ਵੱਟ ਦੇ ਰੌਲੇ ਪਿੱਛੇ ਭਰਾ ਦਾ ਹੱਥ ਵੱਢਿਆ
ਰਾਜਪੁਰਾ, 1 ਜੁਲਾਈ :- ਖੇੜੀ ਗੰਡਿਆਂ ਅਧੀਨ ਪੈਂਦੇ ਪਿੰਡ ਆਕੜ ਵਿਚ ਜ਼ਮੀਨ ਦੀ ਵੱਟ ਦੇ ਰੌਲੇ ਤੋਂ ਹੋਇਆ ਬੋਲ ਬੁਲਾਰਾ ਖੂਨੀ ਤਕਰਾਰ ਤੱਕ ਪਹੁੰਚ ਗਿਆ ਅਤੇ ਇਕ ਧਿਰ ਨੇ ਆਪਣੇ ਚਾਚੇ ਦੇ ਲੜਕੇ ਉੱਪਰ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਕੇ ਉਸ ਦਾ ਹੱਥ ਬੁਰੀ ਤਰ੍ਹਾਂ ਵੱਢ ਦਿੱਤਾ। ਪੁਲਸ ਨੇ ਜ਼ਖਮੀ ਦਲਵਿੰਦਰ ਸਿੰਘ ਵਾਸੀ ਆਕੜ ਦੀ ਸ਼ਿਕਾਇਤ ’ਤੇ ਉਸ ਦੇ ਤਾਏ ਦੇ ਪੁੱਤਰ ਕੁਲਵਿੰਦਰ ਸਿੰਘ ਵਾਸੀ ਆਕੜ ਖਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦਲਵਿੰਦਰ ਸਿੰਘ ਵਾਸੀ ਆਕੜ ਨੇ ਦੱਸਿਆ ਕਿ ਉਸ ਦਾ ਤਾਏ ਦਾ ਲੜਕਾ ਕੁਲਵਿੰਦਰ ਸਿੰਘ ਉਨ੍ਹਾਂ ਦੀ ਸਾਂਝੀ ਵੱਟ ਵੱਢਦਾ ਰਹਿੰਦਾ ਸੀ, ਜਿਸ ਕਾਰਨ ਪਹਿਲਾਂ ਵੀ ਉਸ ਨਾਲ ਕਈ ਵਾਰ ਬੋਲ ਬੁਲਾਰਾ ਹੋ ਚੁੱਕਾ ਸੀ। ਬੀਤੇ ਦਿਨ ਵੀ ਉਸ ਨੇ ਵੱਟ ਨਾਲ ਛੇੜਛਾੜ ਕੀਤੀ। ਜਦੋਂ ਕੁਲਵਿੰਦਰ ਸਿੰਘ ਉਨ੍ਹਾਂ ਨੂੰ ਚੰਗਾ ਬੰਦਾ ਬੋਲਣ ਲੱਗਾ ਤਾਂ ਉਹ ਆਪਣੇ ਘਰ ਆ ਗਏ। ਬਾਅਦ ’ਚ ਕੁਲਵਿੰਦਰ ਸਿੰਘ ਤਲਵਾਰ ਲੈ ਕੇ ਉਨ੍ਹਾਂ ਦੇ ਘਰ ਕੋਲ ਆ ਗਿਆ।
ਉਸ ਦੇ ਪਰਿਵਾਰਕ ਮੈਂਬਰਾਂ ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਨ ਲੱਗਾ ਤਾਂ ਉਸ ਨੇ ਆਪਣਾ ਹੱਥ ਅੱਗੇ ਕਰ ਦਿੱਤਾ, ਜਿਸ ਕਾਰਨ ਕੁਲਵਿੰਦਰ ਸਿੰਘ ਵੱਲੋਂ ਕੀਤੇ ਤਲਵਾਰ ਦੇ ਵਾਰ ਨਾਲ ਉਸ ਦਾ ਹੱਥ ਵੱਢਿਆ ਗਿਆ।
ਦਲਵਿੰਦਰ ਸਿੰਘ ਦਾ ਦੋਸ਼ ਹੈ ਕਿ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ। ਉਸ ਨੂੰ ਇਲਾਜ ਲਈ ਪਹਿਲਾਂ ਰਾਜਪੁਰਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਇਲਾਜ ਲਈ ਰਾਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ। ਰਾਜਿੰਦਰਾ ਹਸਪਤਾਲ ’ਚ ਹੱਥ ਦੀ ਸਰਜਰੀ ਦਾ ਇਲਾਜ ਨਾ ਹੋਣ ਕਾਰਨ ਉਸ ਨੂੰ ਇਲਾਜ ਲਈ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕੀਤਾ ਗਿਆ ਹੈ, ਜਿੱਥੇ ਉਸ ਦੇ ਹੱਥ ਦੀ ਸਰਜਰੀ ਹੋਵੇਗੀ।
ਗੰਡਾ ਖੇੜੀ ਪੁਲਸ ਦੇ ਜਾਂਚ ਅਧਿਕਾਰੀ ਰਣਧੀਰ ਸਿੰਘ ਨੇ ਦੱਸਿਆ ਕਿ ਦਲਵਿੰਦਰ ਸਿੰਘ ਦੇ ਬਿਆਨਾਂ ’ਤੇ ਕੁਲਵਿੰਦਰ ਸਿੰਘ ਖਿਲਾਫ ਬੀ. ਐੱਨ. ਐੱਸ. ਦੀ ਧਾਰਾ 115(2), 118(1), 351(2) ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Read More : 13 ਹਜ਼ਾਰ ਦੀ ਰਿਸ਼ਵਤ ਲੈਂਦਾ ਬਲਾਕ ਅਫ਼ਸਰ ਗ੍ਰਿਫ਼ਤਾਰ
