ਪਿੰਡ ‘ਚ ਪ੍ਰੇਮ ਵਿਆਹ ਕਰਵਾਉਣ ਵਾਲਿਆਂ ਦਾ ਹੋਵੇਗਾ ਬਾਈਕਾਟ
ਅਜਨਾਲਾ, 8 ਫਰਵਰੀ : ਅੰਮ੍ਰਿਤਸਰ ਜ਼ਿਲ੍ਹੇ ਦੇ ਅਧੀਨ ਆਉਂਦੇ ਕਸਬਾ ਅਜਨਾਲਾ ਦੇ ਪਿੰਡ ਧਾਰੀਵਾਲ ਕਲੇਰ ਦੀ ਪੰਚਾਇਤ ਵੱਲੋਂ ਇੱਕ ਬੇਹੱਦ ਸਖ਼ਤ ਅਤੇ ਅਹਿਮ ਮਤਾ ਪਾਸ ਕੀਤਾ ਗਿਆ ਹੈ। ਪੰਚਾਇਤ ਨੇ ਸਰਬਸੰਮਤੀ ਨਾਲ ਫੈਸਲਾ ਲਿਆ ਹੈ ਕਿ ਜੇਕਰ ਕੋਈ ਪਿੰਡ ਦਾ ਨੌਜਵਾਨ ਪਿੰਡ ਦੀ ਹੀ ਕਿਸੇ ਲੜਕੀ ਨਾਲ ਵਿਆਹ ਕਰਵਾਉਂਦਾ ਹੈ, ਤਾਂ ਉਸ ਪਰਿਵਾਰ ਦਾ ਮੁਕੰਮਲ ਸਮਾਜਿਕ ਬਾਈਕਾਟ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਪਿੰਡ ਵਿੱਚੋਂ ਬਾਹਰ ਕੱਢ ਦਿੱਤਾ ਜਾਵੇਗਾ।
ਪਿੰਡ ਦੀ ਗ੍ਰਾਮ ਪੰਚਾਇਤ ਨੇ ਇਕੱਠ ਕਰਕੇ ਇਸ ਫੈਸਲੇ ਬਾਰੇ ਸਾਰੇ ਪਿੰਡ ਵਾਸੀਆਂ ਨੂੰ ਜਾਣੂ ਕਰਵਾਇਆ। ਪਿੰਡ ਦੇ ਸਰਪੰਚ ਅਤੇ ਹੋਰ ਮੋਹਤਬਰਾਂ ਨੇ ਗੱਲਬਾਤ ਕਰਦਿਆਂ ਸਪੱਸ਼ਟ ਕੀਤਾ ਕਿ ਇਹ ਕਦਮ ਪਿੰਡ ਦੀ ਮਰਯਾਦਾ ਅਤੇ ਭਾਈਚਾਰਕ ਸਾਂਝ ਨੂੰ ਬਚਾਉਣ ਲਈ ਚੁੱਕਿਆ ਗਿਆ ਹੈ। ਮਤੇ ਅਨੁਸਾਰ, ਅਜਿਹਾ ਕਰਨ ਵਾਲਿਆਂ ਨਾਲ ਮੇਲ-ਜੋਲ ਰੱਖਣ ਵਾਲੇ ਲੋਕਾਂ ਨੂੰ ਵੀ ਸਮਾਜਿਕ ਬਾਈਕਾਟ ਦਾ ਸਾਹਮਣਾ ਕਰਨਾ ਪਵੇਗਾ।
ਪੰਚਾਇਤ ਮੈਂਬਰਾਂ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਦੌਰਾਨ ਪਿੰਡ ਵਿੱਚ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ, ਜਿੱਥੇ ਨੌਜਵਾਨਾਂ ਨੇ ਪਿੰਡ ਵਿੱਚ ਹੀ ਵਿਆਹ ਕਰਵਾ ਲਏ। ਉਨ੍ਹਾਂ ਮੁਤਾਬਕ, ਇੱਕੋ ਪਿੰਡ ਵਿੱਚ ਅਜਿਹੇ ਰਿਸ਼ਤੇ ਸਮਾਜ ਨੂੰ ਗਲਤ ਸੇਧ ਦਿੰਦੇ ਹਨ ਅਤੇ ਪਿੰਡ ਦੇ ਮਾਹੌਲ ਨੂੰ ਖ਼ਰਾਬ ਕਰਦੇ ਹਨ।
ਪੰਚਾਇਤ ਨੇ ਚੇਤਾਵਨੀ ਦਿੱਤੀ ਹੈ ਕਿ ਭਵਿੱਖ ਵਿੱਚ ਜੇਕਰ ਕੋਈ ਵੀ ਅਜਿਹਾ ਮਾਮਲਾ ਸਾਹਮਣੇ ਆਉਂਦਾ ਹੈ, ਤਾਂ ਸਬੰਧਤ ਵਿਅਕਤੀਆਂ ਨੂੰ ਪਿੰਡ ਛੱਡਣਾ ਪਵੇਗਾ। ਇਹ ਮਤਾ ਪੂਰੇ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਕਿਉਂਕਿ ਅਜੋਕੇ ਸਮੇਂ ਵਿੱਚ ਅਜਿਹੇ ਸਖ਼ਤ ਸਮਾਜਿਕ ਫੈਸਲੇ ਘੱਟ ਹੀ ਦੇਖਣ ਨੂੰ ਮਿਲਦੇ ਹਨ।
Read More : ਤਿੰਨ ਮੰਜ਼ਿਲਾ ਇਮਾਰਤ ਡਿੱਗੀ ; ਕੋਚਿੰਗ ਵਿਦਿਆਰਥੀ ਸਮੇਤ 2 ਦੀ ਮੌਤ
