Cabinet Minister Arora

ਕੈਬਨਿਟ ਮੰਤਰੀ ਅਰੋੜਾ ਨੇ ਰੱਖਿਆ ਸੜਕਾਂ ਦੇ ਨਵੀਨੀਕਰਨ ਦਾ ਨੀਂਹ-ਪੱਥਰ

ਹਲਕੇ ’ਚ 40 ਕਰੋੜ ਦੀ ਲਾਗਤ ਨਾਲ ਹੋਵੇਗਾ 48 ਸੜਕਾਂ ਦਾ ਨਵੀਨੀਕਰਨ

ਲੌਂਗੋਵਾਲ, 7 ਅਕਤੂਬਰ : ਪੰਜਾਬ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਅੱਜ ਵਿਧਾਨ ਸਭਾ ਹਲਕਾ ਸੁਨਾਮ ਦੇ ਕਸਬਾ ਲੌਂਗੋਵਾਲ ਵਿਖੇ ਡਰੇਨ ਦੇ ਪੁਲ ’ਤੇ ਇਲਾਕੇ ਦੀਆਂ ਸੜਕਾਂ ਦੇ ਨਵੀਨੀਕਰਨ (ਅਪਗ੍ਰੇਡੇਸ਼ਨ) ਦਾ ਨੀਂਹ-ਪੱਥਰ ਰੱਖਿਆ। ਇਸ ਮੌਕੇ ਅਮਨ ਅਰੋੜਾ ਨੇ ਕਿਹਾ ਕਿ ਅੱਜ ਹਲਕੇ ਦੇ ਵੱਖ-ਵੱਖ ਹਿੱਸਿਆਂ ’ਚ 149 ਕਿਲੋਮੀਟਰ ਲੰਬੀਆਂ 48 ਸੜਕਾਂ ਦੇ ਨਵੀਨੀਕਰਨ ਦਾ ਕੰਮ ਸ਼ੁਰੂ ਹੋਇਆ ਹੈ, ਜਿਸ ’ਤੇ 40.12 ਕਰੋੜ ਰੁਪਏ ਖਰਚ ਆਉਣਗੇ। ਇਹ ਸਾਰੇ ਕੰਮ ਅਗਲੇ 7-8 ਮਹੀਨੇ ’ਚ ਮੁਕੰਮਲ ਕਰਵਾਉਣ ਦਾ ਟੀਚਾ ਹੈ।

ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਇਨ੍ਹਾਂ ਪੇਂਡੂ ਸੜਕਾਂ ਦੀ ਅਗਲੇ 5 ਸਾਲ ਸਾਂਭ-ਸੰਭਾਲ ਵੀ ਠੇਕੇਦਾਰ ਹੀ ਕਰੇਗਾ। ਸੜਕਾਂ ਦੇ ਨਾਲ-ਨਾਲ ਹੋਰ ਸਾਰੇ ਵਿਕਾਸ ਕਾਰਜਾਂ ’ਚ ਵੀ ਗੁਣਵੱਤਾ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਸਾਰੇ ਵਿਕਾਸ ਕਾਰਜ ਖੁਦ ਕੋਲ ਖੜ੍ਹ ਕੇ ਤਸੱਲੀ ਨਾਲ ਕਰਵਾਉਣ।

ਅਰੋੜਾ ਨੇ ਕਿਹਾ ਕਿ ਪਿਛਲੇ ਸਾਢੇ ਤਿੰਨ ਸਾਲ ਦੌਰਾਨ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਸੂਬੇ ਦਾ ਸਰਬਪੱਖੀ ਵਿਕਾਸ ਕਰਵਾਉਣ ਲਈ ਦ੍ਰਿੜ ਯਤਨਸ਼ੀਲ ਹੈ। ਉਨ੍ਹਾਂ ਕਿਹਾ ਕਿ ਲੌਂਗੋਵਾਲ ਤੋਂ ਵਾਇਆ ਕਿਲਾ ਭਰੀਆ ਉਭਾਵਾਲ ਤੱਕ ਜਾਣ ਵਾਲੀ 9 ਕਿਲੋਮੀਟਰ ਲੰਬੀ ਇਸ ਸੜਕ ਦੇ ਨਵੀਨੀਕਰਨ ’ ਤੇ 2.67 ਕਰੋੜ ਰੁਪਏ ਖਰਚ ਹੋਣਗੇ, ਜਿਸ ਸਬੰਧੀ ਲੋਕਾਂ ਵੱਲੋਂ ਵਾਰ-ਵਾਰ ਮੰਗ ਕੀਤੀ ਜਾ ਰਹੀ ਸੀ।

ਇਸ ਤੋਂ ਇਲਾਵਾ ਲੌਂਗੋਵਾਲ ਤੋਂ ਪਿੰਡੀ ਕੇਹਰ ਸਿੰਘ ਵਾਲੀ, ਪਿੰਡੀ ਭਾਈ ਕਿ ਸਮਾਧ, ਬਡਬਰ ਰੋਡ ਲੌਂਗੋਵਾਲ ਢੱਡਰੀਆਂ ਸੜਕ ਤੱਕ, ਬਡਰੁੱਖਾਂ ਤੋਂ ਗਗੜਪੁਰ ਰੋਡ, ਲੋਹਾ ਖੇੜਾ ਤੋਂ ਕੁੱਬੇ, ਗੁਲਾਬ ਸਿੰਘ ਵਾਲਾ, ਬਹਾਦਰਪੁਰ ਤੋਂ ਚੀਮਾ, ਸਮੇਤ ਕੁੱਲ 48 ਸੜਕਾਂ ਦੇ ਨਵੀਨੀਕਰਨ ਦਾ ਕੰਮ ਅੱਜ ਸ਼ੁਰੂ ਹੋਇਆ ਹੈ। ਉਨ੍ਹਾਂ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਕਸਬਾ ਲੌਂਗੋਵਾਲ ਨਿਵਾਸੀਆਂ ਵੱਲੋਂ ਜੋ ਵੀ ਕਾਰਜ ਮੈਨੂੰ ਦੱਸੇ ਗਏ ਸਨ ਮੈਂ ਉਨ੍ਹਾਂ ਨੂੰ ਪੂਰਾ ਕਰ ਸਕਿਆ ਹਾਂ।

ਅਰੋੜਾ ਨੇ ਇਸ ਮੌਕੇ ਲੌਂਗੋਵਾਲ ਡਰੇਨ ਦੇ ਪੁਲ ਤੋਂ ਸਲਾਈਟ ਰੋਡ ਤੱਕ ਲਿੰਕ ਸੜਕ ਬਣਾਉਣ ਦਾ ਵੀ ਐਲਾਨ ਕੀਤਾ। ਇਸ ਮੌਕੇ ਪੀ. ਡਬਲਯੂ. ਡੀ. ਦੇ ਅਧਿਕਾਰੀਆਂ ਤੋਂ ਇਲਾਵਾ ਚੇਅਰਮੈਨ ਅਵਤਾਰ ਸਿੰਘ ਈਲਵਾਲ, ਨਗਰ ਕੌਂਸਲ ਪ੍ਰਧਾਨ ਪਰਮਿੰਦਰ ਕੌਰ ਬਰਾੜ, ‘ਆਪ’ ਆਗੂ ਬਲਵਿੰਦਰ ਸਿੰਘ ਢਿੱਲੋਂ, ਬੀ. ਸੀ. ਵਿੰਗ ਦੇ ਸੂਬਾ ਸਕਤੱਰ ਰਾਜ ਸਿੰਘ ਰਾਜੂ, ਬਲਾਕ ਪ੍ਰਧਾਨ ਵਿੱਕੀ ਵਸ਼ਿਸ਼ਟ, ਮੇਲਾ ਸਿੰਘ ਸੂਬੇਦਰ ਸਾਬਕਾ ਪ੍ਰਧਾਨ, ਮਾਸਟਰ ਨਰਿੰਦਰ ਸ਼ਰਮਾ ਆਦਿ ਹਾਜ਼ਰ ਸਨ।

Read More : ਸ੍ਰੀ ਆਨੰਦਪੁਰ ਸਾਹਿਬ ‘ਚ ਭਾਈ ਜੈਤਾ ਜੀ ਦੀ ਯਾਦਗਾਰ ਸਬੰਧੀ 5 ਗੈਲਰੀਆਂ ਸਮਰਪਿਤ

Leave a Reply

Your email address will not be published. Required fields are marked *