ਜਲ ਸਰੋਤ ਮੰਤਰੀ ਵੱਲੋਂ ਬੀ. ਬੀ. ਐੱਮ. ਬੀ. ‘ਤੇ ਸੀ. ਆਈ. ਐੱਸ. ਐੱਫ਼. ਦੀ ਤਾਇਨਾਤੀ ਦੇ ਮੁੱਦੇ ‘ਤੇ ਮਤਾ ਪੇਸ਼
ਚੰਡੀਗੜ੍ਹ, 11 ਜੁਲਾਈ : ਪੰਜਾਬ ਵਿਧਾਨ ਸਭਾ ਦੇ ਦੂਜੇ ਦਿਨ ਦੀ ਕਾਰਵਾਈ ਦੌਰਾਨ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਵਲੋਂ ਬੀ. ਬੀ. ਐੱਮ. ਬੀ. ‘ਤੇ ਸੀ. ਆਈ. ਐੱਸ. ਐੱਫ਼. ਦੀ ਤਾਇਨਾਤੀ ਦੇ ਮੁੱਦੇ ‘ਤੇ ਮਤਾ ਪੇਸ਼ ਕੀਤਾ ਗਿਆ।
ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਦੌਰਾਨ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਬੀ. ਬੀ. ਐਮ. ਬੀ. ਨੂੰ ਮਹੱਤਵਪੂਰਨ ਸਥਾਪਨਾਵਾਂ ਦੀ ਇਕ ਸੂਚੀ ਭੇਜੀ ਸੀ, ਜੋ ਅਜੇ ਤਕ ਸੀ. ਆਈ. ਐੱਸ. ਐੱਫ਼. ਸੁਰੱਖਿਆ ਅਧੀਨ ਨਹੀਂ ਸਨ। 2.0 ਪੰਜਾਬ ਰਾਜ ਨੇ ਸੀ. ਆਈ. ਐੱਸ. ਐੱਫ਼. ਦੀ ਤਾਇਨਾਤੀ ਦੇ ਮਾਮਲੇ ‘ਤੇ ਮੁੜ ਵਿਚਾਰ ਕੀਤਾ ਹੈ ਤੇ 27 ਮਈ 2025 ਅਤੇ 4 ਜੁਲਾਈ 2025 ਨੂੰ ਬੀ. ਬੀ. ਐੱਮ. ਬੀ. ਨੂੰ ਭੇਜੇ ਪੱਤਰਾਂ ਰਾਹੀਂ ਸੀ. ਆਈ. ਐੱਸ. ਐੱਫ਼. ਦੀ ਤਾਇਨਾਤੀ ਵਿਰੁੱਧ ਅਾਪਣੇ ਸਖ਼ਤ ਇਤਰਾਜ਼ ਦਰਜ ਕਰਵਾਏ ਹਨ। ਉਨ੍ਹਾਂ ਕਿਹਾ ਕਿ ਸੀ. ਆਈ. ਐੱਸ. ਐੱਫ਼. ਸਿਰਫ਼ ਪੰਜਾਬ ਦੇ ਡੈਮਾਂ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਹੈ। ਪੰਜਾਬ ਦੇ ਪਾਣੀ ਨੂੰ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਸਮਝਿਆ ਜਾਂਦਾ ਹੈ ਕਿ ਬੀ. ਬੀ. ਐੱਮ. ਬੀ. ਪੰਜਾਬ ਰਾਜ ਦੇ ਸਖ਼ਤ ਇਤਰਾਜ਼ਾਂ/ਵਿਰੋਧਾਂ ਦੇ ਬਾਵਜੂਦ ਸੀ. ਆਈ. ਐੱਸ. ਐੱਫ਼. ਦੀ ਤਾਇਨਾਤੀ ਨੂੰ ਅੱਗੇ ਵਧਾਉਣ ਦੀ ਯੋਜਨਾ ਬਣਾ ਰਿਹਾ ਹੈ। 4 ਜੁਲਾਈ ਨੂੰ ਹੋਈ ਪਿਛਲੀ ਬੀ. ਬੀ. ਐੱਮ. ਬੀ. ਮੀਟਿੰਗ ਵਿਚ ਵੀ ਪੰਜਾਬ ਵਲੋਂ ਸਖ਼ਤ ਵਿਰੋਧ ਕੀਤਾ ਗਿਆ ਸੀ।
ਸਿੰਚਾਈ ਮੰਤਰੀ ਨੇ ਕਿਹਾ ਕਿ ਪੰਜਾਬ ਪੁਲਿਸ ਸਥਾਨਕ ਹਾਲਾਤ ਤੋਂ ਚੰਗੀ ਤਰ੍ਹਾਂ ਜਾਣੂ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਪ੍ਰਾਜੈਕਟਾਂ ਦੀ ਸੇਵਾ ਕਰ ਰਹੀ ਹੈ। ਜਿੱਥੋਂ ਤਕ ਤਕਨਾਲੋਜੀ ਦਾ ਸਵਾਲ ਹੈ, ਪੰਜਾਬ ਪੁਲਿਸ ਨਵੀਂ ਤਕਨਾਲੋਜੀ ਦੀ ਵਰਤੋਂ ਕਰਨ ਵਿਚ ਮਾਹਿਰ ਹੈ। ਇਸ ਤੋਂ ਇਲਾਵਾ ਪੰਜਾਬ ਪੁਲਿਸ ਨੂੰ ਸਰਹੱਦੀ ਖੇਤਰਾਂ ਵਿਚ ਅਜਿਹੀਆਂ ਸਥਿਤੀਆਂ ਦਾ ਸਾਹਮਣਾ ਕਰਨ ਦਾ ਲੰਮਾ ਤਜਰਬਾ ਵੀ ਹੈ।
ਇਹ ਫ਼ੋਰਸ ਕਿਸੇ ਵੀ ਹੋਰ ਫ਼ੋਰਸ ਵਾਂਗ ਸਮਰੱਥ ਹੈ। ਸੀ.ਆਈ.ਐਸ.ਐਫ਼. ਦੀ ਤਾਇਨਾਤੀ ਨਾਲ ਪੰਜਾਬ ਰਾਜ ਅਤੇ ਹੋਰ ਭਾਈਵਾਲ ਰਾਜਾਂ ‘ਤੇ ਬੇਲੋੜਾ ਬੋਝ ਵਧੇਗਾ। ਪੰਜਾਬ ਰਾਜ ਬੀ.ਬੀ.ਐਮ.ਬੀ. ਦੇ ਖਰਚੇ ਵਿਚ ਮੁੱਖ ਯੋਗਦਾਨ ਪਾਉਣ ਵਾਲਾ ਹੈ ਅਤੇ ਇਸ ਲਈ ਪੰਜਾਬ ਰਾਜ ਨੂੰ ਵੀ ਇਹ ਵਾਧੂ ਖਰਚਾ ਸਹਿਣਾ ਪਵੇਗਾ। ਡੈਮ ਪੰਜਾਬ ਜਾਂ ਹਿਮਾਚਲ ਪ੍ਰਦੇਸ਼ ਦੇ ਖੇਤਰੀ ਅਧਿਕਾਰ ਖੇਤਰ ਅਧੀਨ ਹਨ। ਕਾਨੂੰਨ ਅਨੁਸਾਰ ਇਹ ਸਬੰਧਤ ਰਾਜ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਉਹ ਅਪਣੀਆਂ-ਅਪਣੀਆਂ ਸੀਮਾਵਾਂ ਵਿਚ ਕਾਨੂੰਨ ਵਿਵਸਥਾ ਬਣਾਈ ਰੱਖੇ ਅਤੇ ਇਨ੍ਹਾਂ ਸਥਾਪਨਾਵਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਏ।
ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਪੰਜਾਬ ਨੂੰ 30 ਐਮ.ਏ.ਐਫ਼. ਪਾਣੀ ਦੀ ਲੋੜ ਹੈ ਪਰ ਇਸ ਪਹਿਲੂ ‘ਤੇ ਵਿਚਾਰ ਨਹੀਂ ਕੀਤਾ ਜਾ ਰਿਹਾ। ਬੀ.ਬੀ.ਐਮ.ਬੀ. ਦੇ ਚੇਅਰਮੈਨ ਕੇਂਦਰ ਸਰਕਾਰ ਦੇ ਨਿਰਦੇਸ਼ਾਂ ‘ਤੇ ਕੰਮ ਕਰ ਰਹੇ ਹਨ। ਉਹ ਖ਼ਾਸ ਤੌਰ ‘ਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਕੇਂਦਰੀ ਮੰਤਰੀ ਦੇ ਨਿਰਦੇਸ਼ਾਂ ‘ਤੇ ਕੰਮ ਕਰ ਰਹੇ ਹਨ। ਚੇਅਰਮੈਨ ਸੀ.ਆਈ.ਐਸ.ਐਫ਼. ਦੀ ਲੋੜ ਹੈ। ਉਹ ਪੈਸੇ ਦੀ ਵੀ ਮੰਗ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਨੂੰ ਜਵਾਬ ਭੇਜਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਪਾਕਿਸਤਾਨ ਨਾਲ ਲੱਗਦੇ ਦੋ ਡੈਮਾਂ ‘ਤੇ ਸੁਰੱਖਿਆ ਪ੍ਰਦਾਨ ਕਰ ਰਹੀ ਹੈ। ਜਦਕਿ ਭਾਖੜਾ ਨੰਗਲ ਡੈਮ ਤੋਂ ਪਾਣੀ ਖੋਹਣ ਦੀ ਕੋਸ਼ਿਸ਼ ਦੇ ਹਿੱਸੇ ਵਜੋਂ ਸੀ.ਆਈ.ਐਸ.ਐਫ਼. ਤਾਇਨਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਗੋਇਲ ਵਲੋਂ ਪੇਸ਼ ਕੀਤੇ ਗਏ ਮਤੇ ‘ਤੇ ਸਹਿਮਤੀ ਜਤਾਈ ਗਈ।
Read More : 2 ਵਿਦਿਆਰਥੀਆਂ ਨੇ ਪ੍ਰਿੰਸੀਪਲ ‘ਤੇ ਕੀਤਾ ਹਥਿਆਰ ਨਾਲ ਹਮਲਾ