ ਸਾਲ 2023 ਨਾਲੋਂ ਬਿਹਤਰ : ਅਮਨ ਅਰੋੜਾ, ਬਰਿੰਦਰ ਗੋਇਲ
ਮੂਨਕ, 2 ਸਤੰਬਰ : ਭਾਰੀ ਮੀਂਹ ਅਤੇ ਪਹਾੜੀ ਖੇਤਰਾਂ ’ਚ ਬੱਦਲ ਫਟਣ ਕਾਰਨ ਘੱਗਰ ਦਰਿਆ ’ਚ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲੈਣ ਲਈ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਮਕਰੋੜ ਸਾਹਿਬ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਰਾਹੁਲ ਚਾਬਾ, ਐੱਸ. ਡੀ. ਐੱਮ. ਮੂਨਕ ਸੂਬਾ ਸਿੰਘ ਅਤੇ ਵੱਡੀ ਗਿਣਤੀ ’ਚ ਸਥਾਨਕ ਲੋਕ ਹਾਜ਼ਰ ਸਨ।
ਇਸ ਮੌਕੇ ਮੰਤਰੀ ਅਰੋੜਾ ਤੇ ਗੋਇਲ ਨੇ ਕਿਹਾ ਕਿ ਪੰਜਾਬ ਇਸ ਵੇਲੇ ਬਹੁਤ ਹੀ ਤਰਸਯੋਗ ਹਾਲਤ ’ਚੋਂ ਗੁੱਜਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਨੂੰ ਇਸ ਸਥਿਤੀ ’ਚੋਂ ਬਾਹਰ ਕੱਢਣ ਲਈ ਪੰਜਾਬ ਸਰਕਾਰ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ।
ਘੱਗਰ ਦਰਿਆ ਦੀ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਦਰਿਆ ’ਚ ਇਸ ਵੇਲੇ 12000 ਕਿਊਸਿਕ ਪਾਣੀ ਚੱਲ ਰਿਹਾ ਹੈ। ਜਦਕਿ ਇਸ ਦੀ ਪਾਣੀ ਸੰਭਾਲਣ ਦੀ ਸਮਰੱਥਾ 12200 ਕਿਊਸਿਕ ਹੈ। ਜਦਕਿ ਪਾਣੀ ਦਾ ਪੱਧਰ 747.7 ਫੁੱਟ ਹੈ ਜਦਕਿ ਖਤਰੇ ਦਾ ਨਿਸ਼ਾਨ 748 ਫੁੱਟ ’ਤੇ ਹੈ।
ਉਨ੍ਹਾਂ ਕਿਹਾ ਕਿ ਸਾਲ 2023 ’ਚ ਘੱਗਰ ਦਰਿਆ ਵਿਚ 753 ਫੁੱਟ ’ਤੇ ਪਾੜ ਪਏ ਸਨ। ਉਨ੍ਹਾਂ ਕਿਹਾ ਕਿ ਸਾਲ 2023 ’ਚ ਜਿਹੜੇ 15 ਜਗ੍ਹਾ ’ਤੇ ਪਾੜ ਪਏ ਸਨ ਉਨ੍ਹਾਂ ਸਾਰੇ ਕੰਢਿਆਂ ਨੂੰ ਪੂਰੀ ਤਰ੍ਹਾਂ ਮਜ਼ਬੂਤ ਕਰ ਦਿੱਤਾ ਗਿਆ ਹੈ। ਪਰ ਇਸ ਸਾਲ ਹਾਲਾਤ 2023 ਨਾਲੋਂ ਬਹੁਤ ਬਿਹਤਰ ਹਨ।
ਉਨ੍ਹਾਂ ਕਿਹਾ ਕਿ ਮਕਰੋੜ ਸਾਹਿਬ ਤੱਕ ਘੱਗਰ ਦਰਿਆ ਦੀ ਚੌੜਾਈ 598 ਫੁੱਟ ਹੈ, ਜਦਕਿ ਇਸ ਤੋਂ ਅੱਗੇ ਚੌੜਾਈ ਘੱਟ ਕੇ 198 ਫੁੱਟ ਰਹਿ ਜਾਂਦੀ ਹੈ, ਜਿਸ ਕਾਰਨ ਅੱਗੇ ਪਾਣੀ ਇਕੱਠਾ ਹੋ ਜਾਂਦਾ ਹੈ ਅਤੇ ਪਾੜ ਪੈ ਜਾਂਦਾ ਹੈ। ਹਰਿਆਣਾ ਸਰਕਾਰ ਵੱਲੋਂ ਮਾਣਯੋਗ ਸੁਪਰੀਮ ਕੋਰਟ ਰਾਹੀਂ ਲਈ ਸਟੇਅ ਦੇ ਚੱਲਦਿਆਂ ਪੰਜਾਬ ਸਰਕਾਰ ਇਸ ਨੂੰ ਹੋਰ ਚੌੜਾ ਨਹੀਂ ਕਰ ਸਕਦੀ। ਉਨ੍ਹਾਂ ਲੋਕਾਂ ਵੱਲੋਂ ਮਿਲ ਰਹੇ ਸਹਿਯੋਗ ਅਤੇ ਜ਼ਜਬੇ ਨੂੰ ਸਲਾਮ ਕਰਦਿਆਂ ਕਿਹਾ ਕਿ ਇਸ ਮੁਸ਼ਕਿਲ ਘੜੀ ’ਚ ਸਾਨੂੰ ਸਾਰਿਆਂ ਧਿਰਾਂ ਨੂੰ ਇਕੱਠੇ ਹੋ ਕੇ ਪੀੜਤ ਲੋਕਾਂ ਦੀ ਬਾਂਹ ਫੜ੍ਹਨੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਨੂੰ ਕਿਸਾਨਾਂ ਅਤੇ ਮੁੜ ਵਸੇਬੇ ਦੇ ਯਤਨਾਂ ਦਾ ਸਮਰਥਨ ਕਰਨ ਲਈ 60,000 ਕਰੋੜ ਰੁਪਏ ਦੇ ਬਕਾਇਆ ਫੰਡ ਜਾਰੀ ਕਰਨ ਅਤੇ ਮੁਆਵਜ਼ਾ ਭੁਗਤਾਨ ਵਧਾ ਕੇ 50,000 ਰੁਪਏ ਪ੍ਰਤੀ ਏਕੜ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਪੰਜਾਬ ਲਈ ਜਲਦ ਤੋਂ ਜਲਦ ਇਹ ਫੰਡ ਜਾਰੀ ਕਰਨੇ ਚਾਹੀਦੇ ਹਨ।
ਮੌਜੂਦਾ ਹੜ੍ਹ ਸਥਿਤੀ ਅਤੇ ਘੱਗਰ ਦਰਿਆ ’ਚ ਵਧੇ ਹੋਏ ਪਾਣੀ ਦੇ ਪੱਧਰ ਨੂੰ ਦੇਖਦੇ ਹੋਏ ਡਿਪਟੀ ਕਮਿਸ਼ਨਰ ਸੰਗਰੂਰ ਰਾਹੁਲ ਚਾਬਾ ਨੇ ਜ਼ਿਲਾ ਸੰਗਰੂਰ ’ਚੋਂ ਲੰਘਦੇ ਘੱਗਰ ਦਰਿਆ ਦੇ ਕੰਢਿਆਂ ’ਤੇ ਰਾਤ ਦੀ ਚੌਕਸੀ (ਠੀਕਰੀ ਪਹਿਰੇ) ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਲੇ-ਦੁਆਲੇ ਦੇ ਖੇਤਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ 15 ਸੰਵੇਦਨਸ਼ੀਲ ਥਾਵਾਂ ਵਿਖੇ ਜੰਬੋ ਬੈਗਾਂ ਸਮੇਤ ਰੇਤ ਦੀਆਂ ਬੋਰੀਆਂ ਨਾਲ ਦਰਿਆ ਦੇ ਕੰਢਿਆਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ।
Read More : ਵਿਧਾਇਕ ਪਠਾਣਮਾਜਰਾ ਦੀ ਸੁਰੱਖਿਆ ਲਈ ਵਾਪਸ