2 ਸਾਲਾਂ ’ਚ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਵੇਗਾ : ਅਮਿਤ ਸ਼ਾਹ
ਪੰਜਾਬ ਵਿਚ ਇਕੱਲਿਆ ਚੋਣ ਲੜ੍ਹਨ ਦੇ ਦਿੱਤੇ ਸੰਕੇਤ
ਮੋਗਾ, 14 ਮਾਰਚ : ਭਾਰਤੀ ਜਨਤਾ ਪਾਰਟੀ ਨੇ ਪੰਜਾਬ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਦੀ ਤਿਆਰੀ ਕਰਦਿਆਂ ਅੱਜ ਮੋਗਾ ਦੇ ਪਿੰਡ ਕਿਲੀ ਚਹਿਲਾਂ ਵਿਖੇ ਇੱਕ ਵੱਡੀ ਰੈਲੀ ਕੀਤੀ। ਰੈਲੀ ਵਿੱਚ ਪਹੁੰਚੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਜੇਕਰ ਭਾਜਪਾ ਨੂੰ ਮੌਕਾ ਮਿਲਦਾ ਹੈ, ਤਾਂ ਸਿਰਫ਼ 2 ਸਾਲਾਂ ਦੇ ਅੰਦਰ ਪੰਜਾਬ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਕਰ ਦਿੱਤਾ ਜਾਵੇਗਾ ਅਤੇ ਗੈਂਗਸਟਰ ਕਲਚਰ ਖ਼ਤਮ ਹੋਵੇਗਾ।
ਅਮਿਤ ਸ਼ਾਹ ਨੇ ਪੰਜਾਬ ਵਿੱਚ ਇਕੱਲਿਆਂ ਚੋਣ ਲੜਨ ਦੇ ਸੰਕੇਤ ਦਿੰਦਿਆਂ ਕਿਹਾ ਕਿ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ 19 ਫ਼ੀਸਦੀ ਵੋਟਾਂ ਮਿਲੀਆਂ ਹਨ, ਜੋ ਇਸ ਗੱਲ ਦਾ ਸਬੂਤ ਹੈ ਕਿ ਲੋਕ ਹੁਣ ਬਦਲਾਅ ਚਾਹੁੰਦੇ ਹਨ। ਉਨ੍ਹਾਂ ਮੌਜੂਦਾ ਪੰਜਾਬ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਸੂਬੇ ਵਿੱਚ ਅਮਨ-ਕਾਨੂੰਨ ਦੀ ਹਾਲਤ ਬਹੁਤ ਮਾੜੀ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਸਿਰਫ਼ ਦਿੱਲੀ ਦੀ ਲੀਡਰਸ਼ਿਪ ਦੇ ਕਹਿਣੇ ‘ਤੇ ਕੰਮ ਕਰ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ‘ਆਪ’ ਸਰਕਾਰ ਨੇ ਨੌਕਰੀਆਂ ਅਤੇ ਨਸ਼ਾ ਬੰਦ ਕਰਨ ਵਰਗਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ।
ਕਿਸਾਨੀ ਮੁੱਦਿਆਂ ‘ਤੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਫ਼ਸਲਾਂ ਦੀ ਖ਼ਰੀਦ ਲਈ ਰਕਮ ਕਈ ਗੁਣਾ ਵਧਾ ਦਿੱਤੀ ਹੈ ਅਤੇ ਕਿਸਾਨਾਂ ਨੂੰ ਸਿੱਧੀ ਆਰਥਿਕ ਮਦਦ ਦਿੱਤੀ ਜਾ ਰਹੀ ਹੈ। ਉਨ੍ਹਾਂ ਸਿੱਖ ਕੌਮ ਪ੍ਰਤੀ ਸਤਿਕਾਰ ਪ੍ਰਗਟ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੇ ਗੁਰੂ ਸਾਹਿਬਾਨ ਦੇ ਦਿਹਾੜੇ ਕੌਮੀ ਪੱਧਰ ‘ਤੇ ਮਨਾਏ, ਕਰਤਾਰਪੁਰ ਲਾਂਘਾ ਖੁੱਲ੍ਹਵਾਇਆ ਅਤੇ 1984 ਦੇ ਦੰਗਿਆਂ ਦੇ ਪੀੜਤਾਂ ਨੂੰ ਇਨਸਾਫ਼ ਦਿਵਾਇਆ। ਇਸ ਮੌਕੇ ਸੁਨੀਲ ਜਾਖੜ, ਅਸ਼ਵਨੀ ਸ਼ਰਮਾ, ਰਵਨੀਤ ਸਿੰਘ ਬਿੱਟੂ ਅਤੇ ਹੋਰ ਕਈ ਸੀਨੀਅਰ ਆਗੂ ਹਾਜ਼ਰ ਸਨ।
ਅਮਿਤ ਸ਼ਾਹ ਜੀ ਪੰਜਾਬ ਨੂੰ ਬਚਾ ਲਓ : ਸੁਨੀਲ ਜਾਖੜ
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਵਿਚ ਅਮਨ-ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ, ਥਾਣਿਆਂ ’ਤੇ ਗ੍ਰਨੇਡ ਸੁੱਟੇ ਜਾ ਰਹੇ ਹਨ ਅਤੇ ਪੰਜਾਬ ਨੂੰ ਫਿਰ ਤੋਂ ਕਾਲੇ ਦੌਰ ਵੱਲ ਧੱਕਿਆ ਜਾ ਰਿਹਾ ਹੈ। ਉਨ੍ਹਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਮੁਖਾਤਿਬ ਹੁੰਦਿਆਂ ਕਿਹਾ ਕਿ ਸਾਹਿਬ ਪੰਜਾਬ ਨੂੰ ਬਚਾ ਲਓ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕੋਈ ਵਿਰੋਧੀ ਧਿਰ ਵੀ ਨਹੀਂ ਕਿਉਂਕਿ ਕਾਂਗਰਸ ’ਤੇ ਤਾਂ ਕਾਂਗਰਸ ਲੀਡਰਸ਼ਿਪ ਵੀ ਭਰੋਸਾ ਨਹੀਂ ਕਰਦੀ। ਪੰਜਾਬ ਦੇ ਸਮੁੱਚੇ ਲੋਕ ਤੁਹਾਡੇ ਵੱਲ ਦੇਖ ਰਹੇ ਹਨ।
ਪੰਜਾਬ ਨੂੰ ਮਾੜੇ ਹਾਲਾਤ ’ਚੋਂ ਭਾਜਪਾ ਹੀ ਕੱਢ ਸਕਦੀ ਹੈ : ਅਸ਼ਵਨੀ ਸ਼ਰਮਾ
ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਨੂੰ ਹੁਣ ਮਾੜੇ ਹਾਲਾਤ ਵਿਚੋਂ ਭਾਜਪਾ ਹੀ ਕੱਢ ਸਕਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਗੁੰਡਾ ਅਨਸਰਾਂ ਅਤੇ ਗੈਂਗਸਟਰਾਂ ਦਾ ਰਾਜ ਹੈ ਅਤੇ ਇੱਥੇ ਰੋਜ਼ਾਨਾ ਕਤਲ ਅਤੇ ਫਿਰੌਤੀਆਂ ਲਈਆਂ ਜਾ ਰਹੀਆਂ ਹਨ।
ਪੁਲਸ ਦੀਆਂ ਰੋਕਾਂ ਦੇ ਬਾਵਜੂਦ ਠਾਠਾਂ ਮਾਰਦੇ ਇਕੱਠ ਨੇ ਭਾਜਪਾ ਦੀ ਹਰਮਨਪਿਅਾਰਤਾ ’ਤੇ ਲਗਾਈ ਮੋਹਰ : ਤਰੁਣ ਚੁੱਘ
ਪੰਜਾਬ ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁੱਘ ਨੇ ਸਟੇਜ ਤੋਂ ਆਮ ਆਦਮੀ ਪਾਰਟੀ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਪੰਜਾਬ ਵਿਚ ਭਾਜਪਾ ਵਰਕਰਾਂ ਦੀਆਂ 1500 ਤੋਂ ਵੱਧ ਬੱਸਾਂ ਰੋਕੀਆਂ ਗਈਆਂ ਹਨ ਪਰ ਫਿਰ ਵੀ ਠਾਠਾਂ ਮਾਰਦੇ ਇਕੱਠ ਨੇ ਭਾਜਪਾ ਦੀ ਪੰਜਾਬ ਵਿਚ ਹਰਮਨਪਿਅਾਰਤਾ ’ਤੇ ਮੋਹਰ ਲਗਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਹੁਣ ‘ਆਪ’ ਸਰਕਾਰ ਦੀਆਂ ਮਨਮਾਨੀਆਂ ਨਹੀਂ ਚੱਲਣਗੀਆਂ।
2022 ’ਚ ਭਗਵੰਤ ਮਾਨ ਦਾ ਤਾੜੀਆਂ ਨਾਲ ਸਵਾਗਤ ਕਰਨ ਵਾਲੇ ਮੁਲਾਜ਼ਮ ਅੱਜ ਮੱਥੇ ’ਤੇ ਹੱਥ ਮਾਰ ਰਹੇ ਹਨ : ਮੰਨੋਰੰਜਨ ਕਾਲੀਆ
ਪੰਜਾਬ ਦੇ ਸਾਬਕਾ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਮੰਨੋਰੰਜਨ ਕਾਲੀਆਂ ਨੇ ਕਿਹਾ ਕਿ 16 ਮਾਰਚ 2022 ਨੂੰ ਜਦੋਂ ਭਗਵੰਤ ਸਿੰਘ ਮਾਨ ਨੇ ਮੁੱਖ ਮੰਤਰੀ ਦੀ ਸਹੁੰ ਚੁੱਕੀ ਸੀ ਤਾਂ ਉਸ ਵੇਲੇ ਉਨ੍ਹਾਂ ਦਾ ਤਾੜੀਆਂ ਮਾਰ ਕੇ ਸਵਾਗਤ ਕਰਨ ਵਾਲੇ ਪੰਜਾਬ ਦੇ ਮੁਲਾਜ਼ਮ ਅੱਜ ਆਪਣੇ ਮੱਥੇ ’ਤੇ ਹੱਥ ਮਾਰ ਕੇ ਪਛਤਾ ਰਹੇ ਹਨ, ਕਿਉਂਕਿ ਅੱਜ ਤੱਕ ਕਿਸੇ ਮੁਲਾਜ਼ਮ ਨੂੰ ਡੀ.ਏ. ਦੀ ਕਿਸਤ ਨਹੀਂ ਮਿਲੀ, ਸਗੋਂ ਪੰਜਾਬ ਸਿਰ ਕਰਜ਼ੇ ਦੀ ਪੰਡ ਭਾਰੀ ਹੋ ਗਈ ਹੈ।
Read More : ਮੋਹਾਲੀ ਬਣੇਗਾ ਪੰਜਾਬ ਦੀ ‘ਸਿਲੀਕਾਨ ਵੈਲੀ’: ਕੈਬਨਿਟ ਮੰਤਰੀ ਸੰਜੀਵ ਅਰੋੜਾ
