ਦੋਰਾਹਾ, 28 ਅਕਤੂਬਰ : ਸਬ-ਡਵੀਜ਼ਨ ਪਾਇਲ ਦੇ ਦੋਰਾਹਾ ਨੇੜਲੇ ਪਿੰਡ ਰਾਜਗੜ੍ਹ ਦੇ ਕੈਨੇਡਾ ਵਿਚ ਵੱਡੇ ਪੱਧਰ ’ਤੇ ਕਾਰੋਬਾਰ ਕਰਦੇ ਉੱਘੇ ਵਪਾਰੀ ਦਰਸ਼ਨ ਸਿੰਘ ਮਾਣਾ ਦੀ ਕੈਨੇਡਾ ਦੇ ਸ਼ਹਿਰ ਐਬਸਫੋਰਡ ਵਿਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ।
ਜਾਣਕਾਰੀ ਅਨੁਸਾਰ ਮਾਣਾ ਆਪਣੇ ਕੰਮ ਲਈ ਘਰੋਂ ਨਿਕਲਿਆ ਸੀ ਤਾਂ ਅਚਾਨਕ ਉਸ ’ਤੇ ਹਮਲਾ ਕਰ ਦਿੱਤਾ ਗਿਆ ਤੇ ਗੋਲੀਆਂ ਲੱਗਣ ਨਾਲ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ। ਮਾਣਾ ਰਾਜਗੜ੍ਹ 1992 ਵਿਚ ਕਾਰੋਬਾਰ ਦੇ ਸਬੰਧ ਵਿਚ ਕੈਨੇਡਾ ਗਏ ਸਨ।
ਉਨ੍ਹਾਂ ਨੇ ਆਪਣੇ ਕਾਰੋਬਾਰ ਨੂੰ ਵੱਡੇ ਪੱਧਰ ’ਤੇ ਪ੍ਰਫੁੱਲਤ ਕੀਤਾ। ਇਸ ਤੋਂ ਇਲਾਵਾ ਗੁਜਰਾਤ ਦੇ ਕਾਂਡਲਾ ਵਿਚ ਵੀ ਕੱਪੜਾ ਉਦਯੋਗ ਚਲਾਉਂਦੇ ਸਨ। ਕੈਨੇਡਾ ਪੁਲਸ ਇਸ ਕਤਲ ਦੇ ਸਬੰਧ ਵਿਚ ਵੱਡੇ ਪੱਧਰ ’ਤੇ ਮੁਸਤੈਦੀ ਨਾਲ ਦੋਸ਼ੀਆਂ ਦੀ ਭਾਲ ਕਰਨ ਵਿਚ ਲੱਗ ਗਈ ਹੈ। ਮੌਤ ਦੀ ਖ਼ਬਰ ਨੇੜਲੇ ਪਿੰਡ ਰਾਜਗੜ੍ਹ ਪੁੱਜਦਿਆਂ ਹੀ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ। ਮਾਣਾ ਰਾਜਗੜ੍ਹ ਪਰਿਵਾਰ ਸਮੇਤ ਕੈਨੇਡਾ ਵਿਚ ਰਹਿੰਦੇ ਸਨ।
Read More : ਪੰਚਾਇਤ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੀ ਪ੍ਰਕਿਰਿਆ ਦਸੰਬਰ ’ਚ ਹੋਵੇਗੀ ਪੂਰੀ
