ਭਾਜਪਾ ਨੇਤਾਵਾਂ ਨੇ ਸ੍ਰੀ ਹਰਿਮੰਦਰ ਸਾਹਿਬ ਤੇ ਦੁਰਗਿਆਣਾ ਮੰਦਰ ਦੇ ਕੀਤੇ ਦਰਸ਼ਨ
ਅੰਮ੍ਰਿਤਸਰ, 19 ਜੁਲਾਈ :-ਪੰਜਾਬ ਭਾਜਪਾ ਦੇ ਨਵ-ਨਿਯੁਕਤ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਗੁਰੂ ਨਗਰੀ ਪਹੁੰਚੇ। ਉਨ੍ਹਾਂ ਦੇ ਸਵਾਗਤ ਲਈ ਭਾਜਪਾ ਆਗੂਆਂ ਅਤੇ ਵਰਕਰਾਂ ’ਚ ਕਾਫ਼ੀ ਉਤਸ਼ਾਹ ਸੀ। ਇਸ ਦੌਰਾਨ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ, ਸਾਬਕਾ ਸੰਸਦ ਮੈਂਬਰ ਸ਼ਵੇਤ ਮਲਿਕ ਵੀ ਅਸ਼ਵਨੀ ਸ਼ਰਮਾ ਦੇ ਨਾਲ ਸਨ। ਨਵੇਂ ਨਿਯੁਕਤ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸ੍ਰੀ ਹਰਿਮੰਦਰ ਸਾਹਿਬ, ਦੁਰਗਿਆਣਾ ਮੰਦਰ ਅਤੇ ਰਾਮ ਤੀਰਥ ਮੰਦਰ ’ਚ ਮੱਥਾ ਟੇਕਿਆ ਅਤੇ ਦੇਸ਼ ਤੇ ਪੰਜਾਬ ਦੀ ਭਲਾਈ ਲਈ ਅਰਦਾਸ ਕੀਤੀ।
ਇਸ ਤੋਂ ਬਾਅਦ ਤਰੁਣ ਚੁੱਘ ਨੇ ਅਸ਼ਵਨੀ ਸ਼ਰਮਾ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਭਾਜਪਾ ਸਿਰਫ਼ ਸ਼ਹਿਰੀ ਖੇਤਰਾਂ ਤੱਕ ਸੀਮਤ ਨਹੀਂ ਰਹੇਗੀ, ਸਗੋਂ ਦਿਹਾਤੀ ਖੇਤਰਾਂ ’ਚ ਵੀ ਆਪਣੀ ਮਜ਼ਬੂਤ ਪਕੜ ਬਣਾਏਗੀ। ਚੁੱਘ ਨੇ ਪੰਜਾਬ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਲੈਂਡ ਪੂਲਿੰਗ ਪਾਲਿਸੀ ਨੂੰ ਪੋਂਜ਼ੀ ਸਕੀਮ ਦੱਸਿਆ ਅਤੇ ਕਿਹਾ ਕਿ ਇਹ ਲੈਂਡ ਪੂਲਿੰਗ ਨਹੀਂ, ਸਗੋਂ ਲੁੱਟ-ਖਸੁੱਟ ਹੈ। ਭਾਜਪਾ ਇਸ ਕਿਸਾਨ ਵਿਰੋਧੀ ਨੀਤੀ ਖਿਲਾਫ ਆਰ-ਪਾਰ ਦੀ ਲੜਾਈ ਲੜੇਗੀ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਜਪਾ ਇਕ ਸੰਗਠਨਾਤਮਕ ਪਾਰਟੀ ਹੈ ਅਤੇ ਇਸ ਦੇ ਵਰਕਰ ਹੀ ਇਸ ਦੀ ਰੀੜ੍ਹ ਦੀ ਹੱਡੀ ਹਨ ਅਤੇ ਵਰਕਰਾਂ ਦੀ ਮਿਹਨਤ ਸਦਕਾ ਭਾਜਪਾ ਨੇ ਦੇਸ਼ ਦੇ ਕਰੀਬ 22 ਸੂਬਿਆਂ ’ਚ ਸਰਕਾਰਾਂ ਬਣਾਈਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੇ ਹਿੱਤ ’ਚ ਲਏ ਗਏ ਠੋਸ ਫੈਸਲਿਆਂ ਨੂੰ ਧਿਆਨ ’ਚ ਰੱਖਦੇ ਹੋਏ ਦੇਸ਼ ਦੇ ਲੋਕਾਂ ਨੇ ਤੀਜੀ ਵਾਰ ਦੇਸ਼ ਦੀ ਕਮਾਨ ਭਾਜਪਾ ਦੀ ਐੱਨ. ਡੀ. ਏ. ਸਰਕਾਰ ਨੂੰ ਸੌਂਪ ਦਿੱਤੀ ਹੈ ਅਤੇ ਹੁਣ ਪੰਜਾਬ ਦੇ ਲੋਕ ਵੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਕੁਸ਼ਾਸਨ ਨੂੰ ਸਮਝ ਚੁੱਕੇ ਹਨ ਅਤੇ ਪੰਜਾਬ ’ਚ ਵੀ ਬਦਲਾਅ ਚਾਹੁੰਦੇ ਹਨ।
ਇਸ ਮੌਕੇ ਜਥੇਬੰਦੀ ਦੇ ਜਨਰਲ ਸਕੱਤਰ ਸ਼੍ਰੀਨਿਵਾਸਲੂ, ਸੂਬਾ ਜਨਰਲ ਸਕੱਤਰ ਰਾਕੇਸ਼ ਰਾਠੌਰ, ਡਾ. ਜਗਮੋਹਨ ਸਿੰਘ ਰਾਜੂ (ਸਾਬਕਾ ਆਈ. ਏ. ਐੱਸ.), ਦਿਆਲ ਸਿੰਘ ਸੋਢੀ, ਪਰਮਿੰਦਰ ਸਿੰਘ ਬਰਾੜ, ਭਾਜਪਾ ਅੰਮ੍ਰਿਤਸਰ ਦੇ ਇੰਚਾਰਜ ਕੇ. ਡੀ. ਭੰਡਾਰੀ, ਸੋਮ ਪ੍ਰਕਾਸ਼, ਸੁਭਾਸ਼ ਸ਼ਰਮਾ, ਮਨਪ੍ਰੀਤ ਸਿੰਘ ਬਾਦਲ, ਕੇਵਲ ਸਿੰਘ ਢਿੱਲੋਂ, ਸੂਬਾ ਸਕੱਤਰ ਸੂਰਜ ਭਾਰਦਵਾਜ, ਮਨੋਰੰਜਨ ਕਾਲੀਆ, ਅਰਵਿੰਦ ਖੰਨਾ ਆਦਿ ਹਾਜ਼ਰ ਸਨ।
Read More : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਈ ਭਾਜਪਾ ਦੀ ਲੀਡਰਸ਼ਿਪ
