ਵਿਰੋਧੀ ਧਿਰ ਵੱਲੋਂ ਹੰਗਾਮਾ
ਨਵੀਂ ਦਿੱਲੀ, 28 ਜਨਵਰੀ : ਬੁੱਧਵਾਰ ਸੰਸਦ ਦੀ ਸਾਂਝੀ ਬੈਠਕ ’ਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ ਭਾਸ਼ਣ ਦੌਰਾਨ ਵਿਰੋਧੀ ਧਿਰ ਦੇ ਮੈਂਬਰਾਂ ਨੇ ‘ਵਿਕਸਤ ਭਾਰਤ-ਜੀ ਰਾਮ ਜੀ ਐਕਟ’ ਦਾ ਵਿਰੋਧ ਕਰਦੇ ਹੋਏ ਹੰਗਾਮਾ ਕੀਤਾ। ਸਰਕਾਰ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਵਿਰੋਧੀ ਧਿਰ ਨੂੰ ਆਪਣੇ ਆਚਰਨ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ। ਕੇਂਦਰੀ ਮੰਤਰੀਆਂ ਜੇ. ਪੀ. ਨੱਡਾ ਤੇ ਕਿਰੇਨ ਰਿਜਿਜੂ ਨੇ ਵਿਰੋਧੀ ਧਿਰ ’ਤੇ ਨਿਸ਼ਾਨਾ ਵਿਨ੍ਹਿਅਾ।
ਰਿਜਿਜੂ ਨੇ ਦੋਸ਼ ਲਾਇਆ ਕਿ ਵਿਰੋਧੀ ਧਿਰ ਦੇ ਮੈਂਬਰਾਂ ਨੇ ਆਪਣੇ ਆਚਰਣ ਨਾਲ ਦੇਸ਼ ਨੂੰ ਸ਼ਰਮਸਾਰ ਕੀਤਾ ਹੈ । ਰਾਸ਼ਟਰਪਤੀ ਦੇ ਭਾਸ਼ਣ ਦੌਰਾਨ ਨਾਅਰੇਬਾਜ਼ੀ ਕਰ ਕੇ ਸਰਦਾਰ ਵੱਲਭਭਾਈ ਪਟੇਲ, ਬਾਬਾ ਸਾਹਿਬ ਭੀਮਰਾਓ ਅੰਬੇਡਕਰ, ਬਿਰਸਾ ਮੁੰਡਾ, ਭੂਪੇਨ ਹਜ਼ਾਰਿਕਾ, ਸ਼੍ਰੀ ਗੁਰੂ ਤੇਗ ਬਹਾਦਰ ਜੀ ਤੇ ਬੰਕਿਮ ਚੰਦਰ ਚਟੋਪਾਧਿਆਏ ਦਾ ਵੀ ਨਿਰਾਦਰ ਕੀਤਾ ਹੈ।
ਨੱਡਾ ਨੇ ਕਿਹਾ ਕਿ ਜਿਸ ਤਰੀਕੇ ਨਾਲ ਵਿਰੋਧੀ ਮੈਂਬਰਾਂ ਨੇ ਸੰਸਦ ਦੀ ਸ਼ਾਨ ਨੂੰ ਢਾਹ ਲਾਈ ਹੈ, ਉਹ ਬਹੁਤ ਨਿਖੱਧੀਯੋਗ ਹੈ। ਇਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ, ਥੋੜ੍ਹੀ ਹੈ। ਉਨ੍ਹਾਂ ਨੂੰ ਸੰਸਦ ਤੇ ਰਾਸ਼ਟਰ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।
ਜਿਵੇਂ ਹੀ ਰਾਸ਼ਟਰਪਤੀ ਮੁਰਮੂ ਨੇ ਸੰਸਦ ਦੇ ਸਾਂਝੇ ਸੈਸ਼ਨ ’ਚ ਆਪਣਾ ਭਾਸ਼ਣ ਸ਼ੁਰੂ ਕੀਤਾ, ਕਾਂਗਰਸ ਤੇ ਉਸ ਦੇ ਸਹਿਯੋਗੀ ਮੈਂਬਰਾਂ ਨੇ ਵੀ. ਬੀ. -ਜੀ ਰਾਮ ਜੀ) ਐਕਟ ਵਿਰੁੱਧ ਨਾਅਰੇਬਾਜ਼ੀ ਕੀਤੀ ਤੇ ਇਸ ਨੂੰ ਵਾਪਸ ਲੈਣ ਦੀ ਮੰਗ ਕੀਤੀ।
ਜਦੋਂ ਮੁਰਮੂ ਨੇ ਆਪਣੇ ਭਾਸ਼ਣ ’ਚ ਨਵੇਂ ਕਾਨੂੰਨ ਦਾ ਜ਼ਿਕਰ ਕੀਤਾ ਤਾਂ ਵਿਰੋਧੀ ਮੈਂਬਰਾਂ ਨੇ ਫਿਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਤੇ ਰਾਜ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਮਲਿਕਾਰੁਜਨ ਖੜਗੇ ਸਮੇਤ ਵਿਰੋਧੀ ਧਿਰ ਦੇ ਮੈਂਬਰ ਖੜ੍ਹੇ ਹੋ ਗਏ ਤੇ ਕਾਨੂੰਨ ਦਾ ਵਿਰੋਧ ਕਰਨ ਲੱਗ ਪਏ। ਰਾਸ਼ਟਰਪਤੀ ਮੁਰਮੂ ਆਪਣੇ ਭਾਸ਼ਣ ਦੌਰਾਨ ਇਕ ਪਲ ਲਈ ਰੁਕੀ ਪਰ ਫਿਰ ਉਨ੍ਹਾਂ ਭਾਸ਼ਣ ਪੜ੍ਹਨਾ ਸ਼ੁਰੂ ਕਰ ਦਿੱਤਾ।
ਅਜੀਤ ਪਵਾਰ ਦੇ ਦਿਹਾਂਤ ਦੀ ਖ਼ਬਰ ਮਿਲਣ ’ਤੇ ਕਾਰਵਾਈ ਮੁਲਤਵੀ
ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਹਾਊਸ ਨੂੰ ਸੰਬੋਧਨ ਕਰਦਿਆਂ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦੇ ਦਿਹਾਂਤ ਦੀ ਜਾਣਕਾਰੀ ਦਿੱਤੀ ਤੇ ਅਫਸੋਸ ਪ੍ਰਗਟ ਕੀਤਾ। ਇਸ ਤੋਂ ਬਾਅਦ ਲੋਕ ਸਭਾ ਦੀ ਕਾਰਵਾਈ ਵੀਰਵਾਰ ਸਵੇਰੇ 11 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ।
Read More : ਕਿਸੇ ਵੀ ਕੀਮਤ ’ਤੇ ਐੱਸ.ਵਾਈ.ਐੱਲ. ਨਹੀਂ ਬਣਨ ਦਿਆਂਗੇ : ਸੁਖਬੀਰ ਬਾਦਲ
