ਭਾਲ ਕਰਨ ’ਚ ਲੱਗੀ ਪੁਲਸ
ਬਟਾਲਾ, 6 ਦਸੰਬਰ : ਸਿਵਲ ਹਸਪਤਾਲ ਬਟਾਲਾ ਵਿਚ ਜ਼ੇਰੇ ਇਲਾਜ ਬੱਬਰ ਖਾਲਸਾ ਇੰਟਰਨੈਸ਼ਨਲ (ਬੀ. ਕੇ. ਆਈ.) ਦੇ ਗੁਰਗੇ ਵਲੋਂ ਪੁਲਸ ਨੂੰ ਚਕਮਾ ਦੇ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।
ਇਥੇ ਇਹ ਜ਼ਿਕਰ ਕਰਨਾ ਬਣਦਾ ਹੈ ਕਿ 21 ਨਵੰਬਰ ਨੂੰ ਕਾਂਗਰਸੀ ਆਗੂ ਗੌਤਮ ਸੇਠ ਉਰਫ ਗੁੱਡੂ ਦੇ ਮੋਬਾਈਲ ਸ਼ੋਅਰੂਮ ’ਤੇ ਫਿਰੌਤੀ ਦੀ ਖਾਤਰ ਫਾਇਰਿੰਗ ਕਰ ਕੇ ਫਰਾਰ ਹੋਣ ਵਾਲੇ 2 ਅਣਪਛਾਤੇ ਵਿਅਕਤੀਆਂ ਵਿਚੋਂ ਇਕ ਦੀ ਪਛਾਣ ਕੰਵਲਜੀਤ ਸਿੰਘ ਉਰਫ ਲਵਜੀਤ ਪੁੱਤਰ ਜੱਸਾ ਸਿੰਘ ਵਾਸੀ ਵੈਰੋਵਾਲ ਵਜੋਂ ਹੋਈ ਸੀ ਤੇ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਪਿੰਡ ਸ਼ਾਹਪੁਰ ਜਾਜਨ ਦੀ ਸੱਕੀ ਡਰੇਨ ’ਤੇ ਹੋਏ ਪੁਲਸ ਮੁਕਾਬਲੇ ਦੌਰਾਨ ਉਸ ਨੂੰ ਗ੍ਰਿਫਤਾਰ ਕੀਤਾ ਸੀ।
ਇਥੇ ਇਹ ਵੀ ਦੱਸਦੇ ਚਲੀਏ ਕਿ ਉਕਤ ਗੁਰਗਾ, ਗੈਂਗਸਟਰ ਨਿਸ਼ਾਨ ਜੋੜੀਆਂ ਜੋ ਕਿ ਬੱਬਰ ਖਾਲਸਾ ਇੰਟਰਨੈਸ਼ਨਲ ਜਥੇਬੰਦੀ ਨਾਲ ਸਬੰਧਤ ਹੈ, ਦੇ ਸੰਪਰਕ ਵਿਚ ਸੀ ਅਤੇ ਮੁਕਾਬਲੇ ਦੌਰਾਨ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ ਸੀ। ਇਸ ਵਿਰੁੱਧ ਥਾਣਾ ਡੇਰਾ ਬਾਬਾ ਨਾਨਕ ਵਿਖੇ ਪੁਲਸ ਵਲੋਂ ਕੇਸ ਵੀ ਦਰਜ ਕੀਤਾ ਗਿਆ ਹੈ।
ਉਸ ਨੂੰ ਪੁਲਸ ਨੇ ਜ਼ਖਮੀ ਹਾਲਤ ਵਿਚ ਸਿਵਲ ਹਸਪਤਾਲ ਬਟਾਲਾ ਵਿਚ 2 ਪੁਲਸ ਮੁਲਾਜ਼ਮਾਂ ਦੀ ਨਿਗਰਾਨੀ ਹੇਠ ਇਲਾਜ ਲਈ ਦਾਖਲ ਕਰਵਾਇਆ ਸੀ ਅਤੇ ਇਹ ਉਸੇ ਦਿਨ ਤੋਂ ਹਸਪਤਾਲ ’ਚ ਸੀ। ਬਾਅਦ ਦੁਪਹਿਰ ਅਚਾਨਕ ਪੁਲਸ ਮੁਲਾਜ਼ਮਾਂ ਨੂੰ ਚਕਮਾ ਦੇ ਕੇ ਉਕਤ ਗੁਰਗਾ ਕੰਵਲਜੀਤ ਸਿੰਘ ਹਸਪਤਾਲ ਦੇ ਬੈੱਡ ਨਾਲ ਬੱਝੀ ਹੱਥਕੜੀ ਵਿਚੋਂ ਹੱਥ ਖਿਸਕਾ ਕੇ ਮੌਕੇ ਤੋਂ ਫਰਾਰ ਹੋ ਗਿਆ।
ਓਧਰ, ਗੁਰਗੇ ਦੇ ਫਰਾਰ ਹੋਣ ਦੀ ਖਬਰ ਸੁਣ ਕੇ ਪੁਲਸ ਨੂੰ ਹੱਥਾਂ-ਪੈਰਾਂ ਦੀ ਪੈ ਗਈ ਅਤੇ ਭਾਰੀ ਤਾਦਾਦ ਵਿਚ ਪੁਲਸ ਇਸ ਬਾਰੇ ਸੂਚਨਾ ਮਿਲਣ ’ਤੇ ਸਿਵਲ ਹਸਪਤਾਲ ਵਿਖੇ ਪਹੁੰਚੀ ਅਤੇ ਸ਼ਹਿਰ ਦੀ ਚੁਫੇਰਿਓਂ ਨਾਕਾਬੰਦੀ ਕਰਦਿਆਂ ਜੰਗੀ ਪੱਧਰ ’ਤੇ ਗੁਰਗੇ ਦੀ ਭਾਲ ਕਰਨੀ ਆਰੰਭ ਕਰ ਦਿੱਤੀ ਹੈ।
Read More : ਪਹਿਲਾਂ ਤਾਏ ਨੇ ਭਤੀਜੇ ਨੂੰ ਮਾਰੀਆਂ ਗੋਲੀਆਂ, ਫਿਰ ਲਾਸ਼ ਉਪਰੋਂ ਲੰਘਾਈ ਗੱਡੀ
