ਡਿਪਟੀ ਕਮਿਸ਼ਨਰ ਨੇ ਪਿੰਡ ਧੀਰਾ ਘਾਰਾ ਅਤੇ ਆਲੇ ਵਾਲਾ ਵਿਖੇ ਸਤਲੁਜ ਦਰਿਆ ਦੇ ਬੰਨ੍ਹਾਂ ਦੀ ਮਜ਼ਬੂਤੀ ਦਾ ਲਿਆ ਜਾਇਜ਼ਾ
ਫਿਰੋਜ਼ਪੁਰ, 21 ਅਗਸਤ : ਬੀਤੀ ਦੇਰ ਸ਼ਾਮ ਪਾਕਿਸਤਾਨ ਵਾਲੇ ਪਾਸਿੳਂ ਅਚਾਨਕ ਆਇਆ ਪਾਣੀ ਸਰਹੱਦੀ ਪਿੰਡ ਰਾਜੋ ਕੀ ਗੱਟੀ ਅਤੇ ਟੇਂਡੀ ਵਾਲਾ ਆਦਿ ਦੇ ਖੇਤਾਂ ਵਿਚ ਫਿਰਨਾ ਸ਼ੁਰੂ ਹੋ ਗਿਆ ਸੀ। ਪਿੰਡ ਰਾਜੋ ਕੀ ਗੱਟੀ ਅਤੇ ਟੇਂਡੀ ਵਾਲਾ ਤੋਂ ਜ਼ੀਰੋ ਲਾਈਨ ਦੇ ਬਿਲਕੁਲ ਨੇੜੇ ਸਥਿੱਤ ਬੀਐੱਸਐੱਫ ਦੀ ਸੱਤਪਾਲ ਚੌਕੀ ਵਿਚ ਵੀ ਪਾਣੀ ਆ ਗਿਆ ਸੀ।
ਸਰਹੱਦੀ ਪਿੰਡਾਂ ਦੇ ਖੇਤਾਂ ਵਿਚ ਪਾਣੀ ਫਿਰਨ ਦੀਆਂ ਖ਼ਬਰਾਂ ਆਉਂਦਿਆਂ ਹੀ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਦੇਰ ਸ਼ਾਮ ਹਾਲਾਤ ਦਾ ਜਾਇਜ਼ਾ ਲੈਣ ਲਈ ਸਰਹੱਦੀ ਪਿੰਡਾਂ ਵਿਚ ਪਹੁੰਚ ਗਏ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਦੀਪਸਿਖ਼ਾ ਸ਼ਰਮਾ ਨੇ ਪਿੰਡ ਧੀਰਾ ਘਾਰਾ ਅਤੇ ਆਲੇ ਵਾਲਾ ਵਿਖੇ ਸਤਲੁਜ ਦਰਿਆ ਦੇ ਬੰਨ੍ਹਾਂ ਦਾ ਦੌਰਾ ਕਰ ਕੇ ਮਜ਼ਬੂਤੀ ਦਾ ਜਾਇਜ਼ਾ ਲਿਆ। ਇਸ ਮੌਕੇ ਉਹਨਾਂ ਦੇ ਨਾਲ ਐੱਸ. ਡੀ. ਐੱਮ. ਫਿਰੋਜ਼ਪੁਰ ਗੁਰਮੀਤ ਸਿੰਘ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ|
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦਰਿਆ ਦੇ ਵਿਚ ਪਾਣੀ ਦਾ ਪੱਧਰ ਥੋੜਾ ਜਿਹਾ ਵਧਿਆ ਹੈ ਫਿਰ ਵੀ ਪਾਣੀ ਲਗਾਤਾਰ ਨਿਕਲ ਰਿਹਾ ਹੈ। ਉਹਨਾਂ ਨੇ ਕਿਹਾ ਕਿ ਬੀਤੇ ਦਿਨ ਵੀ ਪਿੰਡ ਟੇਂਡੀ ਵਾਲਾ ਵਿਖੇ ਬੰਨ੍ਹ ਦਾ ਜਾਇਜ਼ਾ ਲਿਆ ਗਿਆ ਸੀ ਅਤੇ ਡਰੇਨੇਜ਼ ਵਿਭਾਗ ਦੇ ਅਧਿਕਾਰੀਆਂ ਨੂੰ ਮਿੱਟੀ ਦੇ ਗੱਟੇ ਲਗਾ ਕੇ ਬੰਨ੍ਹ ਨੂੰ ਮਜ਼ਬੂਤ ਕਰਨ ਸਬੰਧੀ ਨਿਰਦੇਸ਼ ਦਿੱਤੇ ਗਏ ਸਨ। ਅਧਿਕਾਰੀਆਂ ਵੱਲੋਂ ਅੱਜ ਸਵੇਰੇ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਗੱਟੇ ਲਗਾ ਕੇ ਬੰਨ੍ਹ ਨੂੰ ਮਜ਼ਬੂਤ ਕੀਤਾ ਗਿਆ ਹੈ।
ਉਧਰ ਪਿੰਡ ਧੀਰਾ ਘਾਰਾ ਅਤੇ ਆਲੇਵਾਲਾ ਦੇ ਪਿੰਡ ਵਾਸੀਆਂ ਨਾਲ ਗੱਲਬਾਤ ਦੌਰਾਨ ਪਿੰਡ ਵਾਸੀਆਂ ਵੱਲੋਂ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਪਸ਼ੂਆਂ ਦੀਆਂ ਦਵਾਈਆਂ ਸਬੰਧੀ ਵਿਸ਼ੇਸ਼ ਕੈਂਪ ਦੀ ਜ਼ਰੂਰਤ ਹੈ। ਇਸ ਦੇ ਲਈ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਵੱਲੋਂ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦੇ ਦਿੱਤੇ ਗਏ ਹਨ।
ਪਾਣੀ ਦੀ ਮਾਰ ਹੇਠ ਆਏ ਕਈ ਸਕੂਲ, ਆਨਲਾਈਨ ਕਲਾਸਾਂ ਸ਼ੁਰੂ
ਡੀਸੀ ਦੀਪ ਸ਼ਿਖਾ ਸ਼ਰਮਾ ਨੇ ਬੁੱਧਵਾਰ ਨੂੰ ਪਿੰਡ ਨਿਹਾਲਾ ਲਵੇਰਾ ਸਮੇਤ ਸਤਲੁਜ ਦਰਿਆ ਦੇ ਕੰਢੇ ਸਥਿਤ ਕਈ ਪਿੰਡਾਂ ਦਾ ਦੌਰਾ ਕੀਤਾ। ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਉਕਤ ਖੇਤਰ ਦੇ ਅਧਿਆਪਕਾਂ ਦੇ ਸਕੂਲ ਨਾ ਪਹੁੰਚਣ ਕਾਰਨ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਹੋ ਰਹੀ ਹੈ, ਜਿਸ ਕਾਰਨ ਉਨ੍ਹਾਂ ਤੁਰੰਤ ਡੀਈਓ ਨੂੰ ਅਜਿਹੀ ਸਥਿਤੀ ਵਿੱਚ ਆਨਲਾਈਨ ਕਲਾਸਾਂ ਸ਼ੁਰੂ ਕਰਨ ਦੇ ਆਦੇਸ਼ ਜਾਰੀ ਕੀਤੇ।
ਇਸ ਦੇ ਨਾਲ ਹੀ ਬੋਰਡ ਕਲਾਸਾਂ ਦੇ ਵਿਦਿਆਰਥੀਆਂ ਦੀਆਂ ਕਲਾਸਾਂ ਨੇੜਲੇ ਸਕੂਲ ਵਿੱਚ ਕਰਵਾਈਆਂ ਜਾਣ ਤਾਂ ਜੋ ਕਿਸੇ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਵੇ। ਉਨ੍ਹਾਂ ਕਿਹਾ ਕਿ ਦਰਿਆ ਦੇ ਕੰਢੇ ਰਹਿਣ ਵਾਲੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਘਬਰਾਉਣ ਦੀ ਲੋੜ ਨਹੀਂ ਹੈ।
Read More : ਮੋਬਾਈਲ ਸ਼ਾਪ ’ਤੇ ਗੋਲੀਆਂ ਚਲਾਉਣ ਵਾਲਾ ਬਦਮਾਸ਼ ਪੁਲਸ ਮੁਕਾਬਲੇ ਵਿਚ ਜ਼ਖਮੀ