ਨਾਭਾ ਪੁਲਸ

ਅੰਨ੍ਹੇ ਕਤਲ ਦੀ ਗੁੱਥੀ ਹੱਲ ; ਪਿਓ ਹੀ ਨਿਕਲਿਆ ਪੁੱਤ ਦਾ ਕਾਤਲ

ਪੁੱਤ ਦੇ ਜ਼ੁਲਮਾਂ ਤੋਂ ਤੰਗ ਪਿਓ ਨੇ ਦੋਸਤ ਨਾਲ ਮਿਲ ਕੇ ਦਿੱਤਾ ਵਾਰਦਾਤ ਨੂੰ ਅੰਜਾਮ

ਨਾਭਾ, 30 ਅਪ੍ਰੈਲ : ਨਾਭਾ ਪੁਲਸ ਨੇ ਪਿੰਡ ਧਾਰੋਕੀ ਵਿਖੇ ਹੋਏ ਸਨਸਨੀਖੇਜ਼ ਕਤਲ ਕਾਂਡ ਦੇ ਮੁਲਜ਼ਮਾਂ ਨੂੰ ਘਟਨਾ ਵਾਪਰਨ ਦੇ ਮਹਿਜ਼ 48 ਘੰਟਿਆਂ ਦੇ ਅੰਦਰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਖੁਲਾਸਾ ਕੀਤਾ ਕਿ ਇਕ ਬੇਵੱਸ ਪਿਓ ਨੇ ਹੀ ਆਪਣੇ ਪੁੱਤਰ ਦੇ ਝਗੜਾਲੂ ਸੁਭਾਅ ਅਤੇ ਪਰਿਵਾਰ ’ਤੇ ਕੀਤੇ ਜਾਂਦੇ ਜ਼ੁਲਮਾਂ ਤੋਂ ਤੰਗ ਆ ਕੇ ਆਪਣੇ ਇਕ ਦੋਸਤ ਦੀ ਮਦਦ ਨਾਲ ਉਸ ਦਾ ਕਤਲ ਕਰ ਦਿੱਤਾ।

ਸਦਰ ਥਾਣਾ ਨਾਭਾ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਡੀ. ਐੱਸ. ਪੀ. ਗੁਰਿੰਦਰ ਸਿੰਘ ਬੱਲ ਅਤੇ ਐੱਸ. ਐੱਚ. ਓ. ਜਸਪ੍ਰੀਤ ਸਿੰਘ ਨੇ ਦੱਸਿਆ ਕਿ 27 ਅਪ੍ਰੈਲ ਨੂੰ ਪਿੰਡ ਧਾਰੋਕੀ ਦੇ ਖੇਤਾਂ ’ਚੋਂ ਮੋਹਨ ਦਾਸ ਪੁੱਤਰ ਜਸਪਾਲ ਸਿੰਘ ਦੀ ਖ਼ੂਨ ਨਾਲ ਲੱਥ-ਪੱਥ ਲਾਸ਼ ਮਿਲੀ ਸੀ, ਜਿਸ ਦੇ ਸਿਰ ਅਤੇ ਮੱਥੇ ’ਤੇ ਤੇਜ਼ਧਾਰ ਹਥਿਆਰਾਂ ਨਾਲ ਕਈ ਵਾਰ ਕੀਤੇ ਗਏ ਸਨ। ਪੁਲਸ ਨੇ ਮ੍ਰਿਤਕ ਦੇ ਚਾਚੇ ਦੇ ਲੜਕੇ ਮਲਕੀਤ ਦਾਸ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕੀਤੀ ਸੀ।

ਡੀ. ਐੱਸ. ਪੀ. ਬੱਲ ਨੇ ਦੱਸਿਆ ਕਿ ਸੀ. ਸੀ. ਟੀ. ਵੀ. ਫੁਟੇਜ, ਮੋਬਾਈਲ ਕਾਲ ਡਿਟੇਲ ਅਤੇ ‘ਹਿਊਮਨ ਇੰਟੈਲੀਜੈਂਸ’ ਦੀ ਮਦਦ ਨਾਲ ਪੁਲਸ ਨੇ ਮ੍ਰਿਤਕ ਦੇ ਪਿਤਾ ਜਸਪਾਲ ਸਿੰਘ ਉਰਫ ਜਗਪਾਲ ਸਿੰਘ ਅਤੇ ਉਸ ਦੇ ਦੋਸਤ ਰਾਜਿੰਦਰ ਸਿੰਘ (ਦੋਵੇਂ ਵਾਸੀ ਧਾਰੋਕੀ) ਨੂੰ ਕਾਬੂ ਕਰ ਲਿਆ। ਪੁੱਛਗਿੱਛ ਦੌਰਾਨ ਕਤਲ ਦੀ ਦੁੱਖਦਾਈ ਵਜ੍ਹਾ ਸਾਹਮਣੇ ਆਈ।

ਮੁਲਜ਼ਮ ਪਿਤਾ ਨੇ ਕਬੂਲਿਆ ਕਿ ਉਸ ਦਾ ਪੁੱਤਰ ਮੋਹਨ ਦਾਸ ਪਿਛਲੇ ਕਈ ਸਾਲਾਂ ਤੋਂ ਆਪਣੀ ਪਤਨੀ, ਮਾਸੂਮ ਬੱਚੀਆਂ ਅਤੇ ਉਸ (ਪਿਤਾ) ਦੀ ਬੇਰਹਿਮੀ ਨਾਲ ਕੁੱਟਮਾਰ ਕਰਦਾ ਸੀ। ਪੁੱਤਰ ਦੇ ਨਿੱਤ ਦੇ ਕਲੇਸ਼ ਅਤੇ ਜ਼ੁਲਮਾਂ ਤੋਂ ਪਰਿਵਾਰ ਨੂੰ ਨਿਜਾਤ ਦਿਵਾਉਣ ਲਈ ਉਸ ਨੇ ਇਸ ਖ਼ੂਨੀ ਸਾਜ਼ਿਸ਼ ਨੂੰ ਅੰਜਾਮ ਦਿੱਤਾ।

ਪੁਲਸ ਨੇ ਵਾਰਦਾਤ ’ਚ ਵਰਤੇ ਗਏ ਮਾਰੂ ਹਥਿਆਰ ਬਰਾਮਦ ਕਰ ਲਏ ਹਨ ਅਤੇ ਦੋਸ਼ੀਆਂ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।

Read More : ਨਾਰਕੋ ਸਮੱਗਲਿੰਗ ਨੈੱਟਵਰਕ ਦਾ ਪਰਦਾਫਾਸ਼, 6 ਕਿੱਲੋ ਹੈਰੋਇਨ ਸਣੇ ਇਕ ਕਾਬੂ

Leave a Reply

Your email address will not be published. Required fields are marked *