ਚੰਡੀਗੜ੍ਹ, 24 ਅਕਤੂਬਰ : ਭਾਜਪਾ ਦੀ ਅਗਵਾਈ ਵਾਲੀ ਦਿੱਲੀ ਸਰਕਾਰ ਦੇ ਇਕ ਕੈਬਨਿਟ ਮੰਤਰੀ ਵੱਲੋਂ ਪਰਾਲੀ ਸਾੜਨ ਬਾਰੇ ਲਗਾਏ ਗਏ ਬੇਬੁਨਿਆਦ ਅਤੇ ਗੁਮਰਾਹਕੰੁਨ ਦੋਸ਼ਾਂ ਨੂੰ ਸਿਰੇ ਤੋਂ ਖਾਰਿਜ ਕਰਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਇਸ ਬਿਆਨ ਨੂੰ ਨਿਰੀ ਦੂਸ਼ਣਬਾਜ਼ੀ ਕਰਾਰ ਦਿੰਦਿਆਂ ਇਸ ਨੂੰ ਪੰਜਾਬ ਅਤੇ ਇਸਦੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਝੀ ਸਾਜ਼ਿਸ਼ ਕਰਾਰ ਦਿੱਤਾ ਹੈ।
ਅੱਜ ਸ਼ਾਮ ਨੂੰ ਇੱਥੇ ਪੰਜਾਬ ਭਵਨ ਵਿਖੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਮਨ ਅਰੋੜਾ ਨੇ ਦਿੱਲੀ ਦੇ ਕੈਬਨਿਟ ਮੰਤਰੀ ਮਨਜਿੰਦਰ ਸਿੰਘ ਸਿਰਸਾ ਦੀ ਹਾਲੀਆ ਪ੍ਰੈੱਸ ਕਾਨਫਰੰਸ ਵਿਚ ਪੰਜਾਬ ਨੂੰ ਨਿਸ਼ਾਨਾ ਬਣਾਉਣ ਦੇ ਸ਼ਰਮਨਾਕ ਅਤੇ ਨਿਰਾਧਾਰ ਬਿਆਨ ਦੀ ਸਖ਼ਤ ਨਿੰਦਾ ਕੀਤੀ , ਜੋ ਕਿ ਉਨ੍ਹਾਂ ਦੇ ਨੀਵੇਂ ਮਾਨਸਿਕ ਪੱਧਰ ਅਤੇ ਸੌੜੀ ਸੋਚ ਨੂੰ ਦਰਸਾਉਂਦਾ ਹੈ ।
ਅਰੋੜਾ ਨੇ ਕਿਹਾ ਕਿ ‘ਭਾਜਪਾ ਦੀ ਅਗਵਾਈ ਵਾਲੀਆਂ ਸਰਕਾਰਾਂ ਪੰਜਾਬ, ਪੰਜਾਬੀਆਂ ਅਤੇ ਸਾਡੇ ਕਿਸਾਨਾਂ ਨੂੰ ਬਦਨਾਮ ਕਰਨ ’ਤੇ ਤੁਲੀਆਂ ਹੋਈਆਂ ਹਨ। ਸਿਰਸਾ ਦੇ ਹਾਲੀਆ ਦੋਸ਼, ਜਿਨ੍ਹਾਂ ਨੇ ਸਿੱਧੇ ਤੌਰ ’ਤੇ ਬੜੀ ਬੇਸ਼ਰਮੀ ਨਾਲ ਦਿੱਲੀ ਦੇ ਪ੍ਰਦੂਸ਼ਣ ਲਈ ਪੰਜਾਬ ਨੂੰ ਜਿ਼ੰਮੇਵਾਰ ਠਹਿਰਾਇਆ ਅਤੇ ਇੱਥੋਂ ਤੱਕ ਕਿ ਇਸ ਨੂੰ ਪੰਜਾਬ ਸਰਕਾਰ ਦੀ ਇਕ ਸਾਜਿ਼ਸ਼ ਵੀ ਦੱਸਿਆ ਹੈ, ਨਾ ਸਿਰਫ ਝੂਠੇ ਹਨ, ਸਗੋਂ ਪੰਜਾਬ ਅਤੇ ਇਸ ਦੇ ਲੋਕਾਂ ਵਿਰੁੱਧ ਕੀਤੀ ਨਫ਼ਰਤ ਫੈਲਾਉਣ ਦੀ ਇਕ ਗਿਣੀ ਮਿਥੀ ਸਾਜਿਸ਼ ਹਨ।’
ਭਾਰਤ ਸਰਕਾਰ ਦੀਆਂ ਸੰਸਥਾਵਾਂ- ਸੈਟੇਲਾਈਟ ਰਿਮੋਟ ਸੈਂਸਿੰਗ ਡੇਟਾ ਅਤੇ ਭਾਰਤੀ ਖੇਤੀਬਾੜੀ ਖੋਜ ਸੰਸਥਾਨ ਦੇ ਅੰਕੜਿਆਂ ਦੇ ਹਵਾਲੇ ਨਾਲ ਅਮਨ ਅਰੋੜਾ ਨੇ ਦੱਸਿਆ ਕਿ 21 ਅਕਤੂਬਰ ਨੂੰ ਪੰਜਾਬ ਵਿਚ ਪਿਛਲੇ ਚਾਰ ਸਾਲਾਂ ਦੇ ਮੁਕਾਬਲੇ ਪਰਾਲੀ ਸਾੜਨ ਦੀਆਂ ਘਟਨਾਵਾਂ ਵਿਚ ਮਹੱਤਵਪੂਰਨ ਕਮੀ ਦਰਜ ਕੀਤੀ ਗਈ ਹੈ।
ਭਾਰਤ ਸਰਕਾਰ ਦੇ ਆਪਣੇ ਅੰਕੜੇ ਦਰਸਾਉਂਦੇ ਹਨ ਕਿ 21 ਅਕਤੂਬਰ, 2021 ਨੂੰ ਦਰਜ ਕੀਤੇ ਗਏ 597 ਪਰਾਲੀ ਸਾੜਨ ਦੇ ਮਾਮਲੇ ਘੱਟ ਕੇ ਸਾਲ 2025 ਵਿਚ ਇਸ ਦਿਨ ਮਹਿਜ਼ 62 ਰਹਿ ਗਏ ਹਨ।
ਇਹ 10 ਗੁਣਾ ਕਮੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਸਾਂਝੇ ਯਤਨਾਂ ਅਤੇ ਪੰਜਾਬ ਦੇ ਕਿਸਾਨਾਂ ਦੇ ਅਥਾਹ ਸਹਿਯੋਗ ਕਾਰਨ ਪ੍ਰਾਪਤ ਕੀਤੀ ਗਈ ਇਕ ਵੱਡੀ ਸਫਲਤਾ ਹੈ। ਇਹ ਅੰਕੜੇ ਭਾਜਪਾ ਮੰਤਰੀ ਸਿਰਸਾ ਦੇ ਝੂਠ ਨੂੰ ਬਿਲਕੁਲ ਨਕਾਰ ਰਹੇ ਹਨ।
Read More : ਸੰਜੀਵ ਅਰੋੜਾ ਦੇ ਯਤਨਾਂ ਸਦਕਾ ਰੋਮਾਨੀਆ ਤੋਂ ਭਾਰਤ ਪੁੱਜੀ ਕੁਲਦੀਪ ਦੀ ਮ੍ਰਿਤਕਦੇਹ
