ਅੰਮ੍ਰਿਤਸਰ, 16 ਸਤੰਬਰ : ਸਿੱਖ ਗੁਰੂ ਸਾਹਿਬਾਨ ਦਾ ਸਤਿਕਾਰ ਕਰਨ ਦਾ ਫੋਕਾ ਦਾਅਵਾ ਕਰਨ ਵਾਲੀ ਭਾਜਪਾ ਸਰਕਾਰ ਨੇ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ’ਤੇ ਸਿੱਖ ਸ਼ਰਧਾਲੂਆਂ ਨੂੰ ਸੁਰੱਖਿਆ ਕਾਰਨਾਂ ਦਾ ਬਹਾਨਾ ਬਣਾ ਕੇ ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ ’ਤੇ ਰੋਕ ਲਗਾਉਣ ’ਤੇ ਜਥੇਦਾਰ ਹਵਾਰਾ ਕਮੇਟੀ ਦੇ ਆਗੂ ਪ੍ਰੋਫੈਸਰ ਬਲਜਿੰਦਰ ਸਿੰਘ ਅਤੇ ਬਾਪੂ ਗੁਰਚਰਨ ਸਿੰਘ ਨੇ ਕਿਹਾ ਹੈ ਕਿ ਇਸ ਨਾਲ ਸਿੱਖਾਂ ਦੀ ਮਾਨਸਿਕਤਾ ’ਤੇ ਵੱਡੀ ਸੱਟ ਵੱਜੀ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਨੇ ਇਹ ਰੋਕ ਲਗਾ ਕੇ ਸਾਬਤ ਕਰ ਦਿੱਤਾ ਹੈ ਕਿ ਭਾਜਪਾ ਦੀ ਸੋਚ ਸਿੱਖ ਵਿਰੋਧੀ ਸੀ ਅਤੇ ਹਮੇਸ਼ਾ ਰਹੇਗੀ, ਸਿੱਖਾਂ ਨੂੰ ਗੁਰਦੁਆਰਿਆਂ ਦੇ ਦਰਸ਼ਨ ਕਰਨ ’ਤੇ ਪਾਬੰਦੀ ਲਗਾ ਕੇ ਭਾਜਪਾ ਵੱਲੋਂ ਪੰਜਾਬ ਅਤੇ ਸਿੱਖਾਂ ਨਾਲ ਪੱਖਪਾਤ ਦਾ ਦੋਸ਼ ਲਗਾਉਂਦਿਆਂ ਹਵਾਰਾ ਕਮੇਟੀ ਦੇ ਮਹਾਬੀਰ ਸਿੰਘ ਸੁਲਤਾਨਵਿੰਡ, ਡਾ. ਸੁਖਦੇਵ ਸਿੰਘ ਬਾਬਾ ਅਤੇ ਬਲਦੇਵ ਸਿੰਘ ਨਵਾਂਪਿੰਡ ਨੇ ਕਿਹਾ ਦੁਬਈ ਵਿਚ ਭਾਰਤ-ਪਾਕਿਸਤਾਨ ਕ੍ਰਿਕਟ ਮੈਚ ਤਾਂ ਖੇਡਿਆ ਗਿਆ ਪਰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਅਤੇ ਵਪਾਰ ਲਈ ਅਟਾਰੀ ਬਾਰਡਰ ਸੁਰੱਖਿਆ ਦਾ ਬਹਾਨਾ ਲਾਕੇ ਅਜੇ ਤੱਕ ਨਹੀਂ ਖੋਲ੍ਹੇ ਗਏ।
ਹਵਾਰਾ ਕਮੇਟੀ ਨੇ ਕਿਹਾ ਪਹਿਲਗਾਮ ਘਟਨਾ ਦੇ ਬਾਵਜੂਦ ਅਮਰਨਾਥ ਯਾਤਰਾ ਨੂੰ ਸੁਰੱਖਿਆ ਦਾ ਬਹਾਨਾ ਬਣਾਕੇ ਰੱਦ ਨਹੀਂ ਕੀਤਾ ਗਿਆ ਸੀ ਕਿਉਂਕਿ ਉਹ ਬਹੁ ਗਿਣਤੀ ਲੋਕਾਂ ਦੀ ਆਸਥਾ ਦਾ ਮਸਲਾ ਸੀ। ਪਾਕਿਸਤਾਨ ਸਰਕਾਰ ਨੇ ਸਿੱਖ ਯਾਤਰੀਆਂ ਨੂੰ ਸੁਰੱਖਿਆ ਨਾ ਦੇਣ ਦੀ ਕੋਈ ਗੱਲ ਨਹੀਂ ਕੀਤੀ ਪਰ ਭਾਰਤ ਸਰਕਾਰ ਨੇ ਸੁਰੱਖਿਆ ਦੀ ਆੜ ਵਿਚ ਸਿੱਖਾਂ ਨੂੰ ਗੁ. ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਧਾਮਾਂ ਦੇ ਦਰਸ਼ਨਾਂ ਤੋਂ ਵਾਂਝੇ ਰੱਖ ਕੇ ਖਾਲਸਾ ਰਾਜ ਸਥਾਪਤ ਕਰਨ ਦੀ ਨੀਂਹ ਨੂੰ ਹੋਰ ਮਜ਼ਬੂਤ ਕੀਤਾ ਹੈ।
Read More : ਖੇਡ ਰਾਜ ਮੰਤਰੀ ਖੜਸੇ ਤੇ ਪ੍ਰਨੀਤ ਕੌਰ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ